ਪੰਜਾਬ ਸਰਕਾਰ ਨੇ ਸੀ ਬੀ ਆਈ ਜਾਂਚ ਲਈ ਨੋਟੀਫਿਕੇਸ਼ਨ ਵੀ ਜਾਰੀ ਨਹੀਂ ਕੀਤਾ
ਐਨ ਐਨ ਬੀ
ਮਾਲੇਰਕੋਟਲਾ – ਇਥੋਂ ਦੇ ਛੋਟਾ ਮੁਹੱਲਾ ਧੋਬੀਆਂ ਵਾਸੀ ਨਵਨੀਤ ਕੁਮਾਰ ਜੈਨ ਅਤੇ ਉਨ੍ਹਾਂ ਦੀ ਪਤਨੀ ਆਰਤੀ ਜੈਨ ਨੂੰ ਕੋਈ ਚੇਤਾ ਵੀ ਨਹੀਂ ਸੀ ਕਿ ਜਦੋਂ ਉਨ੍ਹਾਂ ਦਾ ਲਾਡਲਾ ਵਿਧੂ ਜੈਨ (11) ਪਿਛਲੇ ਸਾਲ 30 ਸਤੰਬਰ ਨੂੰ ਸਵੇਰੇ ਸਵਾ ਦਸ ਵਜੇ ਦੇ ਕਰੀਬ ਆਪਣੇ ਛੋਟੇ ਭਰਾ ਨਮਨ ਜੈਨ ਨੂੰ ਸਕੂਲ ਵਿੱਚ ਰੋਟੀ ਦੇਣ ਤੁਰਿਆ ਸੀ ਕਿ ਉਹ ਮੁੜ ਕੇ ਕਦੇ ਵਾਪਸ ਨਹੀਂ ਆਵੇਗਾ। ਵਿਧੂ ਜੈਨ ਦੀ ਮੌਤ ਮਗਰੋਂ ਸਿਆਸੀ ਆਗੂਆਂ ਤੇ ਪੁਲੀਸ ਨੇ ਉਸ ਦੇ ਮਾਪਿਆਂ ਨੂੰ ਇਨਸਾਫ਼ ਦਿਵਾਉਣ ਦਾ ਭਰੋਸਾ ਦਿੱਤਾ ਸੀ ਪਰ ਹੁਣ ਤੱਕ ਕੁਝ ਨਹੀਂ ਹੋ ਸਕਿਆ। ਇਨਸਾਫ਼ ਲਈ ਦਰ-ਦਰ ਭਟਕਦੇ ਵਿਧੂ ਜੈਨ ਦੇ ਮਾਪੇ ਆਖ਼ਰ ਸ਼ਹਿਰ ਨੂੰ ਅਲਵਿਦਾ ਕਹਿ ਗਏ, ਪਰ ਪੁੱਤਰ ਦੀ ਯਾਦ ਅਤੇ ਇਨਸਾਫ਼ ਨਾ ਮਿਲਣ ਦਾ ਮਲਾਲ ਉਨ੍ਹਾਂ ਨੂੰ ਹਰ ਵੇਲੇ ਸੂਲੀ ’ਤੇ ਟੰਗੀ ਰੱਖਦਾ ਹੈ।
ਯਾਦ ਰਹੇ ਕਿ 30 ਸਤੰਬਰ, 2013 ਨੂੰ ਕਰੀਬ 11 ਵਜੇ ਵਿਧੂ ਜੈਨ ਨੂੰ ਬੇ-ਆਬਾਦ ਕਮਰੇ ਵਿੱਚ ਕਿਸੇ ਵੱਲੋਂ ਅੱਗ ਲਾ ਕੇ ਸਾੜ ਦਿੱਤਾ ਗਿਆ ਸੀ। ਉਸਨੂੰ ਨੂੰ ਸਿਵਲ ਹਸਪਤਾਲ ਨੇ ਮੁੱਢਲੀ ਸਹਾਇਤਾ ਦੇ ਕੇ ਲੁਧਿਆਣਾ ਰੈਫਰ ਕਰ ਦਿੱਤਾ, ਪਰ ਉਹ ਰਸਤੇ ਵਿੱਚ ਦਮ ਤੋੜ ਗਿਆ। ਵਿਧੂ ਜੈਨ ਦੇ ਤਾਇਆ ਪ੍ਰੇਮ ਜੈਨ ਅਤੇ ਵਿਨੋਦ ਜੈਨ ਨੇ ਦੱਸਿਆ ਕਿ ਵਿਧੂ ਜੈਨ ਨੂੰ ਰੈਫਰ ਕਰਨ ਵੇਲੇ ਸਰਕਾਰੀ ਹਸਪਤਾਲ ਵਿੱਚ ਨਾ ਤਾਂ ਸਰਕਾਰੀ ਐਂਬੂਲੈਂਸ ਸੀ ਅਤੇ ਨਾ ਹੀ ਆਕਸੀਜਨ ਦਾ ਪ੍ਰਬੰਧ ਸੀ।
ਵਿਧੂ ਜੈਨ ਨੇ ਮਾਪਿਆਂ ਦਾ ਕਹਿਣਾ ਸੀ ਕਿ ਵਿਧੂ ਜੈਨ ਨੂੰ ਕਿਸੇ ਨੇ ਅੱਗ ਲਾ ਕੇ ਮਾਰਿਆ ਹੈ। ਓਦੋਂ ਸ਼ਹਿਰ ਵਾਸੀਆਂ ਨੇ ਸਥਾਨਕ ਜਰਗ ਚੌਕ ਵਿੱਚ ਧਰਨਾ ਦੇ ਕੇ ਵਿਧੂ ਜੈਨ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਸੀ, ਜਿਸ ਵਿੱਚ ਤਤਕਾਲੀ ਸੰਸਦ ਮੈਂਬਰ ਵਿਜੈਇੰਦਰ ਸਿੰਗਲਾ ਵੀ ਸ਼ਾਮਲ ਹੋਏ ਸਨ। ਇਸ ਤੋਂ ਬਾਅਦ ਪੁਲੀਸ ਨੇ ਕਾਤਲਾਂ ਨੂੰ ਫੜਨ ਦਾ ਭਰੋਸਾ ਦਿੱਤਾ, ਜਿਸ ਮਗਰੋਂ ਪਹਿਲੀ ਅਕਤੂਬਰ ਨੂੰ ਉਸ ਦਾ ਸਸਕਾਰ ਕਰ ਦਿੱਤਾ ਗਿਆ। ਵਿਧੂ ਦੇ ਸਸਕਾਰ ਮੌਕੇ ਸ੍ਰੀ ਵਿਜੈਇੰਦਰ ਸਿੰਗਲਾ, ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ, ਵਿਧਾਇਕ ਇਕਬਾਲ ਸਿੰਘ ਝੂੰਦਾਂ, ਸਿਹਤ ਮੰਤਰੀ ਸਰਜੀਤ ਕੁਮਾਰ ਜਿਆਣੀ, ਮੁੱਖ ਸੰਸਦੀ ਸਕੱਤਰ ਤੇ ਹਲਕਾ ਵਿਧਾਇਕਾ ਬੀਬੀ ਫਰਜ਼ਾਨਾ ਆਲਮ ਸਮੇਤ ਪੁਲੀਸ ਦੇ ਉਚ ਅਧਿਕਾਰੀ ਪਹੁੰਚੇ ਹੋਏ ਸਨ।
ਇਸ ਮਾਮਲੇ ਸਬੰਧੀ 2 ਅਕਤੂਬਰ ਨੂੰ ਪੁਲੀਸ ਨੇ ਪੁੱਛ-ਗਿੱਛ ਲਈ ਕੁਝ ਨੌਜਵਾਨਾਂ ਨੂੰ ਥਾਣੇ ਲਿਆਂਦਾ, ਜਿਸ ਦਾ ਪਤਾ ਲੱਗਦਿਆਂ ਸਬੰਧਤ ਭਾਈਚਾਰੇ ਨੇ ਥਾਣੇ ਲਿਆਂਦੇ ਨੌਜਵਾਨਾਂ ਦੀ ਬਿਨਾਂ ਸ਼ਰਤ ਰਿਹਾਈ ਲਈ ਜਰਗ ਚੌਕ ਵਿੱਚ ਧਰਨਾ ਲਾ ਦਿੱਤਾ ਸੀ। ਬਾਅਦ ਵਿੱਚ ਪੁਲੀਸ ਨੇ ਨੌਜਵਾਨਾਂ ਨੂੰ ਛੱਡ ਦਿੱਤਾ। ਪੰਜਾਬ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਲਈ ਆਈ ਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਅਗਵਾਈ ਹੇਠ ਪੰਜ ਆਹਲਾ ਪੁਲੀਸ ਅਫ਼ਸਰਾਂ ਦੀ ਟੀਮ ਦਾ ਗਠਿਨ ਕੀਤਾ ਸੀ ਪਰ ਇਹ ਟੀਮ ਮਾਮਲਾ ਨਾ ਸੁਲਝਾ ਸਕੀ। ਇਸ ਵਰ੍ਹੇ ਤਿੰਨ ਜਨਵਰੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਨੂੰ ਇਸ ਮਾਮਲੇ ਦੀ ਸੀ ਬੀ ਆਈ ਜਾਂਚ ਲਈ ਪੱਤਰ ਲਿਖਿਆ ਸੀ। ਫਿਰ ਇਸ ਵਰ੍ਹੇ 7 ਜੁਲਾਈ ਨੂੰ ਮਰਹੂਮ ਵਿਧੂ ਜੈਨ ਦੇ ਪਰਿਵਾਰ ਨੇ ਇਨਸਾਫ਼ ਲਈ ਪੰਜਾਬ ਅਤੇ ਹਰਿਆਣਾ ਉੱਚ ਅਦਾਲਤ ਵਿੱਚ ਪਟੀਸ਼ਨ ਪਾ ਕੇ ਮਾਮਲੇ ਦੀ ਜਾਂਚ ਸੇਵਾ ਮੁਕਤ ਜੱਜ ਦੀ ਨਿਗਰਾਨੀ ਹੇਠ ਕਰਵਾਉਣ ਦੀ ਮੰਗ ਕੀਤੀ ਸੀ। ਹੁਣ 19 ਸਤੰਬਰ ਨੂੰ ਸੀ ਬੀ ਆਈ ਦੇ ਵਕੀਲ ਨੇ ਉੱਚ ਅਦਾਲਤ ਨੂੰ ਇਹ ਦੱਸ ਕੇ ਪੰਜਾਬ ਸਰਕਾਰ ਦੀ ਪੋਲੀ ਦਿੱਤੀ ਕਿ ਸਰਕਾਰ ਨੇ ਇਹ ਮਾਮਲਾ ਸੀ ਬੀ ਆਈ ਨੂੰ ਸੌਂਪਣ ਲਈ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਸੀ। ਸੀ ਬੀ ਆਈ ਦੇ ਵਕੀਲ ਦੇ ਇਸ ਖੁਲਾਸੇ ਮਗਰੋਂ ਹੀ ਪੰਜਾਬ ਸਰਕਾਰ ਨੇ ਇਸ ਮਾਮਲੇ ਦੀ ਸੀ ਬੀ ਆਈ ਜਾਂਚ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ।