ਬੱਚੇ ਦੇ ਪਿਸ਼ਾਬ ਕਰਨ ਤੋਂ ਵਧਿਆ ਮਾਮਲਾ ਪੁਲੀਸ ਕੇਸ ਤੱਕ ਗਿਆ
ਐਨ ਐਨ ਬੀ
ਅੰਮ੍ਰਿਤਸਰ – ਪਰਵਾਸੀ ਪਤੀ-ਪਤਨੀ ਜੋਤੀ ਤੇ ਰਾਜੇਸ਼ ਕੁਮਾਰ ਨਾਲ ਕੁਝ ਵਿਅਕਤੀਆਂ ਵੱਲੋਂ ਕੁੱਟਮਾਰ ਕੀਤੇ ਜਾਣ ਖ਼ਿਲਾਫ਼ ਪਰਵਾਸੀ ਮਜ਼ਦੂਰਾਂ ਨੇ ਥਾਣਾ ਮੋਹਕਮਪੁਰਾ ਦਾ ਘਿਰਾਓ ਕੀਤਾ। ਇਸ ਦੌਰਾਨ ਉਨ੍ਹਾਂ ਰੋਸ ਪ੍ਰਦਰਸ਼ਨ ਕਰਦਿਆਂ ਸੜਕ ਵੀ ਜਾਮ ਕਰ ਦਿੱਤੀ। ਪੰਜ ਘੰਟੇ ਚੱਲੇ ਇਸ ਜਾਮ ਨੂੰ ਖੁੱਲ੍ਹਵਾਉਣ ਲਈ ਏ.ਸੀ.ਪੀ. ਗੌਰਵ ਗਰਗ ਮੌਕੇ ‘ਤੇ ਪਹੁੰਚੇ ਅਤੇ ਉਨ੍ਹਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਨ ਦਾ ਵਿਸ਼ਵਾਸ ਦਿਵਾਇਆ। ਇਸ ਤੋਂ ਬਾਅਦ ਹੀ ਪ੍ਰਦਰਸ਼ਨਕਾਰੀਆਂ ਨੇ ਧਰਨਾ ਖ਼ਤਮ ਕੀਤਾ ਗਿਆ।
ਜਿਕਰਯੋਗ ਹੈ ਕਿ ਬਿਹਾਰ ਵਾਸੀ ਰਾਜੇਸ਼ ਕਮਾਰ ਆਪਣੀ ਪਤਨੀ ਜੋਤੀ ਅਤੇ ਲੜਕੇ ਕ੍ਰਿਸ਼ ਨਾਲ ਨਿਊ ਜਵਾਹਰ ਨਗਰ ਇਲਾਕੇ ਵਿੱਚ ਜਸਪਾਲ ਸਿੰਘ ਦੇ ਘਰ ਕਿਰਾਏ ‘ਤੇ ਰਹਿ ਰਿਹਾ ਹੈ। ਇਸੇ ਘਰ ਦੇ ਇਕ ਕਮਰੇ ਵਿੱਚ ਵਿਕਰਮ ਕੁਮਾਰ ਨਾਮੀਂ ਵਿਅਕਤੀ ਰਹਿੰਦਾ ਹੈ। ਰਾਤ ਨੂੰ (ਲਗਪਗ 9 ਵਜੇ) ਕ੍ਰਿਸ਼ ਨਾਂ ਦੇ ਬੱਚੇ ਨੇ ਵਿਕਰਮ ਦੇ ਕਮਰੇ ਕੋਲ ਖਿੜਕੀ ਨੇੜੇ ਪਿਸ਼ਾਬ ਕਰ ਦਿੱਤਾ। ਇਸ ਤੋਂ ਗੁੱਸੇ ਵਿੱਚ ਆਏ ਵਿਕਰਮ ਨੇ ਪਹਿਲਾਂ ਬੱਚੇ ਨੂੰ ਕੁੱਟਿਆ ਅਤੇ ਜਦੋਂ ਜੋਤੀ ਦੀ ਵੀ ਕੁੱਟਮਾਰ ਕੀਤੀ। ਉਸ ਵੇਲੇ ਰਾਜੇਸ਼ ਘਰ ਨਹੀਂ ਸੀ ਤੇ ਜੋਤੀ ਨੇ ਉਸ ਨੂੰ ਫੋਨ ਕਰ ਕੇ ਘਰ ਬੁਲਾਇਆ। ਇਸੇ ਦੌਰਾਨ ਵਿਕਰਮ ਨੇ ਆਪਣੇ 10-12 ਸਾਥੀਆਂ ਨੂੰ ਬੁਲਾ ਲਿਆ ਅਤੇ ਪਤੀ-ਪਤਨੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਝਗੜੇ ਦੌਰਾਨ ਜੋਤੀ ਦੇ ਕੱਪੜੇ ਪਾੜ ਦਿੱਤੇ ਗਏ ਅਤੇ ਗਲੀ ਵਾਲਿਆਂ ਦੀ ਕੁੱਟਮਾਰ ਕੀਤੀ ਗਈ।
ਇਸ ਦੀ ਸ਼ਿਕਾਇਤ ਦੇਰ ਰਾਤ ਉਨ੍ਹਾਂ ਥਾਣਾ ਮੋਹਕਮਪੁਰਾ ਵਿੱਚ ਦਿੱਤੀ। ਸ਼ਿਕਾਇਤ ਦੇ ਬਾਵਜੂਦ ਪੁਲੀਸ ਵੱਲੋਂ ਕੋਈ ਪੁਖ਼ਤਾ ਕਾਰਵਾਈ ਨਾ ਕੀਤੀ ਗਈ ਤਾਂ ਰੋਸ ਵਜੋਂ ਪਰਵਾਸੀ ਭਾਈਚਾਰੇ ਦੇ ਲੋਕਾਂ ਨੇ ਥਾਣੇ ਅੱਗੇ ਧਰਨਾ ਲਾ ਦਿੱਤਾ। ਧਰਨਾਕਾਰੀ ਦੋ ਵਜੇ ਤੱਕ ਬੈਠੇ ਰਹੇ। ਮੌਕੇ ‘ਤੇ ਪਹੁੰਚੇ ਏ.ਸੀ.ਪੀ. ਗੌਰਵ ਗਰਗ ਦੇ ਵਿਸ਼ਵਾਸ ਦਿਵਾਉਣ ‘ਤੇ ਲੋਕਾਂ ਨੇ ਧਰਨਾ ਚੁੱਕਿਆ। ਏ.ਸੀ.ਪੀ. ਦੀਆਂ ਹਦਾਇਤਾਂ ‘ਤੇ ਵਿਕਰਮ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।