ਨਹਿਰੂ ਦੀ ਯਾਦਗਾਰ ਨੂੰ ਸਰਕਾਰੀ ਬੇਰੁਖ਼ੀ ਤੋਂ ‘ਮੁਕਤ’ ਕਰਾਉਣ ਲਈ ਡਟਿਆ ਆਜ਼ਾਦੀ ਘੁਲਾਟੀਆ

0
904

24-Jaitu-01-copy-300x231ਐਨ ਐਨ ਬੀ : ਦੇਸ਼ ਦੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਨੂੰ ਬੁੱਢੀ ਉਮਰੇ ਨਿਆਂ ਪ੍ਰਾਪਤੀ ਲਈ ਹਾਕਮਾਂ ਅੱਗੇ ਹੱਥ ਅੱਡਣੇ ਪੈ ਰਹੇ ਹਨ। ਇਹ ਆਜ਼ਾਦੀ ਘੁਲਾਟੀਆ ਨਿਆਂ ਆਪਣੇ ਲਈ ਨਹੀਂ, ਬਲਕਿ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਦੇ ਸਬੰਧ ਵਿੱਚ ਮੰਗ ਰਿਹਾ ਹੈ। ਸਾਲ1924 ਵਿੱਚ ‘ਜੈਤੋ ਦੇ ਮੋਰਚੇ’ ਸਮੇਂ ਜੈਤੋ ਆਏ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਅੰਗਰੇਜ਼ਾਂ ਨੇ ਗ੍ਰਿਫ਼ਤਾਰ ਕਰਕੇ ਇੱਥੇ ਕਿਲ੍ਹੇ ਦੀ ਜਿਸ ਕਾਲ ਕੋਠੜੀ ’ਚ ਬੰਦ ਰੱਖਿਆ ਗਿਆ ਸੀ, ਉਸ ਯਾਦਗਾਰ ਦੀ ਦੁਰਦਸ਼ਾ ਦੇ ਰੋਸ ਵਿੱਚ ਆਜ਼ਾਦੀ ਪਰਵਾਨੇ ਮਾਸਟਰ ਕਰਤਾ ਰਾਮ ਸੇਵਕ ਦੀ ਅਗਵਾਈ ਵਿੱਚ ਅੱਜ ਇੱਥੇ ਰੋਸ ਮਾਰਚ ਕੀਤਾ ਗਿਆ।
ਇਹ ਕਾਫ਼ਲਾ ਪੰਡਿਤ ਜਵਾਹਰ ਲਾਲ ਨਹਿਰੂ ਦੀ ਯਾਦਗਾਰ ’ਤੇ ਪੁੱਜਿਆ। ਸ੍ਰੀ ਸੇਵਕ ਨੇ ਸੰਬੋਧਨ ਕਰਦਿਆਂ ਆਜ਼ਾਦੀ ਤੋਂ ਬਾਅਦ ਦੀਆਂ ਹਕੂਮਤਾਂ ਦੇ ਬਖ਼ੀਏ ਉਧੇੜੇ। ਉਨ੍ਹਾਂ ਕਿਹਾ ਕਿ ਪੰਡਿਤ ਨਹਿਰੂ ਨੂੰ ਜੈਤੋ ਜਿਹੜੀ ਕਾਲ ਕੋਠੜੀ ਵਿੱਚ ਰੱਖਿਆ ਸੀ, ਉਸ ਕਾਲ ਕੋਠੜੀ ਨੂੰ ਦੇਖਣ ਪਹਿਲਾਂ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਤੇ ਪਿੱਛੋਂ ਸਤੰਬਰ 2008 ਵਿੱਚ ਰਾਹੁਲ ਗਾਂਧੀ ਵੀ ਆਏ ਸਨ। ਰਾਹੁਲ ਗਾਂਧੀ ਨੇ ਯਾਦਗਾਰ ਲਈ 65 ਲੱਖ ਰੁਪਏ ਦਾ ਫੰਡ ਕੇਂਦਰ ਸਰਕਾਰ ਤਰਫੋਂ ਭਿਜਵਾਇਆ।
ਸ੍ਰੀ ਸੇਵਕ ਨੇ ਦੋਸ਼ ਲਾਇਆ ਕਿ ਉਹ ਫੰਡ ਖੁਰਦ-ਬੁਰਦ ਕਰ ਦਿੱਤਾ ਗਿਆ। ਉਨ੍ਹਾਂ ਖੁਲਾਸਾ ਕੀਤਾ ਕਿ ਉਹ ਕਾਫੀ ਸਮੇਂ ਤੋਂ ਇਸ ਘਪਲੇ ਨੂੰ ਬੇਨਕਾਬ ਕਰਨ ਲਈ ਪ੍ਰਧਾਨ ਮੰਤਰੀ, ਪੰਜਾਬ ਦੇ ਮੁੱਖ ਮੰਤਰੀ, ਸੀਬੀਆਈ, ਵਿਜੀਲੈਂਸ ਤੇ ਪੰਜਾਬ ਦੇ ਸੈਰ-ਸਪਾਟਾ ਵਿਭਾਗ ਦੇ ਡਾਇਰੈਕਟਰ ਨੂੰ ਬੇਨਤੀ ਕਰ ਚੁੱਕੇ ਹਨ ਪਰ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਪੁਰਾਤਤਵ ਵਿਭਾਗ ਵੱਲੋਂ ਯਾਦਗਾਰ ਕੋਲ ਲਾਏ ਗਏ ਪੱਥਰ ਵੀ ਤੋੜ ਦਿੱਤੇ ਗਏ ਤੇ ਪੁਲੀਸ ਅਧਿਕਾਰੀਆਂ ਨੇ ਆਪਣੀ ਰਿਹਾਇਸ਼ ਬਣਾ ਕੇ ਯਾਦਗਾਰ ’ਤੇ ਕਬਜ਼ਾ ਜਮਾ ਲਿਆ ਹੈ। ਬਜ਼ੁਰਗ ਆਜ਼ਾਦੀ ਘੁਲਾਟੀਏ ਨੇ ਸਰਕਾਰ ਤੋਂ ਮੰਗ ਕੀਤੀ ਕਿ 65 ਲੱਖ ਦੇ ਘਪਲੇ ਦੀ ਸੀਬੀਆਈ ਜਾਂਚ ਕਰਵਾ ਕੇ ਕਸੂਰਵਾਰਾਂ ਨੂੰ ਸਜ਼ਾ ਦਿੱਤੀ ਜਾਵੇ। ਯਾਦਗਾਰ ਨੂੰ ਪੂਰਨ ਤੌਰ ’ਤੇ ਸੈਲਾਨੀਆਂ ਲਈ ਖੋਲ੍ਹਿਆ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਉਹ ਉਦੋਂ ਤੱਕ ਸੰਘਰਸ਼ ਕਰਨਗੇ, ਜਦੋਂ ਤੱੱੱੱੱੱਕ ਯਾਦਗਾਰ ’ਤੇ ਸਰਕਾਰ ਦੀ ਸਵੱਲੀ ਨਜ਼ਰ ਨਹੀਂ ਪੈਂਦੀ। ਇਸ ਮੌਕੇ ਸ਼ਹਿਰ ਦੇ ਸਾਬਕਾ ਕੌਂਸਲਰ ਲਾਲਾ ਬਰਾੜ, ਯੂਥ ਕਾਂਗਰਸ ਦੇ ਆਗੂ ਗੁਰਸੇਵਕ ਸਿੰਘ ਜੈਤੋ, ਕਾਂਗਰਸ ਸੇਵਾ ਦਲ ਦੇ ਆਗੂ ਹਰਵਿੰਦਰ ਪਾਲ ਤੇ ਰਾਮ ਰਾਜ ਕਟਾਰੀਆ ਵੀ ਹਾਜ਼ਰ ਸਨ।