ਨਵਜੋਤ ਸਿੱਧੂ ਮਾਮਲਾ : ਪਤਿਤ ਵਿਅਕਤੀ ਨੂੰ ਅਕਾਲ ਤਖ਼ਤ ’ਤੇ ਤਲਬ ਕਰਨ ਬਾਰੇ ਛਿੜੀ ‘ਪੰਥਕ ਬਹਿਸ’

0
982

ਨਵਜੋਤ ਸਿੱਧੂ ਬਾਰੇ ਅਕਾਲ ਤਖ਼ਤ ਦਾ ਫ਼ੈਸਲਾ ਭਾਜਪਾ ਨੂੰ ਹੋਵੇਗਾ ਮਨਜ਼ੂਰ : ਕਮਲ ਸ਼ਰਮਾ

Navjot-Singh-Sidhu

ਸ਼ਬਦੀਸ਼
ਚੰਡੀਗੜ – ਪੰਜਾਬ ਭਾਜਪਾ ਦੇ ਪ੍ਰਧਾਨ ਕਮਲ ਸ਼ਰਮਾ ਹਰਿਆਣਾ ਚੋਣਾਂ ਤੋਂ ਤੁਰੰਤ ਬਾਅਦ ਥੋੜ੍ਹੇ ਤੱਤੇ ਨਜ਼ਰ ਆ ਰਹੇ ਸਨ, ਪਰ ਹੁਣ ਲਗਦਾ ਹੈ ਕਿ ਭਾਜਪਾ ਆਪਣਾ ਰੁਖ਼ ਬਦਲ ਦੇਣ ਦੇ ਰੌਂਅ ਵਿੱਚ ਹੈ। ਸਵਾਲ ਨਗਰ ਨਿਗਮ ਚੋਣਾਂ ਦਾ ਹੋਵੇ ਜਾਂ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਨੂੰ ਗੁਰਬਾਣੀ ਦੀਆਂ ਤੁਕਾਂ ਨੂੰ ਤੋੜਣ ਮਰੋੜਣ ਦੇ ਦੋਸ਼ਾਂ ਦਾ ਹੋਵੇ, ਭਾਜਪਾ ਆਗੂ ਹਮਲਾਵਰ ਰੁਖ਼ ਛੱਡ ਰਹੇ ਹਨ।

ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਕਮਲ ਸ਼ਰਮਾ ਨੇ ਭਾਜਪਾ ਆਗੂ ਨਵਜੋਤ ਸਿੰਘ ਸਿੱਧੂ ਵੱਲੋਂ ਗੁਰਬਾਣੀ ਦੀਆਂ ਤੁਕਾਂ ਤੋੜ ਮਰੋੜ ਕੇ ਪੇਸ਼ ਕਰਨ ਦੇ ਮੁੱਦੇ ’ਤੇ ਕੁਝ ਵੀ ਕਹਿਣ ਤੋਂ ਇਨਕਾਰ ਕਰਦੇ ਹੋਏ ਆਖ ਰਹੇ ਹਨ ਕਿ ਇਸ ਮਾਮਲੇ ‘ਤੇ ਅਕਾਲ ਤਖ਼ਤ ਦੇ ਜਥੇਦਾਰ ਜੋ ਵੀ ਫੈਸਲਾ ਲੈਣਗੇ, ਭਾਜਪਾ ਨੂੰ ਉਹ ਪ੍ਰਵਾਨ ਹੋਵੇਗਾ। ਉਨ੍ਹਾਂ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਡਰੱਗ ਮਾਫ਼ੀਏ ਦੇ ਉਪਜੇ ਮੁੱਦੇ ਤੋਂ ਵੀ ਉਨ੍ਹਾਂ ਨੇ ਕਿਨਾਰਾ ਕੀਤਾ ਹੈ। ਭਾਜਪਾ ਆਗੂ ਨੇ ਸਪੱਸ਼ਟ ਕੀਤਾ ਕਿ ਅਕਾਲੀ ਭਾਜਪਾ ਗੱਠਜੋੜ ਸੂਬੇ ਵਿੱਚ ਵਿਕਾਸ ਤੇ ਅਮਨ ਸ਼ਾਂਤੀ ਦੇ ਨਾਂ ‘ਤੇ ਆਗਾਮੀ ਮਿਉਂਸਿਪਲ ਚੋਣ ਪਿੜ ਵਿੱਚ ਸਾਂਝੇ ਤੌਰ ‘ਤੇ ਕੁੱਦੇਗਾ ਤੇ ਦੋਹਾਂ ਧਿਰਾਂ ਵਿਚਾਲੇ ਸੀਟਾਂ ਦੀ ਵੰਡ ਗੱਠਜੋੜ ਵੱਲੋਂ ਤੈਅ ਪੁਰਾਣੇ ਫਾਰਮੂਲੇ ਦੇ ਆਧਾਰ ‘ਤੇ ਹੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਜਿਹਾ ਕੋਈ ਵੀ ਕਾਰਨ ਨਹੀਂ ਹੈ ਕਿ ਆਗਾਮੀ ਚੋਣ ਪਿੜ ‘ਚ ਦੋਵੇਂ ਭਾਈਵਾਲ ਧਿਰਾਂ ਇੱਕਠੀਆਂ ਨਾ ਨਿੱਤਰਨ। ਉਨ੍ਹਾਂ ਆਖਿਆ ਕਿ ਚੋਣਾਂ ਲਈ ਸਾਂਝੇ ਤੌਰ ‘ਤੇ ਤਿਆਰੀਆਂ ਲਈ ਭਾਜਪਾ ਆਗੂਆਂ ਨੂੰ ਸੰਦੇਸ਼ ਦਿੱਤੇ ਜਾ ਰਹੇ ਹਨ।

ਇਨ੍ਹਾਂ ਹਾਲਾਤ ਵਿੱਚ ਅਕਾਲ ਤਖ਼ਤ ’ਤੇ ਤਲਬ ਕੀਤੇ ਜਾਣ ਅਤੇ ਖ਼ਿਲਾਫ਼ ‘ਪੰਥਕ ਕਾਰਵਾਈ’ ਹੋਣ ਦੀ ਜ਼ੋਰ ਫੜਦੀ ਮੰਗ ਸਾਹਮਣੇ ਨਵਜੋਤ ਸਿੱਧੂ ਨਿਖੜਦੇ ਜਾ ਰਹੇ ਹਨ। ਉਨ੍ਹਾਂ ਦਾ ਇਕਲੌਤਾ ਸਹਾਰਾ ਸਿੱਖ ਧਾਰਮਿਕ ਆਗੂ ਰਹਿ ਗਏ ਹਨ, ਜਿਨ੍ਹਾਂ ਦਾ ਮਤ ਹੈ ਕਿ ਕਿਸੇ ਵੀ ਪਤਿਤ ਸਿੱਖ ਨੂੰ ਅਕਾਲ ਤਖ਼ਤ ’ਤੇ ਨਹੀਂ ਸੱਦਿਆ ਜਾ ਸਕਦਾ। ਜੇਕਰ ਅਜਿਹਾ ਕੀਤਾ ਗਿਆ ਤਾਂ ਇਹ ਸਿੱਖ ਰਹਿਤ ਮਰਿਆਦਾ ਦੀ ਉਲੰਘਣਾ ਹੋਵੇਗੀ। ਅਕਾਲ ਤਖ਼ਤ ਵੱਲੋਂ ਪ੍ਰਵਾਨਿਤ ਅਤੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਿਤ ਸਿੱਖ ਰਹਿਤ ਮਰਿਆਦਾ ਦੀ ਧਾਰਾ 3 ਵਿੱਚ ਇਹ ਸਪੱਸ਼ਟ ਕਿਹਾ ਗਿਆ ਹੈ ਕਿ ਅਕਾਲ ਤਖ਼ਤ ਵਿਖੇ ਕਿਸੇ ਪਤਿਤ ਜਾਂ ਤਨਖਾਹੀਆ ਸਿੱਖ ਦੀ ਅਰਦਾਸ ਨਹੀਂ ਕੀਤੀ ਜਾ ਸਕਦੀ। ਇੱਥੇ ਸਿਰਫ ਸਿੱਖ ਵਿਅਕਤੀ ਦੀ ਹੀ ਅਰਦਾਸ ਹੋ ਸਕਦੀ ਹੈ। ਇਸੇ ਤਰ੍ਹਾਂ ਅਕਾਲ ਤਖ਼ਤ ਤੋਂ ਤਨਖਾਹ ਸੁਣਾਏ ਗਏ ਵਿਅਕਤੀ ਬਾਰੇ ਦਰਜ ਹੈ ਕਿ ਉਸ ਦੀ ਖਿਮਾ ਯਾਚਨਾ ਦੀ ਅਰਦਾਸ ਮਗਰੋਂ ਹੀ ਉਹ ਸੁਰਖਰੂ ਹੋ ਸਕਦਾ ਹੈ। ਸਿੱਖ ਵਿਦਵਾਨਾਂ ਦਾ ਕਹਿਣਾ ਕਿ ਜੇਕਰ ਪਤਿਤ ਸਿੱਖ ਅਰਦਾਸ ਨਹੀਂ ਕਰਵਾ ਸਕਦਾ ਤਾਂ ਤਨਖਾਹ ਲਾਉਣ ਮਗਰੋਂ ਉਸ ਦੀ ਖਿਮਾ ਯਾਚਨਾ ਦੀ ਅਰਦਾਸ ਕਿਵੇਂ ਹੋਵੇਗੀ। ਇਸ ਲਈ ਮੁੱਢਲੇ ਤੌਰ ‘ਤੇ ਪਤਿਤ ਸਿੱਖ ਨੂੰ ਅਕਾਲ ਤਖ਼ਤ ਵਿਖੇ ਨਾ ਤਲਬ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਤਨਖਾਹ ਲਾਈ ਜਾ ਸਕਦੀ ਹੈ।
ਇਸ ਸਬੰਧੀ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਕਿਹਾ ਕਿ ਕਿਸੇ ਵੀ ਪਤਿਤ ਸਿੱਖ ਨੂੰ ਕਾਰਵਾਈ ਲਈ ਅਕਾਲ ਤਖ਼ਤ ਸਾਹਿਬ ’ਤੇ ਨਹੀਂ ਸੱਦਿਆ ਜਾ ਸਕਦਾ। ਉਨ੍ਹਾਂ ਆਖਿਆ ਕਿ ਜੇਕਰ ਕਿਸੇ ਪਤਿਤ ਵਿਅਕਤੀ ਨੂੰ ਪੰਥਕ ਕਾਰਵਾਈ ਦੀ ਸੁਣਵਾਈ ਹੇਠ ਸੱਦ ਲਿਆ ਜਾਵੇ ਅਤੇ ਉਹ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਸਾਹਿਬ ਨੂੰ ਮੰਨਣ ਤੋਂ ਇਨਕਾਰੀ ਹੋਵੇ ਤਾਂ ਇਸ ਨਾਲ ਤਖ਼ਤ ਦੀ ਸਥਿਤੀ ਹਾਸੋਹੀਣੀ ਬਣ ਜਾਵੇਗੀ। ਉਨ੍ਹਾਂ ਆਖਿਆ ਕਿ ਉਂਜ ਵੀ ਰਾਜਸੀ ਝਗੜੇ ਦੇ ਮਾਮਲੇ ਅਕਾਲ ਤਖ਼ਤ ਤੇ ਨਹੀਂ ਲਿਆਉਣੇ ਚਾਹੀਦੇ।
ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੇ ਮੈਂਬਰ ਕਰਨੈਲ ਸਿੰਘ ਪੰਜੋਲੀ ਨੇ ਆਖਿਆ ਕਿ ਨਵਜੋਤ ਸਿੰਘ ਸਿੱਧੂ ਮਾਮਲੇ ਦੀ ਸਿੱਖ ਵਿਦਵਾਨਾਂ ਦੀ ਕਮੇਟੀ ਬਣਾ ਕੇ ਜਾਂਚ ਕਰਾਉਣੀ ਚਾਹੀਦੀ ਹੈ। ਜੇਕਰ ਇਸ ਜਾਂਚ ਵਿੱਚ ਉਹ ਦੋਸ਼ੀ ਸਾਬਤ ਹੁੰਦੇ ਹਨ ਤਾਂ ਫਿਰ ਉਸ ਖ਼ਿਲਾਫ਼ ਸਿੱਖ ਜਜ਼ਬਾਤਾਂ ਨੂੰ ਭੜਕਾਉਣ ਦੀ ਧਾਰਾ 295ਏ ਹੇਠ ਕੇਸ ਦਰਜ ਕਰਾਉਣਾ ਚਾਹੀਦਾ ਹੈ। ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਅਤੇ ਸਿੱਖ ਵਿਦਵਾਨ ਮਨਜੀਤ ਸਿੰਘ ਕਲਕੱਤਾ ਨੇ ਵੀ ਆਖਿਆ ਕਿ ਕਿਸੇ ਪਤਿਤ ਸਿੱਖ ਨੂੰ ਅਕਾਲ ਤਖਤ ’ਤੇ ਤਲਬ ਕਰਕੇ ਕਾਰਵਾਈ ਨਹੀਂ ਕੀਤੀ ਜਾ ਸਕਦੀ। ਅਜਿਹੇ ਵਿਅਕਤੀ ਨੂੰ ਗੁਰਬਾਣੀ ਨੂੰ ਤੋੜ ਮਰੋੜ ਕੇ ਪੇਸ਼ ਕਰਨ ਜਾਂ ਇਤਿਹਾਸ ਨੂੰ ਬਦਲਣ ਦੇ ਮਾਮਲੇ ਵਿੱਚ ਤਾੜਨਾ ਕੀਤੀ ਜਾ ਸਕਦੀ ਹੈ। ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਆਖਿਆ ਕਿ ਜੇਕਰ ਕੋਈ ਵਿਅਕਤੀ ਦਸਤਾਰਧਾਰੀ ਹੈ, ਆਪਣੇ ਆਪ ਨੂੰ ਸਿੱਖ ਅਖਵਾਉਂਦਾ ਹੈ ਅਤੇ ਗੁਰੂ ਗ੍ਰੰਥ ਸਾਹਿਬ ਸਮੇਤ 10 ਗੁਰੂਆਂ ਵਿੱਚ ਵਿਸ਼ਵਾਸ ਰੱਖਦਾ ਹੈ ਤਾਂ ਅਜਿਹੇ ਵਿਅਕਤੀ ਨੂੰ ਅਕਾਲ ਤਖ਼ਤ ‘ਤੇ ਤਲਬ ਕਰਕੇ ਕਾਰਵਾਈ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਪਤਿਤ ਦੀ ਪਰਿਭਾਸ਼ਾ ਬਾਰੇ ਆਖਿਆ ਕਿ ਜੋ ਵਿਅਕਤੀ ਅੰਮ੍ਰਿਤਪਾਨ ਕਰਕੇ ਭੰਗ ਕਰਦਾ ਹੈ, ਉਹ ਪਤਿਤ ਹੈ।

ਇਸੇ ਦੌਰਾਨ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਨੇ ਵੀ ਆਖਿਆ ਕਿ ਜੇਕਰ ਅਕਾਲ ਤਖ਼ਤ ਵੱਲੋਂ ਸਿੱਧੂ ਨੂੰ ਤਲਬ ਕੀਤਾ ਜਾਂਦਾ ਹੈ ਤਾਂ ਇਹ ਪਤਿਤ ਵਿਅਕਤੀਆਂ ਨੂੰ ਮਾਨਤਾ ਦੇਣ ਬਰਾਬਰ ਕਾਰਵਾਈ ਹੋਵੇਗੀ। ਉਨ੍ਹਾਂ ਦੋਸ਼ ਲਾਇਆ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਹਿੱਤਾਂ ਲਈ ਅਕਾਲ ਤਖ਼ਤ ਨੂੰ ਵਰਤਿਆ ਜਾਂਦਾ ਰਿਹਾ ਹੈ ਅਤੇ ਹੁਣ ਸਿੱਧੂ ਖ਼ਿਲਾਫ਼ ਕਾਰਵਾਈ ਲਈ ਵਰਤਣ ਲਈ ਯਤਨ ਕੀਤਾ ਜਾ  ਰਿਹਾ ਹੈ।
ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ (ਪੀਰ ਮੁਹੰਮਦ), ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਆਦਿ ਵੱਲੋਂ ਅਕਾਲ ਤਖ਼ਤ ਸਾਹਿਬ ਵਿਖੇ ਮੰਗ ਪੱਤਰ ਅਤੇ ਸੀ.ਡੀ. ਦੇ ਕੇ ਅਪੀਲ ਕੀਤੀ ਗਈ ਹੈ ਕਿ ਸਿੱਧੂ ਨੂੰ ਗੁਰਬਾਣੀ ਦੀ ਤੁਕ ਤੋੜਣ ਮਰੋੜਣ ਦੇ ਦੋਸ਼ ਹੇਠ ਤਲੱਬ ਕਰਕੇ ਪੰਥਕ ਕਾਰਵਾਈ ਕਰੇ।