NewZNew (Kotkapura) : ਸਬ-ਡਿਵੀਜ਼ਨ ਕੋਟਕਪੂਰਾ ਵਿੱਚ ਇਕ ਔਰਤ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਕਥਿਤ ਤੌਰ ’ਤੇ ਆਪਣੇ ਪਤੀ ਦਾ ਕਤਲ ਕਰਕੇ ਉਸਦੀ ਲਾਸ਼ ਸਰਹਿੰਦ ਫੀਡਰ ਨਹਿਰ ਵਿੱਚ ਸੁੱਟ ਦਿੱਤੀ। ਮਾਮਲੇ ਦੀ ਜਾਂਚ ਉਪਰੰਤ ਪੁਲੀਸ ਨੇ ਰਮਨਦੀਪ ਕੌਰ ਅਤੇ ਉਸਦੇ ਕਥਿਤ ਪ੍ਰੇਮੀ ਨਵਜੀਤ ਸਿੰਘ ਉਰਫ ਨੀਤਾ (24 ਸਾਲ) ਵਿਰੁੱਧ ਯੋਜਨਾਬੱਧ ਤਰੀਕੇ ਨਾਲ ਕਤਲ ਕਰਨ ਅਤੇ ਲਾਸ਼ ਨੂੰ ਖੁਰਦ ਬੁਰਦ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ। ਦੇਰ ਸ਼ਾਮ ਪੁਲੀਸ ਨੇ ਦੋਹਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਇਹ ਕਤਲ ਦੀ ਗੁੱਥੀ ਡਾਕ ਵਿੱਚੋਂ ਮਿਲੇ ਗੁਰਸੇਵਕ ਸਿੰਘ ਦੇ ਪਾਸਪੋਰਟ ਕਾਰਨ ਖੁੱਲ੍ਹੀ। ਮ੍ਰਿਤਕ ਗੁਰਸੇਵਕ ਸਿੰਘ ਜ਼ਿਲ੍ਹਾ ਮੋਗਾ ਦੇ ਪਿੰਡ ਭਲੂਰ ਦਾ ਵਸਨੀਕ ਸੀ। ਘਰੇਲੂ ਕਲੇਸ਼ ਕਾਰਨ ਉਸਦੀ ਪਤਨੀ ਕੁਝ ਸਮਾਂ ਪਹਿਲਾਂ ਉਸ ਨੂੰ ਕੋਟਕਪੂਰਾ ਲੈ ਆਈ ਸੀ। ਉਹ ਅਮਨ ਨਗਰ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿਣ ਲੱਗੇ। ਇਸ ਦੌਰਾਨ ਰਮਨਦੀਪ ਕੌਰ ਦੇ ਪਿੰਡ ਖਾਰਾ ਵਾਸੀ ਨਵਜੀਤ ਸਿੰਘ ਨਾਲ ਕਥਿਤ ਪ੍ਰੇਮ ਸਬੰਧ ਬਣ ਗਏ। ਪਰਿਵਾਰ ਮੁਤਾਬਕ ਰਮਨਦੀਪ ਆਪਣੇ ਪਤੀ ਨੂੰ ਤੰਗ-ਪ੍ਰੇਸ਼ਾਨ ਕਰਨ ਲੱਗ ਪਈ ਅਤੇ ਅਚਾਨਕ 2 ਸਤੰਬਰ ਨੂੰ ਗੁਰਸੇਵਕ ਸਿੰਘ ਗਾਇਬ ਹੋ ਗਿਆ। ਗੁਰਸੇਵਕ ਦੇ ਪਿਤਾ ਜੋਗਿੰਦਰ ਸਿੰਘ ਨੇ ਉਸ ਨਾਲ ਕਈ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸਦੀ ਪਤਨੀ ਇਹ ਕਹਿ ਕੇ ਟਾਲ ਦਿੰਦੀ ਕਿ ਉਹ ਵਿਦੇਸ਼ ਚਲਾ ਗਿਆ ਹੈ। ਮਾਪਿਆਂ ਨੂੰ ਇਹ ਗੱਲ ਝੂਠੀ ਲੱਗਦੀ ਸੀ ਕਿਉਂਕਿ ਉਨ੍ਹਾਂ ਦਾ ਬੇਟਾ ਵਿਦੇਸ਼ ਜਾਣ ਤੋਂ ਪਹਿਲਾਂ ਉਨ੍ਹਾਂ ਨੂੰ ਮਿਲ ਕੇ ਵੀ ਨਹੀਂ ਗਿਆ। ਇਸੇ ਦੌਰਾਨ 10 ਸਤੰਬਰ ਨੂੰ ਉਸਦੇ ਮਾਪਿਆਂ ਨੂੰ ਡਾਕ ਵਿੱਚ ਇੱਕ ਪਾਸਪੋਰਟ ਮਿਲਿਆ, ਜੋ ਗੁਰਸੇਵਕ ਸਿੰਘ ਦਾ ਸੀ। ਇਸ ’ਤੇ ਪਰਿਵਾਰ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਇਸ ਦੀ ਸੂਚਨਾ ਪੁਲੀਸ ਨੰੂ ਦਿੱਤੀ। ਪੁਲੀਸ ਨੇ ਰਮਨਦੀਪ ਕੌਰ ਦੇ ਮਕਾਨ ’ਤੇ ਛਾਪਾ ਮਾਰਿਆ ਪਰ ਉਹ ਆਪਣੇ ਪ੍ਰੇਮੀ ਸਮੇਤ ਫਰਾਰ ਹੋ ਗਈ ਸੀ। ਅੱਜ ਦੇਰ ਸ਼ਾਮ ਡੀ.ਐਸ.ਪੀ. ਬਲਜੀਤ ਸਿੰਘ ਸਿੱਧੂ ਅਤੇ ਇਸ ਕੇਸ ਦੇ ਜਾਂਚ ਅਧਿਕਾਰੀ ਸਬ-ਇੰਸਪੈਕਟਰ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਰਮਨਦੀਪ ਤੇ ਉਸਦੇ ਪ੍ਰੇਮੀ ਨਵਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਿਆ ਕਿ ਰਮਨਦੀਪ ਦਾ ਦੂਰ ਦਾ ਰਿਸ਼ਤੇਦਾਰ ਨਵਜੀਤ ਸਿੰਘ ਬਹਿਰੀਨ ਦਾ ਵਸਨੀਕ ਸੀ, ਜਿਸ ਨਾਲ ਉਸਦੀ ਮਿੱਤਰਤਾ ਹੋ ਗਈ। ਨਵਜੀਤ ਦੇ ਭਾਰਤ ਆਉਣ ’ਤੇ ਉਹ ਇੱਕ ਦੂਜੇ ਨੂੰ ਮਿਲਣ ਲੱਗੇ। ਇਸ ਕਾਰਨ ਪਤੀ ਪਤਨੀ ਵਿਚਾਲੇ ਝਗੜਾ ਰਹਿਣ ਲੱਗ ਪਿਆ। ਪੁਲੀਸ ਅਨੁਸਾਰ ਰਮਨਦੀਪ ਨੇ ਲੱਸੀ ਵਿੱਚ ਕੋਈ ਨਸ਼ੀਲੀ ਚੀਜ਼ ਮਿਲਾ ਕੇ ਆਪਣੇ ਪਤੀ ਨੂੰ ਪਿਲਾ ਦਿੱਤੀ। ਫਿਰ ਉਸ ਨੇ ਨਵਜੀਤ ਨਾਲ ਮਿਲ ਕੇ ਆਪਣੇ ਪਤੀ ਨੂੰ ਨਸ਼ੇ ਦੀ ਹਾਲਤ ਵਿੱਚ ਫ਼ਰੀਦਕੋਟ ਲਿਜਾ ਕੇ ਨਹਿਰ ਵਿੱਚ ਧੱਕਾ ਦੇ ਦਿੱਤਾ।