ਸ਼ਬਦੀਸ਼
ਚੰਡੀਗੜ੍ਹ – ਸਿੱਖ ਪਛਾਣ ਲਈ ਆਇਆ ਨਾਨਕਸ਼ਾਹੀ ਕੈਲੰਡਰ ਅਕਸਰ ਉਲਝਣ ਪੈਦਾ ਕਰਦਾ ਰਹਿੰਦਾ ਹੈ। ਇਸ ਵਾਰ ਫ਼ਤਿਹਗੜ੍ਹ ਸਾਹਿਬ ਦਾ ਸ਼ਹੀਦੀ ਜੋੜ ਮੇਲਾ 26, 27 ਤੇ 28 ਦਸੰਬਰ ਨੂੰ ਆ ਰਿਹਾ ਹੈ, ਜਿਸਦੇ ਆਖਰੀ ਦਿਨ ਗੁਰੂ ਗੋਬਿੰਦ ਸਿੰਘ ਦਾ ਜਨਮ ਦਿਹਾੜਾ ਵੀ ਆ ਗਿਆ ਹੈ। ਇਸ ਪੰਥਕ ਹਲਕਿਆਂ ਅੰਦਰ ਅਜੀਬ ਕਿਸਮ ਦੀ ਉਲਝਣ ਪੈਦਾ ਕਰ ਦਿੱਤੀ ਹੈ। ਹੁਣ ਜਦੋਂ ਪੰਥ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰ ਰਿਹਾ ਹੋਵੇਗਾ, ਉਸੇ ਵੇਲੇ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਕਿਵੇਂ ਸਾਂਝੀ ਕੀਤੀ ਜਾ ਸਕੇਗੀ?
ਜ਼ਿਕਰਯੋਗ ਹੈ ਕਿ ਸ਼ਹੀਦੀ ਜੋੜ ਮੇਲਾ ਹਮੇਸ਼ਾ 11, 12 ਤੇ 13 ਪੋਹ ਨੂੰ ਹੀ ਆਉਂਦਾ ਹੈ, ਪਰ ਈਸਵੀ ਕੈਲੰਡਰ ਦਸੰਬਰ ਦੀਆਂ ਤਰੀਕਾਂ ਅੱਗੇ-ਪਿੱਛੇ ਚਲੀਆਂ ਜਾਂਦੀਆਂ ਹਨ। ਸ਼੍ਰੀ ਅਕਾਲ ਤਖ਼ਤ ਤੋਂ ਪਾਸ ਕੀਤਾ ਵਿਵਾਦਤ ਨਾਨਕਸ਼ਾਹੀ ਕੈਲੰਡਰ ਮਸਲਾ ਹੱਲ ਕਰਨ ਵਿੱਚ ਅਸਫ਼ਲ ਰਹਿ ਜਾਂਦਾ ਹੈ, ਜਿਸ ਕਾਰਨ ਅਕਸਰ ਵਿਵਾਦ ਸਾਹਮਣੇ ਆ ਜਾਂਦੇ ਹਨ। ਇਸ ਵਾਰ ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਦਿਹਾੜਾ 28 ਦਸੰਬਰ ਦਾ ਹੈ। ਇਸ ਕਰਕੇ ਸਿੱਖ ਭਾਈਚਾਰਾ ਭੰਬਲਭੂਸੇ ਵਿੱਚ ਹੈ ਕਿ ਉਹ ਸ਼ਹਾਦਤ ਜਾਂ ਪ੍ਰਕਾਸ਼ ਉਤਸਵ ਚੋਂ ਕਿਸਨੂੰ ਪਹਿਲ ਦਿੱਤੀ ਜਾਵੇ? ਵੈਸੇ ਇਹ ਇਸ ਸਾਲ ਦੀ ਹੀ ਸਮੱਸਿਆ ਨਹੀਂ ਹੈ। ਕਈ ਵਾਰੀ ਇਸ ਤਰ੍ਹਾਂ ਵੀ ਹੁੰਦਾ ਰਿਹਾ ਹੈ ਕਿ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਦਿਹਾੜਾ ਸਾਲ ਵਿੱਚ ਦੋ ਵਾਰ ਆ ਜਾਂਦਾ ਹੈ ਤੇ ਕਈ ਵਾਰੀ ਸਾਲ ਵਿੱਚ ਹੁੰਦਾ ਹੀ ਨਹੀਂ । ਆਮ ਕੈਲੰਡਰ ਵਿੱਚ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਦਿਹਾੜਾ 5 ਜਨਵਰੀ ਦਾ ਹੈ, ਪਰ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਪਸ਼ਟ ਨਹੀਂ ਕਰ ਸਕੇ ਕਿ ਇਹ ਦਿਹਾੜੇ ਕਿਸ ਤਰ੍ਹਾਂ ਮਨਾਏ ਜਾਣਗੇ।
ਮਸਲੇ ਬਾਬਤ ਵਿਚਾਰਾਂ ਜਾਰੀ
ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਹੈ ਕਿ ਇਸ ਵਾਰ ਇਹ ਦਿਹਾੜੇ ਸਿੱਖ ਸੰਗਤ ਨੂੰ ਭੰਬਲਭੂਸੇ ਵਿੱਚ ਪਾ ਰਹੇ ਹਨ। ਇਹ ਹੋ ਨਹੀਂ ਸਕਦਾ ਕਿ ਇੱਕੋ ਸਮੇਂ ਖੁਸ਼ੀ ਤੇ ਗਮੀ ਦੇ ਦਿਹਾੜੇ ਮਨਾਏ ਜਾਣ। ਇਸ ਬਾਬਤ ਕੋਈ ਨਾ ਕੋਈ ਰਾਏ ਬਣਾਈ ਜਾ ਰਹੀ ਹੈ ਤਾਂ ਜੋ ਸਿੱਖ ਸੰਗਤ ਨੂੰ ਸਹੀ ਦਿਸ਼ਾ ਦਿੱਤੀ ਜਾ ਸਕੇ। ਨਾਨਕਸ਼ਾਹੀ ਕੈਲੰਡਰ ਜਾਰੀ ਕਰਨ ਵਾਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਉਨ੍ਹਾਂ ਨੇ ਜੋ ਕੈਲੰਡਰ ਜਾਰੀ ਕੀਤਾ ਸੀ, ਉਹ ਕੁਝ ਵਿਗਿਆਨਕ ਕਾਰਨਾਂ ਕਰਕੇ ਸਹੀ ਸੀ। ਅਕਾਲ ਤਖ਼ਤ ਸਾਹਿਬ ਵੱਲੋਂ ਉਹ ਕੈਲੰਡਰ ਰੱਦ ਕਰਕੇ ਨਵਾਂ ਕੈਲੰਡਰ ਜਾਰੀ ਕਰ ਦਿੱਤਾ ਗਿਆ, ਪਰ ਉਹ ਸ਼੍ਰੀ ਅਕਾਲ ਤਖ਼ਤ ਵੱਲੋਂ ਕੀਤੇ ਫ਼ੈਸਲੇ ਬਾਰੇ ਉਹ ਕੁਝ ਨਹੀਂ ਕਹਿ ਸਕਦੇ।