ਐਨ ਐਨ ਬੀ
ਪਟਨਾ – ਇਥੇ ਗਾਂਧੀ ਮੈਦਾਨ ਵਿੱਚ ਅੱਜ ਸੂਰਜ ਛੂਪਣ ਸਮੇਂ ਰਾਵਣ, ਮੇਘਨਾਦ ਤੇ ਕੁੰਭਕਰਣ ਦੇ ਪੁਤਲੇ ਸਾੜੇ ਜਾਣ ਬਾਅਦ ਦੁਸਹਿਰਾ ਵੇਖਣ ਆਈ ਭੀੜ ਵਿੱਚ ਅਚਾਨਕ ਭਗਦੜ ਮਚ ਗਈ। ਭਗਦੜ ਵਿੱਚ ਮਚਣ ਕਾਰਨ 32 ਮੌਤਾਂ ਹੋਈਆਂ, ਜਦਕਿ ਕਰੀਬ 100 ਵਿਅਕਤੀ ਜ਼ਖ਼ਮੀ ਹੋਏ ਹਨ। ਮਰਨ ਵਾਲਿਆਂ ਵਿੱਚ ਜ਼ਿਆਦਾਤਰ ਮਹਿਲਾਵਾਂ ਤੇ ਬੱਚੇ ਹਨ। ਇਸ ਮੌਕੇ ਕਰੀਬ ਪੰਜ ਲੱਖ ਲੋਕ ਹਾਜ਼ਰ ਸਨ ਤੇ ਇਸ ਲਿਹਾਜ਼ ਨਾਲ ਪ੍ਰਸ਼ਾਸਨਕ ਪ੍ਰਬੰਧ ਨਿਗੂਣੇ ਸਨ। ਇਕ ਚਸ਼ਮਦੀਦ ਅਨੁਸਾਰ ਭੀੜ ਵਿੱਚ ਕਿਸੇ ਨੇ ਅਫਵਾਹ ਫੈਲਾਅ ਦਿੱਤੀ ਕਿ ਬਿਜਲੀ ਦੀ ਤਾਰ ਡਿੱਗ ਗਈ ਹੈ। ਇਸ ਕਾਰਨ ਲੋਕਾਂ ਵਿੱਚ ਭਗਦੜ ਮਚ ਗਈ। ਜ਼ਖ਼ਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਬਿਹਾਰ ਦੇ ਗ੍ਰਹਿ ਸਕੱਤਰ ਆਮਿਰ ਸੁਭਾਨੀ ਨੇ 32 ਮੌਤਾਂ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਜ਼ਖ਼ਮੀਆਂ ਨੂੰ ਬਿਹਤਰ ਇਲਾਜ ਦੇਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਪਟਨਾ ਦੇ ਜ਼ੋਨਲ ਆਈ.ਜੀ. ਕੁੰਦਨ ਕ੍ਰਿਸ਼ਨਨ ਨੇ ਦੱਸਿਆ ਕਿ ਭੀੜ ਜ਼ਿਆਦਾ ਹੋਣ ਕਾਰਨ ਭਗਦੜ ਨੂੰ ਰੋਕਣਾ ਬਹੁਤ ਮੁਸ਼ਕਲ ਹੋ ਗਿਆ ਸੀ। ਇਹ ਭਗਦੜ ਗਾਂਧੀ ਮੈਦਾਨ ਦੇ ਬਾਹਰ ਮਚੀ ਸੀ। ਲੋਕ ਘਰਾਂ ਨੂੰ ਪਰਤ ਰਹੇ ਸਨ। ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਰਾਜ ਸਰਕਾਰ ਉੱਪਰ ਲਾਪ੍ਰਵਾਹੀ ਵਰਤੇ ਜਾਣ ਦਾ ਦੋਸ਼ ਲਾਇਆ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮੈਦਾਨ ਵਿੱਚ ਬਣਾਏ ਚਾਰ ਗੇਟਾਂ ਵਿੱਚੋਂ ਤਿੰਨ ਬੰਦ ਸਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜ਼ਿਆਦਾਤਰ ਮੌਤਾਂ ਸਾਹ ਘੁੱਟਣ ਕਾਰਨ ਹੋਈਆਂ ਹਨ।