ਨਰਿੰਦਰ ਮੋਦੀ ਨੂੰ ਦੱਸਿਆ ਮੁਸਲਮਾਨ ਤੇ ਪਾਕਿਸਤਾਨ ਵਿਰੋਧੀ ਨੇਤਾ
ਐਨ ਐਨ ਬੀ
ਇਸਲਾਮਾਬਾਦ – ਦੇਸ਼ ਧ੍ਰੋਹ ਦੇ ਮੁਕੱਦਮੇ ਭੁਗਤ ਰਹੇ ਪਾਕਿਸਤਾਨ ਦੇ ਸਾਬਕਾ ਫੌਜੀ ਸ਼ਾਸਕ ਜਨਰਲ ਪਰਵੇਜ਼ ਮੁਸ਼ੱਰਫ਼ ਨੇ ਭਾਰਤ ਵਿਰੋਧੀ ਸੁਰ ਤਿੱਖੇ ਕਰਦਿਆਂ ਕਿਹਾ ਹੈ ਕਿ ਪਾਕਿਸਤਾਨ ਨੂੰ ਕਸ਼ਮੀਰ ’ਚ ਲੜ ਰਹੇ ਜਹਾਦੀਆਂ ਨੂੰ ਉਠਣ ਲਈ ਪ੍ਰੇਰਿਤ ਕਰਨ ਦੀ ਲੋੜ ਹੈ। ਜ਼ਮਾਨਤ ’ਤੇ ਚਲ ਰਹੇ 71 ਵਰ੍ਹਿਆਂ ਦੇ ਸੇਵਾਮੁਕਤ ਜਨਰਲ ਨੇ ਇਹ ਬਿਆਨ ਟੀਵੀ ਚੈਨਲ ਨੂੰ ਦਿੱਤਾ ਹੈ। ਮੁਸ਼ੱਰਫ਼ ਨੇ ਕਿਹਾ ਕਿ ਫੌਜ ਭਾਰਤ ਨਾਲ ਜੰਗ ਲਈ ਤਿਆਰ ਹੈ ਅਤੇ ਪਾਕਿਸਤਾਨ ਦੇ ਲੱਖਾਂ ਲੋਕ ਕਸ਼ਮੀਰ ਲਈ ਜਾਨ ਤਲੀ ’ਤੇ ਰੱਖਣ ਨੂੰ ਤਿਆਰ ਹਨ। ਉਨ੍ਹਾਂ ਕਿਹਾ, ‘‘ਭਾਰਤ ਨੂੰ ਇਸ ਭੁਲੇਖੇ ’ਚ ਨਹੀਂ ਰਹਿਣਾ ਚਾਹੀਦਾ ਕਿ ਪਾਕਿਸਤਾਨ ਉਨ੍ਹਾਂ ’ਤੇ ਹਮਲਾ ਨਹੀਂ ਕਰੇਗਾ।’’
ਕੰਟਰੋਲ ਰੇਖਾ ਅਤੇ ਕੌਮਾਂਤਰੀ ਸਰਹੱਦ ਉਪਰ ਗੋਲੀਬਾਰੀ ਬਾਰੇ ਪ੍ਰਤੀਕ੍ਰਮ ਦਿੰਦਿਆਂ ਮੁਸ਼ੱਰਫ਼ ਨੇ ਕਿਹਾ, ‘‘ਕਸ਼ਮੀਰ ’ਚ ਅਸੀਂ ਭਾਰਤੀ ਫੌਜ ਨਾਲ ਸਾਹਮਣਿਓਂ ਅਤੇ ਪਿੱਛੋਂ ਲੜ ਸਕਦੇ ਹਾਂ…ਅਸੀਂ ਮੁਸਲਮਾਨ ਹਾਂ। ਅਸੀਂ ਚਪੇੜ ਪੈਣ ’ਤੇ ਦੂਜਾ ਪਾਸਾ ਅੱਗੇ ਨਹੀਂ ਕਰਾਂਗੇ। ਅਸੀਂ ਹਰ ਗੱਲ ਦਾ ਜਵਾਬ ਦੇ ਸਕਦੇ ਹਾਂ।’’
ਉਨ੍ਹਾਂ ਨਰਿੰਦਰ ਮੋਦੀ ਦੇ ਸਹੁੰਚੁੱਕ ਸਮਾਗਮ ਵਿੱਚ ਸ਼ਾਮਲ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ’ਤੇ ਵਰ੍ਹਦਿਆਂ ਕਿਹਾ ਕਿ ਭਾਰਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁਸਲਮਾਨ ਭਾਈਚਾਰੇ ਅਤੇ ਪਾਕਿਸਤਾਨ ਵਿਰੋਧੀ ਹੈ। ਉਨ੍ਹਾ ਕਿਹਾ, ‘‘ਉਸ ’ਚ ਕੋਈ ਬਦਲਾਅ ਨਹੀਂ ਆਇਆ ਹੈ। ਮੁਸ਼ਕਲ ਤਾਂ ਸਾਡੇ ਨਾਲ ਹੈ, ਅਸੀਂ ਉਸ ਦੀ ਤਾਜਪੋਸ਼ੀ ’ਤੇ ਭੱਜੇ ਜਾਂਦੇ ਹਾਂ, ਜਦਕਿ ਸਾਨੂੰ ਆਪਣਾ ਸਨਮਾਨ ਬਹਾਲ ਰੱਖਣਾ ਚਾਹੀਦਾ ਹੈ।’’
ਭਾਰਤ ਨੂੰ ਪਾਕਿ ਅੰਦਰ ਚੋਣਵੇਂ ਹਮਲੇ ਮਹਿੰਗੇ ਪੈਣਗੇ : ਅਜ਼ੀਜ਼
ਇਸਲਾਮਾਬਾਦ –ਓਧਰ ਪਾਕਿਸਤਾਨ ਦੇ ਕੌਮੀ ਸੁਰੱਖਿਆ ਸਲਾਹਕਾਰ ਸਰਤਾਜ ਅਜ਼ੀਜ਼ ਨੇ ਕਿਹਾ ਹੈ ਕਿ ਭਾਰਤ ਨੂੰ ਪਾਕਿ ਦੇ ਅੰਦਰ ਘੁਸ ਕੇ ਚੋਣਵੇਂ ਨਿਸ਼ਾਨਿਆਂ ’ਤੇ ਹਮਲੇ ਕਰਨੇ ਬਹੁਤ ਮਹਿੰਗੇ ਪੈਣਗੇ। ਉਨ੍ਹਾਂ ਕਿਹਾ ਜੇ ਕਦੇ ਅਜਿਹਾ ਵਾਪਰਿਆ ਤਾਂ ਪਾਕਿਸਤਾਨ ਇਸ ਦਾ ਅਣਕਿਆਸਿਆ ਮੂੰਹ-ਤੋੜ ਜੁਆਬ ਦੇਵੇਗਾ। ਉਹ ਵਿਦੇਸ਼ੀ ਮਾਮਲਿਆਂ ਬਾਰੇ ਕੌਮੀ ਅਸੈਂਬਲੀ ਕਮੇਟੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਦਾਅਵਾ ਕੀਤਾ ਕਿ ਭਾਰਤ ਸਰਕਾਰ ਨੇ ਆਪਣੇ ਦੋ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਜਿੱਤਣ ਲਈ ਸਰਹੱਦ ਮੁੱਦੇ ਨੂੰ ਬੇਲੋੜਾ ਉਛਾਲਿਆ ਤੇ ਹਾਲਾਤ ਤਣਾਅਪੂਰਨ ਸਾਜ਼ਿਸ਼ ਤਹਿਤ ਬਣਾਏ।