ਐਨ ਐਨ ਬੀ
ਐਸ.ਏ.ਐਸ. ਨਗਰ (ਮੁਹਾਲੀ)-ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ (ਸੀਨੀਅਰ ਡਿਵੀਜ਼ਨ) ਪਰਮਿੰਦਰਪਾਲ ਸਿੰਘ ਦੀ ਅਦਾਲਤ ਵਿੱਚ ਬਹੁ-ਚਰਚਿਤ ਨਸ਼ਾ ਤਸਕਰੀ ਕੇਸ ਦੀ ਸੁਣਵਾਈ ਹੋਈ। ਇਸ ਕੇਸ ਦੀ ਅਗਲੀ ਸੁਣਵਾਈ 1 ਅਕਤੂਬਰ ਨੂੰ ਹੋਵੇਗੀ। ਸੁਣਵਾਈ ਮੌਕੇ ਇਸ ਕੇਸ ਵਿੱਚ ਨਾਮਜ਼ਦ ਸਾਬਕਾ ਕੌਮਾਂਤਰੀ ਪਹਿਲਵਾਨ ਜਗਦੀਸ਼ ਸਿੰਘ ਉਰਫ਼ ਭੋਲਾ, ਸਰਬਜੀਤ ਸਿੰਘ ਸਾਬਾ ਅਤੇ ਸਤਿੰਦਰ ਸਿੰਘ ਧਾਮਾ ਪੇਸ਼ ਨਹੀਂ ਹੋਏ। ਉਨ੍ਹਾਂ ਨੇ ਬੀਮਾਰ ਹੋਣ ਸਬੰਧੀ ਆਪਣੇ ਵਕੀਲਾਂ ਰਾਹੀਂ ਵੱਖ-ਵੱਖ ਅਰਜ਼ੀਆਂ ਅਤੇ ਮੈਡੀਕਲ ਭੇਜਿਆ, ਜਿਨ੍ਹਾਂ ਨੂੰ ਅਦਾਲਤ ਨੇ ਪ੍ਰਵਾਨ ਕਰ ਲਿਆ। ਮੁਲਜ਼ਮ ਮਨਜਿੰਦਰ ਸਿੰਘ ਔਲਖ ਉਰਫ਼ ਬਿੱਟੂ ਔਲਖ ਅਤੇ ਬਲਜਿੰਦਰ ਸਿੰਘ ਸੋਨੂੰ, ਜਗਜੀਤ ਸਿੰਘ ਚਾਹਲ, ਸੁਰਜੀਤ ਸਿੰਘ, ਪਰਮਜੀਤ ਸਿੰਘ ਪੰਮਾ ਅਤੇ ਦੀਪ ਸਿੰਘ ਦੀਪੂ ਅਦਾਲਤ ਵਿੱਚ ਪੇਸ਼ ਹੋਏ। ਇਸ ਕੇਸ ਵਿੱਚ ਸਾਰੇ ਮੁਲਜ਼ਮਾਂ ਖ਼ਿਲਾਫ਼ ਦੋਸ਼ ਤੈਅ ਕੀਤੇ ਜਾ ਚੁੱਕੇ ਹਨ। ਇਸ ਕੇਸ ਵਿੱਚ ਅਦਾਲਤ ਵੱਲੋਂ ਮੁਲਜ਼ਮ ਅਨੂਪ ਸਿੰਘ ਕਾਹਲੋਂ ਨੂੰ ਵੱਡੀ ਰਾਹਤ ਦਿੰਦਿਆਂ ਡਿਸਚਾਰਜ ਕੀਤਾ ਜਾ ਚੁੱਕਾ ਹੈ। ਅਜਿਹਾ ਪੁਲੀਸ ਦੀ ਰਿਪੋਰਟ ਨੂੰ ਆਧਾਰ ਬਣਾ ਕੇ ਕੀਤਾ ਗਿਆ ਹੈ ਕਿਉਂਕਿ ਬਨੂੜ ਪੁਲੀਸ ਵੱਲੋਂ ਮੁਲਜ਼ਮਾਂ ਖ਼ਿਲਾਫ਼ ਬੀਤੀ 11 ਜਨਵਰੀ ਨੂੰ ਅਦਾਲਤ ਵਿੱਚ ਪੇਸ਼ ਕੀਤੇ ਚਲਾਨ ਵਿੱਚ ਕਾਫ਼ੀ ਨਰਮੀ ਵਰਤੀ ਗਈ ਸੀ।
ਜ਼ਿਕਰਯੋਗ ਹੈ ਕਿ ਭੋਲਾ ਤੇ ਸਾਥੀਆਂ ਨੂੰ ਇਕ ਸਾਂਝੇ ਅਪਰੇਸ਼ਨ ਤਹਿਤ 11 ਨਵੰਬਰ 2013 ਨੂੰ ਬਨੂੜ ਅਤੇ ਪਟਿਆਲਾ ਪੁਲੀਸ ਵੱਲੋਂ ਨਵੀਂ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲੀਸ ਨੇ ਮੁਲਜ਼ਮਾਂ ਕੋਲੋਂ 18 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਸਨ। ਬਨੂੜ ਦੇ ਤਤਕਾਲੀ ਐਸ.ਐਚ.ਓ. ਗੁਰਜੀਤ ਸਿੰਘ ਨੇ 15 ਮਈ 2013 ਨੂੰ ਗੁਪਤ ਸੂਚਨਾ ਦੇ ਆਧਾਰ ’ਤੇ ਬਨੂੜ ਖੇਤਰ ’ਚੋਂ ਜਗਦੀਸ਼ ਭੋਲਾ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਵੇਲੇ ਭੋਲਾ ਫ਼ਰਾਰ ਹੋ ਗਿਆ ਸੀ ਪਰ ਸੀ.ਆਈ.ਏ. ਰਾਜਪੁਰਾ ਦੀ ਮਦਦ ਨਾਲ ਪੁਲੀਸ ਨੇ ਭੋਲਾ ਦੀ ਗੱਡੀ ’ਚੋਂ 18 ਕਿਲੋਂ ਹੈਰੋਇਨ ਬਰਾਮਦ ਕੀਤੀ ਸੀ। ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਅਪਰਾਧਿਕ ਕੇਸ ਦਰਜ ਹਨ ਤੇ ਇਹ ਕੇਸ ਵੱਖ-ਵੱਖ ਅਦਾਲਤਾਂ ਵਿੱਚ ਵਿਚਾਰ ਅਧੀਨ ਹਨ।