ਐਨ ਐਨ ਬੀ
ਓਸਲੋ/ਨਵੀਂ ਦਿੱਲੀ – ਭਾਰਤ ਦੇ ਕੈਲਾਸ਼ ਸਤਿਆਰਥੀ ਤੇ ਪਾਕਿਸਤਾਨ ਦੀ ਮੁਟਿਆਰ ਮਲਾਲਾ ਯੂਸਫਜ਼ਈ ਨੂੰ ਬੱਚਿਆਂ ਦੇ ਹੱਕਾਂ ਲਈ ਕੰਮ ਕਰਨ ਲਈ 2014 ਦੇ ਨੋਬੇਲ ਅਮਨ ਪੁਰਸਕਾਰ ਲਈ ਚੁਣਿਆ ਗਿਆ ਹੈ। ਭਾਰਤ ਵਿੱਚ ਐਨ ਜੀ ਓ ਚਲਾਉਂਦੇ 60 ਸਾਲਾ ਸੱਤਿਆਰਥੀ ਬੱਚਿਆਂ ਨੂੰ ਬਾਲ ਮਜ਼ਦੂਰੀ ਤੇ ਤਸਕਰੀ ਤੋਂ ਬਚਾਉਣ ਲਈ ਕੰਮ ਕਰਦੇ ਹਨ ਤੇ 17 ਸਾਲਾ ਮਲਾਲਾ ਤਾਲਿਬਾਨ ਦੇ ਜ਼ੋਰਦਾਰ ਵਿਰੋਧ ਦੇ ਬਾਵਜੂਦ ਪਾਕਿਸਤਾਨ ਵਿੱਚ ਲੜਕੀਆਂ ਦੇ ਸਿੱਖਿਆ ਅਧਿਕਾਰ ਦੀ ਪੈਰਵੀ ਕਰਦੀ ਰਹੀ ਹੈ। ਇਸੇ ਕਰਕੇ ਤਾਲਿਬਾਨ ਅਤਿਵਾਦੀਆਂ ਨੇ ਉਸ ਨੂੰ ਪਾਕਿਸਤਾਨ ਵਿੱਚ ਸਕੂਲੋਂ ਪਰਤਦੀ ਨੂੰ ਗੋਲੀਆਂ ਨਾਲ ਵਿੰਨ੍ਹ ਦਿੱਤਾ ਸੀ।
ਨੋਬੇਲ ਅਮਨ ਪੁਰਸਕਾਰ ਕਮੇਟੀ ਅਨੁਸਾਰ ਕੈਲਾਸ਼ ਸੱਤਿਆਰਥੀ ਤੇ ਮਲਾਲਾ ਯੂਸਫ਼ਜ਼ਈ ਬੱਚਿਆਂ ਤੇ ਕਿਸ਼ੋਰਾਂ ਦਾ ਦਮਨ ਹੋਣੋਂ ਰੋਕਣ ਅਤੇ ਸਾਰੇ ਬੱਚਿਆਂ ‘ਚ ਸਿੱਖਿਆ ਦੇ ਅਧਿਕਾਰ ਲਈ ਸੰਘਰਸ਼ ਕਰਦੇ ਆ ਰਹੇ ਹਨ। ਕਮੇਟੀ ਅਨੁਸਾਰ ‘ਬਚਪਨ ਬਚਾਓ’ ਅੰਦੋਲਨ’ ਨਾਮ ਦੀ ਐਨ ਜੀ ਓ ਚਲਾ ਰਹੇ ਸੱਤਿਆਰਥੀ ਨੇ ਮਹਾਤਮਾ ਗਾਂਧੀ ਦੀ ਪ੍ਰੰਪਰਾ ਜਾਰੀ ਰੱਖੀ ਹੈ ਤੇ ਉਹ ਅਮਨਪੂਰਵਕ ਪ੍ਰਦਰਸ਼ਨਾਂ ਦੀ ਅਗਵਾਈ ਕਰਦੇ ਰਹੇ ਹਨ। ਉਨ੍ਹਾਂ ਦਾ ਸਾਰਾ ਧਿਆਨ ਵਿੱਤੀ ਲਾਭਾਂ ਲਈ ਬੱਚਿਆਂ ਦਾ ਸ਼ੋਸ਼ਣ ਕੀਤੇ ਜਾਣ ਦੇ ਗੰਭੀਰ ਵਰਤਾਰੇ ਨੂੰ ਰੋਕਣ ਵਾਲਾ ਰਿਹਾ ਹੈ। ਕਮੇਟੀ ਨੇ ਕਿਹਾ, “ਜਿਊਰੀ ਇਸ ਮਹੱਤਵਪੂਰਨ ਪਹਿਲੂ ਦਾ ਬਹੁਤ ਸਤਿਕਾਰ ਕਰਦੀ ਹੈ ਕਿ ਇਕ ਹਿੰਦੂ ਤੇ ਇਕ ਮੁਸਲਮਾਨ, ਇਕ ਭਾਰਤੀ ਤੇ ਇਕ ਪਾਕਿਸਤਾਨੀ, ਇੰਤਹਾਪਸੰਦੀ ਵਿਰੁੱਧ ਤੇ ਸਿੱਖਿਆ ਲਈ ਸਾਂਝੇ ਤੌਰ ‘ਤੇ ਸੰਘਰਸ਼ ਵਿੱਚ ਸ਼ਾਮਲ ਹਨ।”
ਯਾਦ ਰਹੇ ਕਿ ਮਲਾਲਾ ਅਮਨ ਪੁਰਸਕਾਰ ਦੇ ਵਰਗ ਵਿੱਚ ਪਿਛਲੇ ਸਾਲ ਵੀ ਨਾਮਜ਼ਦ ਹੋਈ ਸੀ ਅਤੇ ਨੋਬੇਲ ਪੁਰਸਕਾਰ ਲੈਣ ਵਾਲੀ ਸਭ ਤੋਂ ਛੋਟੀ ਉਮਰ ਦੀ ਹਸਤੀ ਹੈ।
ਕਾਸ਼! ਨੋਬੇਲ ਅਮਨ ਪੁਰਸਕਾਰ ਗਾਂਧੀ ਨੂੰ ਮਿਲ਼ ਜਾਂਦਾ : ਕੈਲਾਸ਼ ਸਤਿਆਰਥੀ
ਨੋਬੇਲ ਅਮਨ ਪੁਰਸਕਾਰ ਬਾਰੇ ਜਾਣ ਕੇ ਖੁਸ਼ ਹੋਏ ਬਾਲ ਹੱਕਾਂ ਦੇ ਕਾਰਕੁੰਨ ਕੈਲਾਸ਼ ਸਤਿਆਰਥੀ ਨੇ ਇਹ ਪ੍ਰਾਪਤੀ ਮੁਲਕ ਦੇ ਲੋਕਾਂ ਦੇ ਨਾਮ ਸਮਰਪਿਤ ਕੀਤੀ ਹੈ ਅਤੇ ਅਹਿਦ ਲਿਆ ਕਿ ਉਹ ਬੱਚਿਆਂ ਦਾ ਸੋਸ਼ਣ ਰੋਕਣ ਅਤੇ ਉਨ੍ਹਾਂ ਦੀ ਭਲਾਈ ਯਕੀਨੀ ਬਣਾਉਣ ਦਾ ਕਾਰਜ ਨਵੀਂ ਊਰਜਾ ਨਾਲ ਜਾਰੀ ਰੱਖਣਗੇ। ਉਨ੍ਹਾਂ ਨੇ ਪੁਰਸਕਾਰ ਕਮੇਟੀ ਦਾ ਧੰਨਵਾਦ ਕੀਤਾ, ਜਿਸ ਨੇ ਲੱਖਾਂ ਬੱਚਿਆਂ ਦੀ ਸਥਿਤੀ ‘ਤੇ ਧਿਆਨ ਕੇਂਦਰਤ ਕੀਤਾ ਹੈ। ਪੱਕੇ ਗਾਂਧੀਵਾਦੀ ਸਤਿਆਰਥੀ ਨੇ ਕਿਹਾ ਕਿ ਉਹ ਹੋਰ ਖੁਸ਼ ਹੁੰਦੇ, ਜੇਕਰ ਇਹ ਪੁਰਸਕਾਰ ਮਹਾਤਮਾ ਗਾਂਧੀ ਨੂੰ ਮਿਲ ਗਿਆ ਹੁੰਦਾ।
ਨੋਬੇਲ ਪੁਰਸਕਾਰ ਜੇਤੂ ਸਤਿਆਰਥੀ ਨੂੰ ਫੂਲਕਾ ਵੱਲੋਂ ਮਿਲਦੀ ਹੈ ਮੁਫ਼ਤ ਕਾਨੂੰਨੀ ਸਹਾਇਤਾ
ਐਨ ਐਨ ਬੀ
ਲੁਧਿਆਣਾ – ਨੋਬਲ ਇਨਾਮ ਹਾਸਲ ਕਰਕੇ ਦੇਸ਼ ਲਈ ਮਾਣਮੱਤੀ ਪ੍ਰਾਪਤੀ ਕਰਨ ਵਾਲੇ ਕੈਲਾਸ਼ ਸਤਿਆਰਥੀ ਦੀ ਸੁਪਰੀਮ ਕੋਰਟ ਦੇ ਸੀਨੀਅਰ ਐਡਵੋਕੇਟ ਅਤੇ ਆਮ ਆਦਮੀ ਪਾਰਟੀ ਦੇ ਤਰਜ਼ਮਾਨ ਹਰਵਿੰਦਰ ਸਿੰਘ ਫੂਲਕਾ ਨਾਲ ਵੀ ਕਰੀਬੀ ਸਾਂਝ ਹੈ ਜੋ ਕਿ ਸਤਿਆਰਥੀ ਦੀ ਸਮਾਜ ਸੇਵੀ ਸੰਸਥਾ ‘ਬਚਪਨ ਬਚਾਓ ਅੰਦੋਲਨ’ ਵੱਲੋਂ ਛੋਟੇ ਬੱਚਿਆਂ ਦੇ ਹੱਕਾਂ ਦੀ ਰਾਖੀ ਲਈ ਕੇਸਾਂ ਦੀ ਪੈਰਵੀ ਬਿਨਾਂ ਕਿਸੇ ਫੀਸ ਤੋਂ ਕਰਦੇ ਹਨ।
ਫੂਲਕਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਸਤਿਆਰਥੀ ਅਤੇ ਉਨ੍ਹਾਂ ਦੇ ਸਾਥੀ ਦਿੱਲੀ ਅਤੇ ਦੇਸ਼ ਦੇ ਹੋਰ ਸੂਬਿਆਂ ਵਿੱਚ ਗੁੰਮ ਹੋਏ ਬੱਚਿਆਂ ਦੀ ਭਾਲ, ਬੰਦੀ ਬਣਾਏ ਬੱਚਿਆਂ ਨੂੰ ਛੁਡਵਾਉਣ ਅਤੇ ਬਾਲ ਮਜ਼ਦੂਰੀ ਦੀ ਰੋਕਥਾਮ ਲਈ ਕੰਮ ਕਰ ਰਹੇ ਹਨ। ਇਸ ਸੰਸਥਾ ਵੱਲੋਂ ਵੱਖ-ਵੱਖ ਸੂਬਿਆਂ ਦੀਆਂ ਹਾਈ ਕੋਰਟਾਂ ਅਤੇ ਸੁਪਰੀਮ ਕੋਰਟ ਵਿੱਚ ਦਰਜਨਾਂ ਕੇਸ ਦਾਇਰ ਕੀਤੇ ਗਏ ਹਨ, ਜਿਨ੍ਹਾਂ ਦੀ ਪੈਰਵੀ ਉਹ ਕਈ ਸਾਲਾਂ ਤੋਂ ਆਪਣੀ ਨੈਤਿਕ ਜ਼ਿੰਮੇਵਾਰੀ ਸਮਝ ਕੇ ਮੁਫਤ ਕਰ ਰਹੇ ਹਨ। ਫੂਲਕਾ ਨੇ ਸਤਿਆਰਥੀ ਨੂੰ ਨੋਬਲ ਪੁਰਸਕਾਰ ਮਿਲਣ ‘ਤੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਵਕਾਰੀ ਪੁਰਸਕਾਰ ਨਾਲ ‘ਬਚਪਨ ਬਚਾਓ ਅੰਦੋਲਨ’ ਸੰਸਥਾ ਦੇ ਸਾਰੇ ਸਹਿਕਰਮੀਆਂ ਦਾ ਮਨੋਬਲ ਉੱਚਾ ਹੋਇਆ ਹੈ।
ਸਤਿਆਰਥੀ ਬਣੇ ਪੰਜਵੇਂ ‘ਨੋਬੇਲ’ ਭਾਰਤੀ
ਕੈਲਾਸ਼ ਸਤਿਆਰਥੀ 5ਵੇਂ ਅਜਿਹੇ ਭਾਰਤੀ ਨਾਗਰਿਕ ਬਣ ਗਏ ਹਨ ਜਿਨ੍ਹਾਂ ਨੂੰ ਨੋਬੇਲ ਪੁਰਸਕਾਰ ਮਿਲਿਆ ਹੈ। ਉਨ੍ਹਾਂ ਤੋਂ ਪਹਿਲਾਂ ਰਬਿੰਦਰਨਾਥ ਟੈਗੋਰ, ਸੀ ਵੀ ਰਾਮਨ, ਮਦਰ ਟਰੇਸਾ ਅਤੇ ਅਮਰਿਤਆ ਸੇਨ ਨੂੰ ਨੋਬੇਲ ਪੁਰਸਕਾਰ ਮਿਲ ਚੁੱਕਾ ਹੈ। ਸਭ ਤੋਂ ਪਹਿਲਾਂ ਟੈਗੋਰ ਨੂੰ 1913 ਵਿੱਚ ਸਾਹਿਤ ਲਈ ਇਹ ਪੁਰਸਕਾਰ ਮਿਲਿਆ ਸੀ। ਰਾਮਨ ਨੂੰ 1930, ਮਦਰ ਟਰੇਸਾ ਨੂੰ 1979 ਇਹ ਪੁਰਸਕਾਰ ਹਾਸਲ ਹੋਇਆ ਸੀ, ਜਦਕਿ ਅਰਥ ਸ਼ਾਸਤਰੀ ਤੇ ਸਮਾਜਕ ਚਿੰਤਕ ਅਮਰਿਤਆ ਸੇਨ ਨੂੰ 1998 ਵਿੱਚ ਮੱਲ ਮਾਰੀ ਸੀ । ਜੇ ਭਾਰਤ ਵਿੱਚ ਜਨਮੇ, ਪਰ ਬਾਅਦ ਵਿੱਚ ਹੋਰ ਦੇਸ਼ ਦੇ ਨਾਗਰਿਕ ਬਣ ਗਏ ਲੋਕਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਵਿੱਚ ਰੋਨਾਲਡ ਰੌਸ (ਬ੍ਰਿਟੇਨ), ਰੁਡਿਆਰਡ ਕਿਪਲਿੰਗ (ਬ੍ਰਿਟੇਨ), ਹਰਗੋਬਿੰਦ ਖੁਰਾਣਾ (ਅਮਰੀਕਾ), ਅਬਦੁੱਲ ਸਲਾਮ (ਪਾਕਿਸਤਾਨ), ਸੁਬਰਾਮਨੀਅਨ ਚੰਦਰਸ਼ੇਖਰ (ਅਮਰੀਕਾ), ਵੀ.ਐਸ. ਨਈਪਾਲ (ਬ੍ਰਿਟੇਨ), ਮੁਹੰਮਦ ਯੂਨਿਸ (ਬੰਗਲਾਦੇਸ਼), ਵੈਂਕਟਰਮਨ ਰਾਮਕ੍ਰਿਸ਼ਨਨ (ਬ੍ਰਿਟੇਨ ਤੇ ਅਮਰੀਕਾ) ਸ਼ਾਮਲ ਹਨ, ਜਿਨ੍ਹਾਂ ਨੇ ਨੋਬੇਲ ਪੁਰਸਕਾਰ ਹਾਸਿਲ ਕੀਤਾ ਹੈ।
ਸਤਿਆਰਥੀ ਤੇ ਮਲਾਲਾ ਨੂੰ ਚੁਫੇਰਿਓਂ ਵਧਾਈਆਂ
ਨਵੀਂ ਦਿੱਲੀ/ਵਿਦਿਸ਼ਾ: ਬੱਚਿਆਂ ਦੇ ਹੱਕਾਂ ਦੇ ਕਾਰਕੁਨ ਕੈਲਾਸ਼ ਸੱਤਿਆਰਥੀ ਤੇ ਪਾਕਿਸਤਾਨੀ ਲੜਕੀ ਮਲਾਲਾ ਯੂਸਫਜ਼ਈ ਨੂੰ ਚੁਫੇਰਿਓਂ ਵਧਾਈਆਂ ਮਿਲ ਰਹੀਆਂ ਹਨ। ਰਾਸ਼ਟਰਪਤੀ ਪ੍ਰਣਬ ਮੁਖਰਜੀ, ਉਪ ਰਾਸ਼ਟਰਪਤੀ ਹਾਮਿਦ ਅਨਸਾਰੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ, ਗ੍ਰਹਿ ਮੰਤਰੀ ਰਾਜਨਾਥ ਸਿੰਘ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਤੇ ਹੋਰਾਂ ਵੱਲੋਂ ਉਨ੍ਹਾਂ ਨੂੰ ਵਧਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਦੋਵਾਂ ਨੂੰ ਸਾਂਝੇ ਤੌਰ ‘ਤੇ ਮਿਲੇ ਨੋਬੇਲ ਅਮਨ ਪੁਰਸਕਾਰ ਨੂੰ ਸਾਰੇ ਦੱਖਣੀ ਏਸ਼ੀਆ ਲਈ ਮਾਣ ਵਾਲੀ ਗੱਲ ਕਰਾਰ ਦਿੱਤਾ ਹੈ। ਇਸੇ ਦੌਰਾਨ ਕੈਲਾਸ਼ ਸੱਤਿਆਰਥੀ ਦੇ ਪਿੱਤਰੀ ਸ਼ਹਿਰ ਵਿਦਿਸ਼ਾ ਵਿੱਚ ਲੋਕ ਬਹੁਤ ਖੁਸ਼ ਹੋ ਕੇ ਇਸ ਪ੍ਰਾਪਤੀ ‘ਤੇ ਜਸ਼ਨ ਮਨਾ ਰਹੇ ਹਨ, ਮਠਾਈਆਂ ਵੰਡ ਰਹੇ ਹਨ ਤੇ ਪਟਾਕੇ ਚਲਾ ਰਹੇ ਹਨ।