ਜਮਹੂਰੀਅਤ ਤੇ ਨਹਿਰੂ ਦੀ ਸੋਚ ਵਿੱਚ ਵਿਸ਼ਵਾਸ ਰੱਖਣ ਵਾਲ਼ੇ ਹੀ ਸੱਦੇ ਹਨ : ਕਾਂਗਰਸ
ਐਨ ਐਨ ਬੀ
ਨਵੀਂ ਦਿੱਲੀ – ਕਾਂਗਰਸ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਦੇ 125ਵੇਂ ਜਨਮ ਦਿਨ ਦੇ ਅਵਸਰ ’ਤੇ ਕੌਮਾਂਤਰੀ ਕਾਨਫਰੰਸ ਕਰਵਾ ਰਹੀ ਹੈ, ਜਿਸ ਵਿੱਚ ਸ਼ਿਰਕਤ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਨਹੀਂ ਦਿੱਤਾ ਗਿਆ। ਇਹ ਦੋ ਦਿਨਾ ਕਾਨਫਰੰਸ 17 ਤੋਂ 18 ਨਵੰਬਰ ਨੂੰ ਹੋਵੇਗੀ, ਜਿਸ ਵਿੱਚ ਕਈ ਕੌਮਾਂਤਰੀ ਹਸਤੀਆਂ ਤੋਂ ਇਲਾਵਾ ਦੇਸੀ ਤੇ ਵਿਦੇਸ਼ੀ ਸਿਆਸੀ ਪਾਰਟੀਆਂ ਦੇ ਪ੍ਰਤੀਨਿਧ ਹਿੱਸਾ ਲੈਣਗੇ, ਪਰ ਕਾਂਗਰਸ ਨੇ ਮੋਦੀ ਨੂੰ ਸੱਦਾ ਨਹੀਂ ਦਿੱਤਾ। ਇਥੋਂ ਤੱਕ ਕਿ ਕਿਸੇ ਹੋਰ ਭਾਜਪਾ ਆਗੂ ਨੂੰ ਵੀ ਸੱਦਾ ਦੇਣ ਦੇ ਕਾਬਲ ਨਹੀਂ ਮੰਨਿਆ ਗਿਆ। ਇਸ ਦੀ ਪੁਸ਼ਟੀ ਕਾਂਗਰਸੀ ਨੇਤਾ ਤੇ ਬੁਲਾਰੇ ਅਨੰਦ ਸ਼ਰਮਾ ਨੇ ਕੀਤੀ ਹੈ। ਉਨ੍ਹਾਂ ਕਿਹਾ, ‘‘ਅਸੀਂ ਸਿਰਫ਼ ਉਨ੍ਹਾਂ ਨੂੰ ਸੱਦਿਆ ਹੈ, ਜੋ ਸੱਚਮੁੱਚ ਜਮਹੂਰੀਅਤ ਤੇ ਨਹਿਰੂ ਦੀ ਸੋਚ ਵਿੱਚ ਵਿਸ਼ਵਾਸ ਰੱਖਦੇ ਹਨ।’’
ਕਾਂਗਰਸ ਨੇ ਇਸ ਸਮਾਗਮ ਵਿੱਚ ਸ਼ਮੂਲੀਅਤ ਲਈ ਭਾਜਪਾ ਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਦੇ ਕਿਸੇ ਵੀ ਨੇਤਾ ਨੂੰ ਸੱਦਾ ਨਹੀਂ ਦਿੱਤਾ। ਪੰਡਤ ਨਹਿਰੂ ਦੇ 125ਵੇਂ ਜਨਮ ਦਿਹਾੜੇ ਨੂੰ ਮਨਾਉਣ ਲਈ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਕੌਮੀ ਤਾਲਮੇਲ ਕਮੇਟੀ ਬਣੀ ਹੈ, ਜਿਸ ਦਾ ਨਵੀਂ ਸਰਕਾਰ ਬਣਦਿਆਂ ਪੁਨਰਗਠਨ ਕਰ ਦਿੱਤਾ ਗਿਆ ਸੀ।