ਨਵਜੋਤ ਸਿੱਧੂ ਵੱਲੋਂ ਅਕਾਲੀ ਦਲ ਨੂੰ ‘ਦੋਗਲੀ’ ਰਾਜਨੀਤੀ ਵਿਰੁੱਧ ਚੇਤਾਵਨੀ

0
3594

ਪੰਜਾਬ ਦੇ ਮੁੱਖ ਮੰਤਰੀ ਦਾ ਸਜਾ-ਯਾਫ਼ਤਾ ਅਪਰਾਧੀ ਨਾਲ ਖੜ੍ਹੇ ਹੋਣਾ ਅਕਲਮੰਦੀ ਨਹੀਂ ਹੈ

Navjot

ਐਨ ਐਨ ਬੀ

ਡੱਬਵਾਲੀ/ ਕਾਲਾਂਵਾਲੀ – ਅੰਮ੍ਰਿਤਸਰ ਤੋਂ ਸਾਬਕਾ ਸੰਸਦ ਮੈਂਬਰ ਅਤੇ ਭਾਜਪਾ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਨੇ ਪੰਜਾਬ ‘ਚ ਅਕਾਲੀ-ਭਾਜਪਾ ਗੱਠਜੋੜ ਦੀ ਭਾਈਵਾਲੀ ‘ਚ ਦਰਾੜਾਂ ਨੂੰ  ਜੱਗਜ਼ਾਹਰ ਕਰਦਿਆਂ ‘ਪੱਕੀ ਮੋਹਰ’ ਲਗਾ ਦਿੱਤੀ ਹੈ ਅਤੇ  ਇੱਥੋਂ ਤੱਕ ਆਖ ਦਿੱਤਾ ਕਿ ਹੁਣ ਸਿਰਫ਼ ਭਾਂਡਾ ਭੱਜਣਾ ਬਾਕੀ ਹੈ। ਉਹ ਸਥਾਨਕ ਦਾਣਾ ਮੰਡੀ ਵਿੱਚ ਭਾਜਪਾ ਉਮੀਦਵਾਰ ਦੇਵ ਕੁਮਾਰ ਸ਼ਰਮਾ ਦੇ ਹੱਕ ‘ਚ ਜਨ ਅਧਿਕਾਰ  ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਨਵਜੋਤ ਸਿੰਘ ਸਿੱਧੂ ਨੇ ਆਪਣੇ ਰਵਾਇਤੀ ਤੇ ਸ਼ਾਇਰਾਨਾ ਅੰਦਾਜ਼ ਵਿੱਚ ਬਿਨਾਂ  ਨਾਂ ਲਏ ਹਰਿਆਣੇ ‘ਚ ਅਕਾਲੀ ਦਲ-ਇਨੈਲੋ ਗੱਠਜੋੜ ਅਤੇ ਕਾਂਗਰਸ ਦੀ ਸਿੱਧੇ ਤੌਰ ‘ਤੇ ਧੂਹ-ਘੜੀਸ ਕਰਨ ਵਿੱਚ ਕੋਈ ਕਸਰ ਨਹੀਂ ਬਾਕੀ ਛੱਡੀ। ਉਨ੍ਹਾਂ ਕਿਹਾ  ਕਿ ਪੰਜਾਬ ‘ਚ ਸਾਡੇ ਨਾਲ ਪੱਪੀਆਂ-ਜੱਫ਼ੀਆਂ ਅਤੇ ਹਰਿਆਣੇ ‘ਚ ਕੁਸ਼ਤੀ-ਕਬੱਡੀ ਵਾਲੀ ਰਾਜਨੀਤੀ ਜ਼ਿਆਦਾ ਦੇਰ ਨਹੀਂ ਚਲੇਗੀ। ਉਨ੍ਹਾਂ ਕਿਹਾ, ”ਵਾਜਪਾਈ ਸਾਬ੍ਹ ਦੀ ਕ੍ਰਿਪਾ ਕਰਕੇ ਸੱਤਾ ਵਿੱਚ ਪੱਕੇ ਹੋਏ ਲੋਕ ਹੁਣ ਸਾਡੀ ਪਿੱਠ ‘ਚ ਛੁਰੀ ਮਾਰ ਕੇ ਆਪਣੀਆਂ ਯਾਰੀਆਂ ਪੁਗਾਉਂਦੇ ਫਿਰਦੇ ਹਨ। ਇਨ੍ਹਾਂ ‘ਤੇ ਵਿਸ਼ਵਾਸ ਨਾ ਕਰਿਓ। ਮੈਂ ਇਨ੍ਹਾਂ ਨੂੰ ਜਿਤਾਉਣ ਲਈ ਤਿੰਨ-ਤਿੰਨ ਸੌ ਰੈਲੀਆਂ-ਜਲਸੇ ਕੀਤੇ ਹਨ, ਪਰ ਇਹ ਲੋਕ ਅੰਮ੍ਰਿਤਸਰ ‘ਚ ਮੇਰੀ ਮਾਲ ਰੋਡ, 6 ਨੰਬਰ ਰਿਹਾਹਿਸ਼ ‘ਚ ਆਮਦ ਰੱਖਦੇ ਜਿੱਤੇ ਕੌਂਸਲਰਾਂ ਨੂੰ ਅਫਸਰਾਂ ਤੋਂ ਹਾਰਿਆ ਘੋਸ਼ਿਤ ਕਰਵਾਉਣ ਲੱਗ ਪਏ ਸਨ।
ਉਨ੍ਹਾਂ ਨੇ ਭੁਪਿੰਦਰ ਸਿੰਘ ਹੁੱਡਾ ਸਰਕਾਰ ‘ਤੇ ਤਿੱਖੇ ਹਮਲੇ ਕਰਦਿਆਂ ਆਖਿਆ,  ”ਹਰਿਆਣੇ ‘ਚ ਸੀ.ਐਲ.ਯੂ. ਦੇ ਧੰਦਾ ਖੂਬ ਚੱਲਿਆ   ਹੈ ਅਤੇ ਸਰਕਾਰ ‘ਚ ਬੈਠੇ ਲੋਕਾਂ ਨੇ ਵਿਕਾਸ ਦੇ ਨਾਂਅ ‘ਤੇ ਗਰੀਬ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਕਰੋੜਾਂ ‘ਚ ਵੇਚ ਨੇ ਮੋਟਾ ਮਾਲ ਛਕਿਆ ਹੈ।”  ਰੈਲੀ ਵਿੱਚ ਨਵਜੋਤ ਸਿੰਘ ਸਿੱਧੂ ਨੇ ਲਗਪਗ 25 ਮਿੰਟ ਦੇ ਭਾਸ਼ਨ ਦੌਰਾਨ ਵੱਖ-ਵੱਖ ਤੁਕਾਂ, ਕਹਾਣੀਆਂ ਅਤੇ ਕਿੱਸਿਆਂ ਰਾਹੀਂ ਅਜਿਹਾ ਮਾਹੌਲ ਸਿਰਜਿਆ ਕਿ ਰੈਲੀ ‘ਚ ਮੌਜੂਦ ਠਾਠਾਂ ਮਾਰਦਾ ਇਕੱਠ ਪੂਰੀ ਤਰ੍ਹਾਂ ਕੀਲਿਆ ਰਿਹਾ ਅਤੇ ਲੋਕ ਤਾੜੀਆਂ ਮਾਰ ਕੇ ਸਿੱਧੂ ਦੀ ਹੌਸਲਾ ਅਫਜ਼ਾਈ ਕਰਦੇ ਰਹੇ।
ਭਾਜਪਾ ਆਗੂ ਅਤੇ ਸਾਬਕਾ ਐਮ.ਪੀ. ਨਵਜੋਤ ਸਿੰਘ ਸਿੱਧੂ ਨੇ ਮੰਡੀ ਕਾਲਾਂਵਾਲੀ ਵਿੱਚ ਵੀ ਭਾਜਪਾ ਉਮੀਦਵਾਰ ਰਜਿੰਦਰ ਸਿੰਘ ਦੇਸੂਜੋਧਾ ਦੇ ਹੱਕ ‘ਚ ਚੋਣ ਰੈਲੀ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਚੁਟਕਲੇਦਾਰ ਭਾਸ਼ਾ ‘ਚ ਸੰਬੋਧਨ ਕਰਦੇ ਹੋਏ ਕਿਹਾ ਕਿ ਅਕਾਲੀ ਦਲ ਬਾਦਲ ਦਾ ਪੰਜਾਬ ‘ਚ ਭਾਜਪਾ ਨਾਲ ਗੱਠਜੋੜ ਹੈ ਪਰ ਉਹ ਹਰਿਆਣਾ ਵਿੱਚ ਭਾਜਪਾ ਦੇ ਖ਼ਿਲਾਫ਼ ਚੋਣ ਲੜ ਰਿਹਾ ਹੈ। ਇਹ ਭਾਜਪਾ ਦੀ ਪਿੱਠ ਵਿੱਚ ਛੁਰਾ ਮਾਰਨ ਵਾਂਗ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇੱਕ ਮੁੱਖ ਮੰਤਰੀ ਦਾ ਇੱਕ ਸਜ਼ਾ-ਪ੍ਰਾਪਤ ਵਿਅਕਤੀ ਦੇ ਨਾਲ ਖੜ੍ਹੇ ਹੋਣਾ ਕਿੰਨੀ ਕੁ ਅਕਲਮੰਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਲੋਕ ਪੁੱਤਰ ਮੋਹ ਵਿੱਚ ਡੁੱਬੇ ਹੋਏ ਹਨ। ਇਨ੍ਹਾਂ ਨੇ ਆਮ ਲੋਕਾਂ ਤੋਂ ਕੀ ਲੈਣਾ ਹੈ। ਨਵਜੋਤ ਸਿੱਧੂ ਨੇ ਅਕਾਲੀ ਦਲ ਦੇ ‘ਚ ‘ਰਾਜ ਨਹੀਂ ਸੇਵਾ’ ਦੇ ਨਾਅਰੇ ‘ਤੇ ਸੱਟ ਮਾਰਦਿਆਂ ਆਖਿਆ ਕਿ ਲੋਕਾਂ ਦੇ ਚੁਣੇ ਅਜੋਕੇ ‘ਰਾਜੇ’ 10 ਫ਼ੀਸਦੀ ਸੇਵਾ ਕਰਦੇ ਹਨ ਅਤੇ 90 ਫ਼ੀਸਦੀ ਮੇਵਾ ਖੁਦ ਛਕਦੇ ਹਨ।  ਨਵਜੋਤ ਸਿੱਧੂ ਨੇ ਭਾਜਪਾ ਨੂੰ ‘ਮਾਂ’ ਦਾ ਦਰਜਾ ਦਿੰਦਿਆਂ ਆਖਿਆ ਕਿ ਭਾਜਪਾ ਹੀ ਉਨ੍ਹਾਂ ਦੇ ਮਾਣ-ਸਨਮਾਨ ਕਰਕੇ ਵਜੂਦ ਦੀ ਵਜ੍ਹਾ ਹੈ ਅਤੇ ਉਹ ਪਾਰਟੀ ਲਈ ਜਾਨ ਵੀ ਦੇ ਸਕਦੇ ਹਨ।

Also Read :   Seminar on Woman’s Role in Rebuilding Relations held at Press Club Chandigarh