ਅਕਾਲੀ ਦਲ ਤੇ ਭਾਜਪਾ ਦੇ ਸੀਨੀਅਰ ਆਗੂ ਵਿਵਾਦ ਟਾਲਣ ਲਈ ‘ਟਿੱਪਣੀ ਨਹੀਂ’ ਬਿਆਨ ਤੱਕ ਸੀਮਤ
ਸ਼ਬਦੀਸ਼
ਚੰਡੀਗੜ੍ਹ – ਜਦੋਂ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਹਰਿਆਣਾ ’ਚ ਪ੍ਰਚਾਰ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪਰਿਵਾਰ ’ਤੇ ਕੀਤੇ ਸਿਆਸੀ ਹਮਲੇ ਕਰ ਰਹੇ ਸਨ, ਇਸਨੂੰ ਪੰਜਾਬ ਦੀ ਰਾਜਨੀਤੀ ਵਿੱਚ ਗੰਭੀਰਤਾ ਨਾਲ ਸੁਣਿਆ-ਸਮਝਿਆ ਜਾ ਰਿਹਾ ਸੀ। ਹਰਿਆਣਾ ਵਿਧਾਨ ਸਭਾ ’ਚ ਅਕਾਲੀ ਦਲ ਸਿਰਫ਼ ਦੋ ਸੀਟਾਂ ਲੈ ਕੇ ਓਮ ਪ੍ਰਕਾਸ਼ ਚੌਟਾਲਾ ਦੇ ਇਨੈਲੋ ਲਈ ਰਾਜ ਭਰ ਅੰਦਰ ਚੋਣ ਪ੍ਰਚਾਰ ਕਰ ਰਿਹਾ ਹੈ। ਇਹ ਕੋਈ ਨਵਾਂ ਵਰਤਾਰਾ ਨਹੀਂ ਹੈ ਕਿ ਅਕਾਲੀ ਦਲ ਪੰਜਾਬ ’ਚ ਭਾਜਪਾ ਤੇ ਹਰਿਆਣਾ ਵਿੱਚ ਚੌਧਰੀ ਦੇਵੀ ਲਾਲ ਪਰਿਵਾਰ ਨਾਲ ਸਿਆਸੀ ਗਠਜੋੜ ਕਰਦਾ ਆ ਰਿਹਾ ਹੈ, ਤਾਂ ਵੀ ਅਕਾਲੀ-ਭਾਜਪਾ ਗਠਜੋੜ ਵਿਚਾਲੇ ਕੁੜੱਤਣ ਵਧਦੀ ਜਾ ਰਹੀ ਹੈ। ਦਰਅਸਲ, ਨਰਿੰਦਰ ਮੋਦੀ ਦੀ ਮੁਕੰਮਲ ਬਹੁ-ਗਿਣਤੀ ਵਾਲੀ ਕੇਂਦਰ ਸਰਕਾਰ ਬਣਨ ਕਾਰਨ ਹਾਲਾਤ ਬਦਲ ਗਏ ਹਨ ਅਤੇ ਪੰਜਾਬ ਭਾਜਪਾ ਪਹਿਲਾਂ ਵਾਂਗ ਥੱਲੇ ਲੱਗ ਕੇ ਤੁਰਨਾ ਸਵੀਕਾਰ ਨਹੀਂ ਕਰ ਰਹੀ। ਭਾਜਪਾ ਆਗੂ ਫਿਲਹਾਲ ਤਾਂ ‘ਬਦਲੇ ਹੋਏ ਸਿਆਸੀ ਹਾਲਾਤ’ ਦੀ ਸੁਰ ਵਿੱਚ ਗੱਲ ਕਰਦੇ ਹਨ, ਪਰ ਅੰਦਰਖਾਤੇ ਹਾਲਾਤ ਨਵੇਂ ਮੋੜ ਲੈਣ ਤੱਕ ਦੀ ਕਨਸੋਅ ਦੇ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਭਾਜਪਾ ਵਿਰੁਧ ਮੂੰਹ ਖੋਲ੍ਹਣ ਤੋਂ ਗੁਰੇਜ਼ ਕਰ ਰਹੇ ਹਨ ਅਤੇ ਭਾਜਪਾ ਅਸਿੱਧੇ ਤੌਰ ’ਤੇ ਮੋਰਚਾ ਖੋਲ੍ਹੀ ਬੈਠੀ ਹੈ। ਉਸਦਾ ਵੱਡਾ ਇਤਰਾਜ਼ ਦੋ ਸੀਟਾਂ ’ਤੇ ਸਮਝੌਤੇ ਪਿੱਛੋਂ ਰਾਜ ਭਰ ਦੇ ਸਿੱਖ ਵੋਟਰਾਂ ਦੀ ਪ੍ਰਭਾਵੀ ਭੂਮਿਕਾ ਵਾਲੇ ਹਲਕਿਆਂ ਤੱਕ ਜਾਣ ਦੀ ਹੈ, ਜਿਸ ਨਾਲ ਭਾਜਪਾ ਦਾ ਨੁਕਸਾਨ ਹੋ ਸਕਦਾ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨਵਜੋਤ ਸਿੱਧੀ ਦੇ ਬਿਆਨਾਂ ’ਤੇ ਟਿੱਪਣੀ ਕਰਨ ਤੋਂ ਇਨਕਾਰ ਕਿਨਾਰਾ ਕਰਨ ਦੀ ਕਸ਼ਿਸ਼ ਕੀਤੀ ਹੈ, ਜਦਕਿ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਵੀ ਅਕਾਲੀ ਦਲ ਵੱਲੋਂ ਇਨੈਲੋ ਨਾਲ ਜਾਣ ਨੂੰ ‘ਚੰਗਾ ਕਦਮ’ ਨਹੀਂ ਮੰਨਦੀ। ਭਾਜਪਾ ਦੇ ਸੀਨੀਅਰ ਆਗੂ ਸ਼ਾਂਤਾ ਕੁਮਾਰ, ਜੋ ਪੰਜਾਬ ਭਾਜਪਾ ਦੇ ਮਾਮਲਾਤ ਦੀ ਕਮੇਟੀ ਦੇ ਮੁਖੀ ਵੀ ਹਨ, ਬਹੁਤ ਹੱਦ ਤੱਕ ਸਪੱਸ਼ਟ ਹਨ ਕਿ ਐਨ ਡੀ ਏ ਦਾ ਹਿੱਸਾ ਹੋਣ ਕਾਰਨ ਸ਼੍ਰੋਮਣੀ ਅਕਾਲੀ ਦਲ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ’ਚ ਭਾਰਤੀ ਜਨਤਾ ਪਾਰਟੀ ਦਾ ਸਾਥ ਦੇਣਾ ਚਾਹੀਦਾ ਸੀ, ਪਰ ਕੁੜੱਤਣ ਦਾ ਸਿੱਧਾ ਇਜ਼ਹਾਰ ਕਰਨ ਤੋਂ ਬਚਾਅ ਵੀ ਕਰ ਰਹੇ ਹਨ, ਜਦੋਂ ਆਖਦੇ ਹਨ, ‘‘ਇਨੈਲੋ ਦੀ ਹਮਾਇਤ ਕਰਨੀ ਅਕਾਲੀ ਦਲ ਦੀ ਆਪਣੀ ਸੋਚ ਹੈ, ਜਿਸ ਬਾਰੇ ਮੈਂ ਬਹੁਤਾ ਕੁੱਝ ਨਹੀਂ ਕਹਿਣਾ ਚਾਹੁੰਦਾ।’’ ਇਹ ਉਵੇਂ ਹੀ ਹੈ, ਜਿਵੇਂ ਸ਼ਾਂਤਾ ਕੁਮਾਰ ਨੇ ਨਵਜੋਤ ਸਿੱਧੂ ਦੇ ਬਿਆਨਾਂ ਬਾਬਤ ‘ਜ਼ਿਆਦਾ ਵਿਸਥਾਰ ’ਚ ਜਾਣ’ ਤੋਂ ਗੁਰੇਜ਼ ਕੀਤਾ ਹੈ ਅਤੇ ਆਪਣੀ ਗੱਲ ਨੂੰ ‘ਗਠਜੋੜ ਪਾਰਟੀਆਂ ’ਚ ਮਤਭੇਦ ਹੋਣੇ ਆਮ ਵਰਤਾਰਾ’ ਤੱਕ ਸੀਮਤ ਰੱਖ ਲਿਆ ਹੈ।
ਉਧਰ ਨਵਜੋਤ ਸਿੱਧੂ ਆਪਣੇ ਬਿਆਨਾਂ ’ਤੇ ਖੜੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਇਨੈਲੋ ਦੀ ਹਮਾਇਤ ਕਰਨ ਬਾਅਦ ਵੀ ਪੰਜਾਬ ’ਚ ਗਠਜੋੜ ਸਰਕਾਰ ਕਾਇਮ ਹੈ, ਤਾਂ ਮੇਰੇ ਬੋਲਣ ਨਾਲ ਵੀ ਕੋਈ ਅਸਰ ਨਹੀਂ ਪਵੇਗਾ ਉਨ੍ਹਾਂ ਕਿਹਾ, “ਮੈਂ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਜਨਤਕ ਤੌਰ ’ਤੇ ਕੀਤਾ ਹੈ ਤੇ ਕਿਸੇ ਕਿਸਮ ਦਾ ਝੂਠ ਨਹੀਂ ਬੋਲਿਆ ਹੈ। ਕੀ ਪ੍ਰਕਾਸ਼ ਸਿੰਘ ਬਾਦਲ ਦਾ ਅਜਿਹੇ ਵਿਅਕਤੀ ਲਈ ਵੋਟਾਂ ਮੰਗਣ ਜਾਇਜ਼ ਹੈ, ਜੋ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਜੇਲ੍ਹ ਜਾ ਚੁੱਕਾ ਹੋਵੇ?”
ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਦਾ ਜਨਤਕ ਪ੍ਰਚਾਰ ਹੁਣ ਤਿੰਨ-ਚਾਰ ਦਿਨ ਹੋਰ ਚੱਲਣਾ ਹੈ ਤੇ ਭਾਜਪਾ ਨੇ ਸਾਬਕਾ ਸੰਸਦ ਮੈਂਬਰ ਨਵਜੋਤ ਸਿੱਧੂ ਅਜਿਹੇ ਹਲਕਿਆਂ ਵਿੱਚ ਜਾ ਰਹੇ ਹਨ, ਜਿੱਥੇ ਸਿੱਖਾਂ ਦੀ ਜ਼ਿਆਦਾ ਵਸੋਂ ਹੈ। ਇਹੀ ਹਲਕੇ ਹਨ, ਜਿੱਥੇ ਸ਼੍ਰੋਮਣੀ ਅਕਾਲੀ ਦਲ ਨੇ ਇਨੈਲੋ ਉਮੀਦਵਾਰਾਂ ਨੂੰ ਜਿਤਾਉਣ ਲਈ ਜ਼ੋਰ ਲਾ ਰਿਹਾ ਹੈ। ਇਹ ਹਾਰ-ਜਿੱਤ ਹਰਿਆਣਾ ਵਿਧਾਨ ਸਭਾ ਚੋਣਾਂ ਤੱਕ ਸੀਮਤ ਨਹੀਂ ਰਹੇਗੀ, ਸਗੋਂ ਪੰਜਾਬ ਨੂੰ ਵੀ ਅਸਰ-ਅੰਦਾਜ਼ ਕਰੇਗੀ-ਇਹ ਕਿਆਸ ਸਿਆਸੀ ਮਾਹਰ ਹੁਣੇ ਤੋਂ ਲਗਾ ਰਹੇ ਹਨ, ਹਾਲਾਂਕਿ ਭਾਜਪਾ ਪੱਛਮੀ ਬੰਗਾਲ ਦੀ ਸੀ ਪੀ ਆਈ (ਐਮ) ਦੀ ਤਰਜ਼ ’ਤੇ ਭਾਈਵਾਲ਼ ਬਚਾਈ ਰੱਖਣ ਦੀ ਨੀਤੀ ਅਖ਼ਤਿਆਰ ਕਰ ਰਹੀ ਹੈ। ਮਹਾਰਾਸ਼ਟਰ ਵਿੱਚ ਨਰਿੰਦਰ ਮੋਦੀ ਦਾ ਸ਼ਿਵ ਸੈਨਾ ਖਿਲਾਫ਼ ਤਿੱਖੀ ਟਿੱਪਣੀ ਕਰਨ ਤੋਂ ਬਚਾਅ ਕਰਨਾ ਨੀਤੀ ਦਾ ਹਿੱਸਾ ਹੀ ਮੰਨਿਆ ਜਾ ਰਿਹਾ ਹੈ, ਜਿਸ ਨਾਲ ਚੋਣ ਉਪਰੰਤ ਗਠਜੋੜ ਦੀ ਸੰਭਾਵਨਾ ਹਾਲੇ ਵੀ ਭੰਗ ਨਹੀਂ ਹੋਈ।
ਜਿੱਥੋਂ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਸਬੰਧ ਹੈ, ਉਹ ਹਰਿਆਣਾ ਪ੍ਰਚਾਰ ਦੌਰਾਨ ਆਈਆਂ ਸਖ਼ਤ ਟਿੱੲਪਣੀਆਂ ਨੂੰ ਨਵਜੋਤ ਸਿੱਧੂ ਦੇ ‘ਨਿੱਜੀ ਵਿਚਾਰ’ ਦੱਸ ਰਹੇ ਹਨ ਅਤੇ ਆਖਦੇ ਹਨ, ‘‘ਮੈਂ ਇਸ ਉਪਰ ਕਿਸੇ ਵੀ ਤਰ੍ਹਾਂ ਦੀ ਟਿੱਪਣੀ ਨਹੀਂ ਕਰਨਾ ਚਾਹੁੰਦਾ। ਸ਼੍ਰੋਮਣੀ ਅਕਾਲੀ ਦਲ ਅਤੇ ਇੰਡੀਅਨ ਨੈਸ਼ਨਲ ਲੋਕ ਦਲ ਦੀ ਸਿਆਸੀ ਸਾਂਝ ਤੋਂ ਭਾਜਪਾ ਹਾਈਕਮਾਨ ਬਹੁਤ ਪਹਿਲਾਂ ਤੋਂ ਜਾਣੂ ਹੈ। ਇਸ ਲਈ ਹਰਿਆਣਾ ਦੇ ਰਾਜਨੀਤਕ ਘਟਨਾਰਮ ਦਾ ਪੰਜਾਬ ਵਿੱਚ ਗਠਜੋੜ ਸਰਕਾਰ ’ਤੇ ਕੋਈ ਅਸਰ ਨਹੀਂ ਪੈ ਸਕਦਾ।”
ਪਾਰਟੀ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਅਤੇ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਵੀ ‘ਕੋਈ ਟਿੱਪਣੀ ਨਹੀਂ’ ਆਖ ਕੇ ਗੱਲ ਮੁਕਾ ਦਿੱਤੀ ਹੈ, ਹਾਲਾਂਕਿ ਨਵਜੋਤ ਸਿੱਧੂ ਦਾ ਪ੍ਰਚਾਰ ਦੌਰਾਨ ਅਕਾਲੀ ਦਲ ਦੇ ਸਿਆਸੀ ਗਠਜੋੜ ਤੱਕ ਸੀਮਤ ਨਹੀਂ ਹੈ। ਉਹ ਟਰਾਂਸਪੋਰਟ ਅਤੇ ਰੇਤਾ-ਬੱਜਰੀ ਸਮੇਤ ਕਈ ਖੇਤਰਾਂ ਵਿੱਚ ਕਬਜ਼ਾ ਕਰਨ ਦੇ ਦੋਸ਼ ਲਗਾ ਰਹੇ ਹਨ। ਇਹ ਮੰਨਿਆ ਜਾ ਰਿਹਾ ਹੈ ਕਿ ਭਾਜਪਾ ਨਵਜੋਤ ਸਿੱਧੂ ਰਾਹੀਂ ਅਕਾਲੀ ਦਲ ’ਤੇ ਹੱਲਾ ਬੋਲਣ ਦੀ ਨੀਤੀ ਮੁਤਾਬਕ ਚੱਲ ਰਹੀ ਹੈ। ਇਸਦੇ ਫਾਇਦੇ-ਨੁਕਸਾਨ ਦੀ ਗੱਲ ਚੋਣ ਨਤੀਜੇ ਤਹਿਤ ਵਿਚਾਰੇ ਜਾਣਗੇ, ਪਰ ਹਾਲ ਦੀ ਘੜੀ ਨਵਜੋਤ ਸਿੱਧੂ ਹਾਈਕਮਾਨ ਦੇ ਕੁਝ ਨੇਤਾਵਾਂ ਦਾ ਥਾਪੜਾ ਲੈ ਕੇ ਪ੍ਰਚਾਰ ਕਰ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਵੀ ਦੂਜੀ-ਤੀਜੀ ਕਤਾਰ ਦੇ ਨੇਤਾਵਾਂ ਰਾਹੀਂ ਜਵਾਬ ਦੇਣ ਦੀ ਨੀਤੀ ’ਤੇ ਚੱਲ ਰਿਹਾ ਹੈ।
ਸਸਤੀ ਸਿਆਸਤ ਦਾ ਸਹਾਰਾ ਨਾ ਲੈਣ ਸਿੱਧੂ : ਗਰੇਵਾਲ
ਸ਼੍ਰੋਮਣੀ ਅਕਾਲੀ ਦਲ ਵੱਲੋਂ ਜਨਰਲ ਸਕੱਤਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਭਾਜਪਾ ਆਗੂ ਨਵਜੋਤ ਸਿੰਘ ਸਿੱਧੂ ਨੂੰ ਸਿਆਸੀ ਮਰਿਯਾਦਾ ਬਣਾਈ ਰੱਖਣ ਦੀ ਨਸੀਹਤ ਦਿੱਤੀ ਹੈ ਅਤੇ ਆਖਿਆ ਹੈ ਕਿ ਉਹ ਸਸਤੀ ਸ਼ੋਹਰਤ ਖੱਟਣ ਲਈ ਪਤੇਲੀ ਰਾਜਨੀਤੀ ਦਾ ਸਹਾਰਾ ਨਾ ਲੈਣ। ਉਨ੍ਹਾਂ ਤਾਂ ਇਹ ਵੀ ਆਖ ਦਿੱਤਾ ਹੈ ਕਿ ਸਾਬਕਾ ਸੰਸਦ ਮੈਂਬਰ ਆਪਣੀ ਪਾਰਟੀ ਪ੍ਰਤੀ ਹੀ ਇਮਾਨਦਾਰ ਨਹੀਂ ਹੈ, ਉਹ ਦੂਜਿਆਂ ਨੂੰ ਨੈਤਿਕਤਾ ਦਾ ਪਾਠ ਪੜ੍ਹਾਉਣ ਦਾ ਹੱਕਦਾਰ ਕਿਵੇਂ ਹੋ ਸਕਦਾ ਹੈ?