ਇਸ ਵਾਰ ਪ੍ਰਕਾਸ਼ ਉਤਸਵ ਕੈਲੰਡਰ ਤੋਂ ਬਾਹਰ ਜਾ ਕੇ ਮਨਾਏ ਜਾਣ ਦਾ ਫ਼ੈਸਲਾ ਹੋਵੇਗਾ : ਅਕਾਲ ਤਖ਼ਤ
ਸ਼ਬਦੀਸ਼
ਚੰਡੀਗੜ੍ਹ – ਸਿੱਖ ਭਾਈਚਾਰੇ ਦੀ ਵੱਖਰੀ ਪਛਾਣ ਲਈ ਜਾਰੀ ਕੀਤਾ ਨਾਨਕਸ਼ਾਹੀ ਕੈਲੰਡਰ ਨੇ ਭਾਈਚਾਰੇ ਅੰਦਰ ਗੂੜ੍ਹੀਆਂ ਲਕੀਰਾਂ ਖਿੱਚ ਦਿੱਤੀਆਂ ਸਨ। ਇਸਨੂੰ ਲੈ ਕੇ ਸੰਤ ਸਮਾਜ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਧਿਰਾਂ ਮੌਲਿਕ ਤੇ ਸੋਧੇ ਕੈਲੰਡਰ ਨੂੰ ਲੈ ਕੇ ਸਾਲਾਂ ਤੋਂ ਟਕਰਾਅ ਰਹੀਆਂ ਹਨ। ਸੰਤ ਸਮਾਜ ਬਿਕਰਮੀ ਕੈਲੰਡਰ ਦੀ ਪੈਰਵੀ ਕਰਦਾ ਹੈ, ਜਦਕਿ ਕੁਝ ਲੋਕ ‘ਨਿਰਮਲ ਨਿਰਾਲੇ ਪੰਥ’ ਨੂੰ ਭਾਰਤੀ ਅਧਿਆਤਮਵਾਦ ਦੀ ਪਰੰਪਰਾ ਤੋਂ ਪੂਰੀ ਤਰ੍ਹਾਂ ਨਿਖੇੜ ਦੇਣਾ ਚਾਹੁੰਦੇ ਹਨ। ਇਸ ਵਿਵਾਦ ਨੂੰ ‘ਸਾਂਝੀ ਰਾਇ ਵਰਗੇ ਸਮਝੌਤੇ’ ਸਦਕਾ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਨੂੰ ਪਾਸ ਕਰ ਦਿੱਤਾ ਗਿਆ ਸੀ। ਇਸ ਤਹਿਤ ਗੁਰਪੁਰਬ ਅਤੇ ਸ਼ਹੀਦੀ ਦਿਹਾੜੇ ਦੀਆਂ ਤਰੀਕਾਂ ਇਕੱਠੀਆਂ ਆ ਗਈਆਂ ਹਨ, ਜਿਸਨੇ ਸਿੱਖ ਸਮਾਜ ਵਿੱਚ ਦੁਬਿਧਾ ਪੈਦਾ ਕਰ ਦਿੱਤੀ ਹੈ, ਜਿਸਨੂੰ ਦੂਰ ਕਰਨ ਲਈ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੂੰ ਕਹਿਣਗੇ ਕਿ ਸਿੱਖ ਵਿਦਵਾਨਾਂ ਦੀ ਕਮੇਟੀ ਕਾਇਮ ਕਰਕੇ ਇਸ ਮਸਲੇ ਨੂੰ ਹੱਲ ਕੀਤਾ ਜਾਵੇ।
ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ 28 ਦਸੰਬਰ ਨੂੰ ਇੱਕੋ ਦਿਨ ਆਉਣ ਕਾਰਨ ਪੰਜ ਸਿੰਘ ਸਾਹਿਬਾਨ ਵੱਲੋਂ ਪ੍ਰਕਾਸ਼ ਪੁਰਬ 7 ਦਸੰਬਰ ਨੂੰ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਕਾਰਨ ਇਹ ਗੁਰਪੁਰਬ ਤਿੰਨ ਵੱਖ ਵੱਖ ਤਰੀਕਾਂ ’ਤੇ ਮਨਾਏ ਜਾਣ ਦੀ ਸੰਭਾਵਨਾ ਬਣ ਗਈ ਹੈ ਅਤੇ ਇਸ ਮਾਮਲੇ ਨੇ ਸਿੱਖ ਕੌਮ ਨੂੰ ਮੁੜ ਦੁਬਿਧਾ ਵਿੱਚ ਪਾ ਦਿੱਤਾ ਹੈ। ਗਿਆਨੀ ਗੁਰਬਚਨ ਸਿੰਘ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਇਸ ਸਬੰਧ ਵਿੱਚ ਵਿਦਵਾਨਾਂ ਦੀ ਕਮੇਟੀ ਦਾ ਕਾਇਮ ਕਰਨ ਤਾਂ ਜੋ ਇਹ ਮਾਮਲਾ ਹੱਲ ਹੋ ਸਕੇ। ਉਨ੍ਹਾਂ ਆਖਿਆ ਕਿ ਉਹ ਖੁਦ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨਾਲ ਗੱਲਬਾਤ ਕਰਨਗੇ। ਜੇਕਰ ਸ਼੍ਰੋਮਣੀ ਕਮੇਟੀ ਨੇ ਇਹ ਕਮੇਟੀ ਕਾਇਮ ਕਰਨ ਦਾ ਹੱਕ ਅਕਾਲ ਤਖ਼ਤ ਨੂੰ ਦਿੱਤਾ ਤਾਂ ਫਿਰ ਉਹ ਕਮੇਟੀ ਕਾਇਮ ਕਰਨਗੇ। ਉਨ੍ਹਾਂ ਕਿਹਾ ਕਿ ਇਹ ਦੁਬਿਧਾ ਹਮੇਸ਼ਾ ਲਈ ਖਤਮ ਹੋਣੀ ਚਾਹੀਦੀ ਹੈ।
ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਨੂੰ ਪ੍ਰਵਾਨਗੀ ਦੇਣ ਸਮੇਂ ਜਨਵਰੀ 2010 ਵਿੱਚ ਵਿਰੋਧ ਪ੍ਰਗਟਾਉਣ ਵਾਲੇ ਅੰਤ੍ਰਿੰਗ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ ਨੇ ਆਖਿਆ ਕਿ ਉਨ੍ਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਨੇ ਉਸ ਵੇਲੇ ਵੀ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕੀਤਾ ਸੀ, ਕਿਉਂਕਿ ਇਹ ਸੋਧਿਆ ਹੋਇਆ ਕੈਲੰਡਰ ਨਾਨਕਸ਼ਾਹੀ ਕੈਲੰਡਰ ਨਹੀਂ ਹੈ। ਉਨ੍ਹਾਂ ਆਖਿਆ ਕਿ ਮੂਲ ਰੂਪ ਕੈਲੰਡਰ ਨੂੰ ਹੀ ਲਾਗੂ ਰਹਿਣ ਦੇਣਾ ਚਾਹੀਦਾ ਸੀ। ਇਸ ਦੁਬਿਧਾ ਨੇ ਸਾਬਤ ਕਰ ਦਿੱਤਾ ਹੈ ਕਿ ਉਨ੍ਹਾਂ ਵੱਲੋਂ ਉਸ ਵੇਲੇ ਲਿਆ ਗਿਆ ਨਿਰਣਾ ਬਿਲਕੁਲ ਠੀਕ ਸੀ। ਉਨ੍ਹਾਂ ਆਖਿਆ ਕਿ ਮੂਲ ਨਾਨਕਸ਼ਾਹੀ ਕੈਲੰਡਰ ਹੀ ਕੌਮ ਦੇ ਹਿੱਤ ਵਿੱਚ ਹੈ ਕਿਉਂਕਿ ਇਹ ਕੌਮ ਦੀ ਅੱਡਰੀ ਪਛਾਣ ਦਾ ਵੀ ਪ੍ਰਤੀਕ ਹੈ। ਉਨ੍ਹਾਂ ਦੋਸ਼ ਲਾਇਆ ਕਿ ਜਿਨ੍ਹਾਂ ਆਗੂਆਂ ਦੇ ਕਹਿਣ ’ਤੇ ਨਾਨਕਸ਼ਾਹੀ ਕੈਲੰਡਰ ਦਾ ਕਤਲ ਕੀਤਾ ਗਿਆ ਸੀ, ਉਹ ਹੁਣ ਆਪ ਵਿਚੋਂ ਨਿਕਲ ਗਏ ਹਨ ਅਤੇ ਕੌਮ ਨੂੰ ਦੁਬਿਧਾ ਵਿਚ ਪਾ ਦਿੱਤਾ ਹੈ। ਉਨ੍ਹਾਂ ਅਪੀਲ ਕੀਤੀ ਹੈ ਕਿ ਅਕਾਲ ਤਖ਼ਤ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦ੍ਰਿੜ੍ਹਤਾ ਨਾਲ ਇਸ ਮਾਮਲੇ ਵਿੱਚ ਕਾਰਵਾਈ ਕਰਨ ਅਤੇ ਕੌਮੀ ਭਾਵਨਾਵਾਂ ਦਾ ਧਿਆਨ ਰੱਖਦੇ ਹੋਏ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕੀਤਾ ਜਾਵੇ।
ਸਿਖ ਵਿਦਵਾਨ ਅਸ਼ੋਕ ਸਿੰਘ ਬਾਗੜੀਆ ਨੇ ਆਖਿਆ ਕਿ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਕਾਰਨ ਪੈਦਾ ਹੋਈ ਦੁਬਿਧਾ ਨੂੰ ਧਿਆਨ ਵਿੱਚ ਰੱਖਦਿਆਂ ਇਹ ਸਮੇਂ ਦੀ ਮੰਗ ਹੈ ਕਿ ਇੱਕ ਵਾਰ ਮੁੜ ਇਸ ਮੁੱਦੇ ’ਤੇ ਵਿਸ਼ਵ ਭਰ ਦੇ ਸਿੱਖਾਂ ਨੂੰ ਸੱਦ ਕੇ ਵਿਚਾਰ ਕੀਤਾ ਜਾਵੇ। ਉਨ੍ਹਾਂ ਆਖਿਆ ਕਿ ਅਕਾਲ ਤਖ਼ਤ ਦੇ ਜਥੇਦਾਰ ਇਸ ਮਾਮਲੇ ਵਿੱਚ ਪਹਿਲਕਦਮੀ ਕਰਦਿਆਂ ਸ਼੍ਰੋਮਣੀ ਕਮੇਟੀ ਨੂੰ ਹਦਾਇਤ ਕਰਨ ਕਿ ਉਹ ਮਾਮਲੇ ਨੂੰ ਹੱਲ ਕਰਨ ਲਈ ਇਕ ਉਪਰਾਲਾ ਕਰੇ। ਉਨ੍ਹਾਂ ਆਖਿਆ ਕਿ ਮੌਜੂਦਾ ਕੈਲੰਡਰ ਨੇ ਸਿੱਖ ਕੌਮ ਦੀ ਦਿੱਖ ਨੂੰ ਵੀ ਪ੍ਰਭਾਵਿਤ ਕੀਤਾ ਹੈ ਅਤੇ ਇਸ ਕਾਰਨ ਮਜ਼ਾਕ ਦਾ ਵਿਸ਼ਾ ਬਣ ਗਿਆ ਹੈ। ਦਲ ਖ਼ਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਆਖਿਆ ਕਿ ਅਕਾਲ ਤਖ਼ਤ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਇਸ ਮਾਮਲੇ ਵਿੱਚ ਇੱਕ ਦੂਜੇ ’ਤੇ ਜ਼ਿੰਮੇਵਾਰੀ ਨਾ ਪਾਉਣ। ਉਨ੍ਹਾਂ ਆਖਿਆ ਕਿ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰਨ ਦੇ ਮਾਮਲੇ ਵਿੱਚ ਦੋਵੇਂ ਹੀ ਬਰਾਬਰ ਦੇ ਜ਼ਿੰਮੇਵਾਰ ਹਨ ਅਤੇ ਇਸ ਕਾਰਨ ਜੋ ਅੱਜ ਦੁਬਿਧਾ ਪੈਦਾ ਹੋਈ ਹੈ, ਉਸ ਲਈ ਵੀ ਇਹ ਦੋਵੇਂ ਧਾਰਮਿਕ ਸ਼ਖਸੀਅਤਾਂ ਸਿੱਖ ਕੌਮ ਅੱਗੇ ਜੁਆਬਦੇਹ ਹੈ। ਉਨ੍ਹਾਂ ਅਪੀਲ ਕੀਤੀ ਹੈ ਕਿ ਮੁੜ ਕੁਝ ਗਲਤ ਕਰਨ ਦੀ ਥਾਂ ਮੂਲ ਨਾਨਕਸ਼ਾਹੀ ਕੈਲੰਡਰ ਲਾਗੂ ਕੀਤਾ ਜਾਵੇ।