ਨਸ਼ੇ ਨੂੰ ਸਮਾਜਕ ਬੁਰਾਈ ਦਾ ਰੋਗ ਸਮਝਣ ਦੀ ਲੋੜ: ਕਿਰਨ ਬੇਦੀ

0
1284

 

Kiran-Bedi

ਐਨ ਐਨ ਬੀ

ਅੰਮ੍ਰਿਤਸਰ – ਸਾਬਕਾ ਪੁਲੀਸ ਅਧਿਕਾਰੀ ਮਤੀ ਕਿਰਨ ਬੇਦੀ ਨੇ ਅੱਜ ਇਥੇ ਸੁਝਾਅ ਦਿੱਤਾ ਕਿ ਨਸ਼ਾ ਛੁਡਾਊੁ ਕੇਂਦਰਾਂ ਵਿਚ ਨਸ਼ਾ ਛੱਡਣ ਲਈ ਆਏ ਨੌਜਵਾਨਾਂ ਤੇ ਹੋਰਨਾਂ ਦਾ ਇਲਾਜ ਐਲੋਪੈਥੀ ਵਿਧੀ ਦੇ ਨਾਲ ਨਾਲ ਹੋਮਿਓਪੈਥੀ ਅਤੇ ਆਯੁਰਵੈਦਿਕ ਵਿਧੀ ਨਾਲ ਵੀ ਕੀਤਾ ਜਾਵੇ। ਉਨ੍ਹਾਂ ਆਖਿਆ ਕਿ ਨਸ਼ਾ ਇਕ ਸਮਾਜਿਕ ਬੁਰਾਈ ਹੈ ਅਤੇ ਸਮਾਜ ਵਿਚ ਇਸਨੂੰ ਖ਼ਤਮ ਕਰਨ ਲਈ ਸਾਂਝੇ ਯਤਨਾਂ ਦੀ ਲੋੜ ਹੈ।
ਉਹ ਅੱਜ ਇਥੇ ਸਵਾਮੀ ਵਿਵੇਕਾਨੰਦ ਨਸ਼ਾ ਛੁਡਾਊ ਕੇਂਦਰ ਦਾ ਦੌਰਾ ਕਰਨ ਆਏ ਸਨ। ਉਨ੍ਹਾਂ ਨੂੰ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਨੇ ਪੰਜਾਬ ਅੰਦਰ ਨਸ਼ਿਆਂ ਨੂੰ ਖਤਮ ਕਰਨ ਲਈ ਚਲਾਏ ਜਾ ਰਹੇ ਨਸ਼ਾ ਛੁਡਾਊ ਕੇਂਦਰਾਂ ਦੀ ਬੇਹਤਰ ਕਾਰਗੁਜ਼ਾਰੀ ਲਈ ਆਪਣੇ ਸੁਝਾਅ ਦੇਣ ਵਾਸਤੇ ਆਖਿਆ ਹੈ, ਜਿਸ ਤਹਿਤ ਉਨ੍ਹਾਂ ਵਲੋਂ ਵੱਖ ਵੱਖ ਨਸ਼ਾ ਛੁਡਾਉ ਕੇਂਦਰਾਂ ਦਾ ਦੌਰਾ ਕੀਤਾ ਜਾ ਰਿਹਾ ਹੈ। ਇਸੇ ਉਦੇਸ਼ ਨਾਲ ਹੀ ਅੱਜ ਮਤੀ ਕਿਰਨ ਬੇਦੀ ਵਲੋਂ ਇਸ ਕੇਂਦਰ ਦਾ ਦੌਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਨਸ਼ਾ ਕਰਨ ਵਾਲੇ ਮਰੀਜ਼ਾਂ ਨੂੰ ਦਵਾਈ ਦੇਣ ਦੇ ਨਾਲ-ਨਾਲ ਉਨ੍ਹਾਂ ਦਾ ਦਿਮਾਗੀ ਤੌਰ ’ਤੇ ਇਲਾਜ ਕਰਨ ਲਈ ਉਨ੍ਹਾਂ ਨੂੰ ਯੋਗਾ ਕਰਨਾ, ਕਸਰਤ ਕਰਾਉਣੀ ਤੇ ਹੱਥ ਨਾਲ ਕੰਮ ਕਰਨਾ ਸਿਖਾਉਣ ਵੱਲ ਵਿਸ਼ੇਸ ਧਿਆਨ ਦੇਣ ਦੀ ਲੋੜ ਹੈ।
ਉਨ੍ਹਾਂ ਨੇ ਕੇਂਦਰ ਵਿਚ ਮਰੀਜ਼ਾਂ ਦੇ ਕੀਤੇ ਜਾ ਰਹੇ ਇਲਾਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੂਬਾ ਸਰਕਾਰ, ਸਮਾਜ ਸੇਵੀ ਸੰਸਥਾਵਾਂ ਤੇ ਲੋਕਾਂ ਦੇ ਸਹਿਯੋਗ ਨਾਲ ਨਸ਼ਾ ਕਰਨ ਵਾਲੇ ਤੇ ਨਸ਼ਿਆਂ ਦਾ ਵਪਾਰ ਕਰਨ ਵਾਲਿਆਂ ਵਿਚ ਕਮੀ ਆਈ ਹੈ। ਉਨ੍ਹਾਂ ਨਸ਼ਾ ਛੁਡਾਊ ਕੇਂਦਰ ਨੂੰ ਹੋਰ ਪ੍ਰਭਾਵਸ਼ਾਲੀ ਤਰੀਕੇ ਨਾਲ ਚਲਾਉਣ ਲਈ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਉਹ ਕੇਂਦਰ ਦੇ ਬੋਰਡ ਦੀ ਹਰ ਮਹੀਨੇ ਮੀਟਿੰਗ ਕਰਨ। ਬੋਰਡ ਵਿਚ ਯੂਨੀਵਰਸਿਟੀ ਦੇ ਮਾਹਿਰਾਂ ਨੂੰ ਵੀ ਸ਼ਾਮਿਲ ਕੀਤਾ ਜਾਵੇ। ਮਰੀਜ਼ਾਂ ਲਈ ਸਮਾਂ ਸਾਰਣੀ ਬਣਾਈ ਜਾਵੇ ਅਤੇ ਉਸ ਅਨੁਸਾਰ ਹੀ ਸਾਰੇ ਕਾਰਜ ਕੀਤੇ ਜਾਣ। ਉਨ੍ਹਾਂ ਕਿਹਾ ਕਿ ਮਰੀਜ਼ਾਂ ਦੇ ਇਲਾਜ ਦੇ ਨਾਲ-ਨਾਲ ਉਨ੍ਹਾਂ ਨੂੰ ਯੋਗਾ ਕਰਨਾ ਅਤੇ ਚੰਗੀਆਂ ਫਿਲਮਾਂ ਵੀ ਦਿਖਾਈਆਂ ਜਾਣ। ਉਨ੍ਹਾਂ ਮਰੀਜ਼ਾਂ ਲਈ ਲਾਇਬਰੇਰੀ ਦੀ ਵਿਵਸਥਾ ਕਰਨ ਲਈ ਵੀ ਕਿਹਾ।

ਉਨ੍ਹਾਂ ਕਿਹਾ ਕਿ ਮਰੀਜ਼ਾਂ ਨੂੰ ਐਲੋਪੈਥਿਕ ਦਵਾਈ ਦੇ ਨਾਲ ਨਾਲ ਆਯੁਰਵੈਦਿਕ ਤੇ ਹੋਮਿਓਪੈਥਿਕ ਦਵਾਈਆਂ ਵੀ ਦਿੱਤੀਆਂ ਜਾਣ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਉਹ ਸਰਕਾਰ ਵਲੋਂ ਪੁਲੀਸ ਸਹਾਇਤਾ ਲਈ ਸ਼ੁਰੂ ਕੀਤੇ 181 ਨੰਬਰ ਸਬੰਧੀ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ। ਇਸ ਮੌਕੇ ਉਨ੍ਹਾਂ ਨਸ਼ਿਆ ਤੋਂ ਨਿਜਾਤ ਪਾਉਣ ਵਾਲੇ ਨੌਜਵਾਨਾਂ ਦਾ ਸਨਮਾਨ ਕੀਤਾ। ਇਸ ਤੋਂ ਪਹਿਲਾਂ ਸ਼੍ਰੀਮਤੀ ਬੇਦੀ ਨੇ ਨਸ਼ਾ ਛੁਡਾਊ ਕੇਂਦਰ ਵਿਚ ਦਾਖ਼ਲ ਮਰੀਜ਼ਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਕਿਹਾ ਕਿ ਉਹ ਆਪਣੀ ਇੱਛਾ ਸ਼ਕਤੀ ਤੇ ਮਨਬੋਲ ਨਾਲ ਇਸ ਬਿਮਾਰੀ ਤੋਂ ਜਲਦੀ ਨਾਲ ਖਹਿੜਾ ਛੁਡਵਾ ਸਕਦੇ ਹਨ। ਇਸ ਉਪਰੰਤ ਮਤੀ ਬੇਦੀ ਨੇ ਮਕਬੂਲਪੁਰਾ ਵਿਖੇ ਮਾਸਟਰ ਅਜੀਤ ਸਿੰਘ ਵਲੋਂ ਚਲਾਏ ਜਾ ਰਹੇ ਸਿਟੀਜ਼ਨ ਫੋਰਮ ਵਿੱਦਿਆ ਮੰਦਿਰ ਸਕੂਲ ਦਾ ਦੌਰਾ ਕੀਤਾ ਅਤੇ ਆਰਥਿਕ ਤੌਰ ’ਤੇ ਕੰਮਜ਼ੋਰ ਲੋਕਾਂ ਦੇ ਬੱਚਿਆਂ ਨੂੰ ਦਿੱਤੀ ਜਾ ਰਹੀ ਸਿੱਖਿਆ ਦੀ ਸ਼ਲਾਘਾ ਕੀਤੀ।