ਪਟਿਆਲਾ ਤੇ ਬਠਿੰਡਾ ਸਮੇਤ ਪੰਜਾਬ ਭਰ ਵਿੱਚ ਵੇਚੀ ਜਾ ਰਹੀ ਪੀ ਆਰ ਟੀ ਸੀ ਜਾਇਦਾਦ

0
1479

ਪੀ ਆਰ ਟੀ ਸੀ ਦਾ ਮਾਲੀ ਸੰਕਟ : ਤਨਖਾਹ ਉਡੀਕਦੇ ਮੁਲਾਜ਼ਮਾਂ ਲਈ ਵਿਕਣਗੇ ਬੱਸ ਅੱਡੇ ਤੇ ਹੋਰ ਜਾਇਦਾਦ

PRTC

ਐਨ ਐਨ ਬੀ

ਚੰਡੀਗੜ੍ਹ – ਪੀ.ਆਰ.ਟੀ.ਸੀ. ਵੱਲੋਂ ਹੁਣ ਮਾਲੀ ਸੰਕਟ ‘ਚੋਂ ਉਭਰਨ ਲਈ ਆਪਣੇ ਮੁੱਖ ਦਫ਼ਤਰ ਪਟਿਆਲਾ ਅਤੇ ਬਠਿੰਡਾ ਦੇ ਬੱਸ ਅੱਡੇ ਨੂੰ ਵੇਚਿਆ ਜਾਵੇਗਾ। ਮੁਢਲੇ ਪੜਾਅ ‘ਤੇ ਪੀ.ਆਰ.ਟੀ.ਸੀ. ਨੇ ਪੰਜ ਅਜਿਹੀਆਂ ਸੰਪਤੀਆਂ ਦੀ ਸ਼ਨਾਖ਼ਤ ਕੀਤੀ ਹੈ, ਜਿਨ੍ਹਾਂ ‘ਚੋਂ ਕਰੀਬ 250 ਕਰੋੜ ਰੁਪਏ ਦੀ ਕਮਾਈ ਹੋਣ ਦਾ ਅਨੁਮਾਨ ਹੈ। ਪੀ.ਆਰ.ਟੀ.ਸੀ. ਦੇ ਸੰਕਟ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਮੁਲਾਜ਼ਮਾਂ ਨੂੰ ਸਤੰਬਰ ਮਹੀਨੇ ਦੀ ਤਨਖਾਹ ਹਾਲੇ ਤੱਕ ਨਹੀਂ ਦਿੱਤੀ ਜਾ ਸਕੀ ਹੈ। ਇਹ ਵੀ ਖ਼ਬਰ ਆ ਰਹੀ ਹੈ ਕਿ ਪੀ.ਆਰ.ਟੀ.ਸੀ. ਹੁਣ ਪਟਿਆਲਾ ਸਥਿਤ ਮੁੱਖ ਦਫ਼ਤਰ ਦੀ 8.45 ਏਕੜ ਜ਼ਮੀਨ ਵੇਚੇਗਾ, ਜਿਸ ਤੋਂ ਕਰੀਬ 100 ਕਰੋੜ ਰੁਪਏ ਮਿਲਣ ਦਾ ਅਨੁਮਾਨ ਹੈ। ਮੁੱਖ ਦਫ਼ਤਰ ਦੇ ਨਾਲ ਪਈ 3.75 ਏਕੜ ਜਗ੍ਹਾ ਪਹਿਲਾਂ ਹੀ ਪੀ.ਆਰ.ਟੀ.ਸੀ. ਨੇ ਪਟਿਆਲਾ ਵਿਕਾਸ ਅਥਾਰਟੀ ਨੂੰ ਤਬਦੀਲ ਕਰ ਦਿੱਤੀ ਸੀ। ਬਦਲੇ ਵਿੱਚ ਵਿਕਾਸ ਅਥਾਰਟੀ ਨੇ 20 ਕਰੋੜ ਰੁਪਏ ਐਡਵਾਂਸ ਦੇ ਦਿੱਤੇ ਸਨ। ਕਾਰਪੋਰੇਸ਼ਨ ਨੇ ਹੁਣ ਮੁੱਖ ਦਫ਼ਤਰ ਵਾਲੀ ਜਗ੍ਹਾ ਵੇਚਣ ਦਾ ਫੈਸਲਾ ਕੀਤਾ ਹੈ ਅਤੇ ਮੁੱਖ ਦਫ਼ਤਰ ਨੂੰ ਬੱਸ ਅੱਡੇ ਵਿੱਚ ਸ਼ਿਫਟ ਕਰਨ ਦੀ ਵਿਚਾਰ ਬਣਾਈ ਜਾ ਰਹੀ ਹੈ। ਇਵੇਂ ਹੀ ਪਟਿਆਲਾ ਵਿਕਾਸ ਅਥਾਰਟੀ ਨੂੰ ਕਾਰਪੋਰੇਸ਼ਨ ਨੇ ਪਹਿਲਾਂ ਹੀ ਸਰਹਿੰਦੀ ਗੇਟ ਵਾਲੀ ਵਰਕਸ਼ਾਪ ਵਾਲੀ 1.62 ਏਕੜ ਜ਼ਮੀਨ ਤਬਦੀਲ ਕੀਤੀ ਹੋਈ ਹੈ।
ਵਿਕਾਸ ਅਥਾਰਟੀ ਤਿੰਨ ਦਫ਼ਾ ਨਿਲਾਮੀ ਕਰਨ ਦੀ ਕੋਸ਼ਿਸ਼ ਕਰ ਚੁੱਕਾ ਹੈ ਪ੍ਰੰਤੂ ਇਹ ਵਪਾਰਕ ਸੰਪਤੀ ਵਿਕ ਨਹੀਂ ਰਹੀ ਹੈ। ਪਟਿਆਲਾ-ਚੰਡੀਗੜ੍ਹ ਮੁੱਖ ਸੜਕ ‘ਤੇ ਕਾਰਪੋਰੇਸ਼ਨ ਦੀ ਕਰੀਬ 88 ਵਿੱਘੇ ਜ਼ਮੀਨ ਹੈ ਜਿਥੇ ਨਵਾਂ ਬੱਸ ਅੱਡਾ ਬਣਾਏ ਜਾਣ ਦੀ ਤਜਵੀਜ਼ ਸੀ ਪ੍ਰੰਤੂ ਹੁਣ ਨਵਾਂ ਅੱਡਾ ਬਣਾਉਣ ਦਾ ਖਿਆਲ ਤਿਆਗ ਦਿੱਤਾ ਗਿਆ ਹੈ। ਇਹ 88 ਵਿੱਘੇ ਜ਼ਮੀਨ ਵੀ ਨਿਲਾਮ ਕੀਤੀ ਜਾਵੇਗੀ ਜਿਸ ਤੋਂ 100 ਕਰੋੜ ਦੀ ਆਮਦਨ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਬਠਿੰਡਾ ਦੇ ਮੌਜੂਦਾ ਬੱਸ ਅੱਡੇ ਨੂੰ ਸਮੇਤ ਵਰਕਸ਼ਾਪ ਵੇਚਣ ਲਈ ਸ਼ਨਾਖ਼ਤ ਕੀਤੀ ਗਈ ਹੈ। ਨਗਰ ਸੁਧਾਰ ਟਰੱਸਟ ਬਠਿੰਡਾ ਵੱਲੋਂ ਬਾਈਪਾਸ ‘ਤੇ ਬੀਬੀ ਵਾਲਾ ਚੌਕ ਲਾਗੇ ਨਵਾਂ ਬੱਸ ਅੱਡਾ ਬਣਾਇਆ ਜਾ ਰਿਹਾ ਹੈ। ਜਦੋਂ ਬੱਸ ਅੱਡਾ ਸ਼ਿਫਟ ਹੋ ਗਿਆ ਤਾਂ ਪੁਰਾਣਾ ਬੱਸ ਅੱਡਾ ਵੇਚ ਦਿੱਤਾ ਜਾਵੇਗਾ। ਇਥੇ ਬੱਸ ਅੱਡੇ ਅਤੇ ਵਰਕਸ਼ਾਪ ਦੀ ਕਰੀਬ 10.56 ਏਕੜ ਜਗ੍ਹਾ ਹੈ।
ਕਾਰਪੋਰੇਸ਼ਨ ਨੇ ਬਠਿੰਡਾ ਦੇ ਬੱਸ ਅੱਡੇ ਨੂੰ ਗਿਰਵੀ ਰੱਖ ਕੇ ਬੈਂਕ ਕਰਜ਼ਾ ਵੀ ਚੁੱਕਿਆ ਹੋਇਆ ਹੈ। ਇਸੇ ਤਰ੍ਹਾਂ ਫਗਵਾੜਾ ਦੇ ਬੱਸ ਅੱਡੇ ਦੇ ਨਾਲ ਮੁੱਖ ਸੜਕ ‘ਤੇ ਕਾਰਪੋਰੇਸ਼ਨ ਦੀ 818 ਗਜ਼ ਜਗ੍ਹਾ ਹੈ ਜਿਸ ਨੂੰ ਵੇਚਣ ਵਾਸਤੇ ਜਲੰਧਰ ਵਿਕਾਸ ਅਥਾਰਟੀ ਨਾਲ ਗੱਲਬਾਤ ਤੋਰੀ ਗਈ ਹੈ। ਪੀ.ਆਰ.ਟੀ.ਸੀ. ਵੱਲੋਂ ਮੁਢਲੇ ਪੜਾਅ ‘ਤੇ ਇਨ੍ਹਾਂ ਸੰਪਤੀਆਂ ਨੂੰ ਵੇਚਿਆ ਜਾਣਾ ਹੈ ਅਤੇ ਨਾਲ ਹੀ ਕਾਰਪੋਰੇਸ਼ਨ ਹੋਰ ਸੰਪਤੀਆਂ ਵੀ ਤਲਾਸ਼ ਰਹੀ ਹੈ ਤਾਂ ਜੋ ਮਾਲੀ ਸੰਕਟ ‘ਚੋਂ ਨਿਕਲਿਆ ਜਾ ਸਕੇ। ਪਿਛਲੇ ਸਮੇਂ ਤੋਂ ਤਾਂ ਕਾਰਪੋਰੇਸ਼ਨ ਨੂੰ ਕੋਈ ਬੈਂਕ ਕਰਜ਼ਾ ਦੇਣ ਲਈ ਵੀ ਤਿਆਰ ਨਹੀਂ ਹੈ। ਕਾਰਪੋਰੇਸ਼ਨ ਵੱਲ ਸਟੇਟ ਬੈਂਕ ਆਫ਼ ਪਟਿਆਲਾ ਦਾ 50 ਕਰੋੜ ਰੁਪਏ ਦਾ ਕਰਜ਼ਾ ਹਾਲੇ ਖੜ੍ਹਾ ਹੈ। ਕਾਰਪੋਰੇਸ਼ਨ ਨੇ ਫਰੀਦਕੋਟ ਅਤੇ ਰਾਮਾ ਮੰਡੀ ਦਾ ਨਵਾਂ ਬੱਸ ਅੱਡਾ ਬਣਾਏ ਜਾਣ ਦੀ ਤਜਵੀਜ਼ ਬਣਾਈ ਹੋਈ ਹੈ।
ਪਤਾ ਲੱਗਾ ਹੈ ਕਿ ਫਰੀਦਕੋਟ ਦੇ ਬੱਸ ਅੱਡੇ ਲਈ ਪੰਜ ਕਰੋੜ ਅਤੇ ਰਾਮਾ ਮੰਡੀ ਦੇ ਬੱਸ ਅੱਡੇ ਵਾਸਤੇ ਇੱਕ ਕਰੋੜ ਰੁਪਏ ਦਾ ਕਰਜ਼ਾ ਚੁੱਕਣ ਦੀ ਤਿਆਰੀ ਕੀਤੀ ਜਾ ਰਹੀ ਹੈ। ਮਾਲੀ ਸੰਕਟ ‘ਤੇ ਝਾਤ ਮਾਰੀਏ ਤਾਂ ਪੀ.ਆਰ.ਟੀ.ਸੀ. ਦੇ 1933 ਰੈਗੂਲਰ ਮੁਲਾਜ਼ਮ ਹਨ ਜਿਨ੍ਹਾਂ ਦੀ ਤਨਖਾਹ ਦਾ ਬਜਟ ਕਰੀਬ 6 ਕਰੋੜ ਰੁਪਏ ਪ੍ਰਤੀ ਮਹੀਨਾ ਬਣਦਾ ਹੈ। ਇਹ ਤਨਖਾਹ ਦੇਣੀ ਮੁਸ਼ਕਲ ਹੋ ਗਈ ਹੈ। ਡਰਾਈਵਰਾਂ ਕੰਡਕਟਰਾਂ ਦੇ ਓਵਰ ਟਾਈਮ ਦੇ ਕਰੀਬ 3 ਕਰੋੜ ਦੇ ਬਕਾਏ ਪੰਜ ਸਾਲ ਤੋਂ ਅਟਕੇ ਹੋਏ ਹਨ। ਮੁਲਾਜ਼ਮਾਂ ਦੇ ਹਰ ਤਰ੍ਹਾਂ ਦੇ ਬਕਾਏ ਅਤੇ ਸੇਵਾ ਮੁਕਤ ਮੁਲਾਜ਼ਮਾਂ ਦੇ ਬਕਾਇਆਂ ਸਮੇਤ ਕਰੀਬ 150 ਕਰੋੜ ਰੁਪਏ ਦੀਆਂ ਦੇਣਦਾਰੀਆਂ ਹਨ ਜਿਨ੍ਹਾਂ ਵਾਸਤੇ ਹੁਣ ਜ਼ਮੀਨ ਵੇਚੀ ਜਾਣੀ ਹੈ। ਕਰੀਬ ਛੇ ਕਰੋੜ ਰੁਪਏ ਕਈ ਫਰਮਾਂ ਦੇ ਖੜ੍ਹੇ ਹਨ।
ਪੀ.ਆਰ.ਟੀ.ਸੀ. ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਰਾਜੀਵ ਪ੍ਰਾਸ਼ਰ ਨੇ ਸਿਰਫ਼ ਏਨਾ ਹੀ ਆਖਿਆ ਕਿ ਮੁਲਾਜ਼ਮਾਂ ਦੇ ਬਕਾਏ ਕਲੀਅਰ ਕਰਨ ਲਈ ਕੁਝ ਸੰਪਤੀਆਂ ਦੀ ਸ਼ਨਾਖ਼ਤ ਕੀਤੀ ਗਈ ਹੈ। ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਲਈ ਕਾਰਪੋਰੇਸ਼ਨ ਹਰ ਤਰ੍ਹਾਂ ਦਾ ਕਦਮ ਚੁੱਕ ਰਹੀ ਹੈ। ਇਸੇ ਤਹਿਤ ਪੰਜਾਬ ਸਰਕਾਰ ਨੇ ਵੀ ਹਰ ਮਹੀਨੇ ਕਾਰਪੋਰੇਸ਼ਨ ਨੂੰ ਮਾਲੀ ਮਦਦ ਦੇਣ ਦਾ ਭਰੋਸਾ ਦਿੱਤਾ ਹੈ।

 

LEAVE A REPLY

Please enter your comment!
Please enter your name here

nine + 7 =