ਐਨ ਐਨ ਬੀ ਮਾਲੇਰਕੋਟਲਾ – ਬੀਤੇ ਦਿਨੀਂ ਜਰਗ-ਖੰਨਾ ਤੋਂ ਨਾਮਧਾਰੀ ਸ਼ਹੀਦੀ ਸਮਾਰਕ ਅਤੇ ਪਿੰਡ ਹਥੋਆ ਨੂੰ ਜਾਣ ਵਾਲੀ ਸੜਕ ਦੇ ਕਿਨਾਰੇ ਬਣੇ ਨਿਕਾਸੀ ਨਾਲੇ ਵਿੱਚੋਂ ਬੀਤੀ 10 ਸਤੰਬਰ ਨੂੰ ਪਸ਼ੂਆਂ ਦੇ ਕੱਟੇ ਅੰਗ ਮਿਲਣ ਦੇ ਰੋਸ ਅਤੇ ਇਸ ਘਟਨਾ ਦੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਸਬੰਧੀ ਹਿੰਦੂ ਜਥੇਬੰਦੀਆਂ ਵੱਲੋਂ ਦਿੱਤਾ ਗਿਆ ਰੇਲ ਰੋਕੂ ਅੰਦੋਲਨ ਦਾ ਸੱਦਾ ਪੁਲੀਸ ਦੀ ਸਖ਼ਤੀ ਕਾਰਨ ਅਸਫ਼ਲ ਰਿਹਾ। ਪੁਲੀਸ ਨੇ ਧਰਨਾਕਾਰੀਆਂ ਨੂੰ ਰੇਲਵੇ ਸਟੇਸ਼ਨ ਦੇ ਬਾਹਰ ਹੀ ਰੋਕ ਦਿੱਤਾ। ਇਸ ਮੌਕੇ ਧਰਨਾਕਾਰੀਆਂ ਅਤੇ ਪੁਲੀਸ ਕਰਮੀਆਂ ਵਿਚਾਲੇ ਹਲਕੀ ਖਿੱਚ-ਧੂਹ ਵੀ ਹੋਈ। ਪੁਲੀਸ ਕੁਝ ਧਰਨਾਕਾਰੀਆਂ ਨੂੰ ਬੱਸ ਵਿੱਚ ਚੜ੍ਹਾ ਕੇ ਲਿਜਾਣ ਲੱਗੀ ਤਾਂ ਧਰਨਾਕਾਰੀਆਂ ਦੇ ਦੂਜੇ ਸਮੂਹ ਨੇ ਬੱਸ ਨੂੰ ਅੱਗੇ ਹੋ ਕੇ ਰੋਕ ਲਿਆ ਅਤੇ ਬੱਸ ਦੇ ਅੱਗੇ ਸੜਕ ’ਤੇ ਹੀ ਧਰਨਾ ਲਾ ਦਿੱਤਾ।
ਇਸ ਧਰਨੇ ਵਿੱਚ ਸਹਾਰਾ ਮੁਸਲਿਮ ਵੈਲਫੇਅਰ ਸੁਸਾਇਟੀ ਦੇ ਕਰੀਬ ਦਰਜਨ ਕਾਰਕੁੰਨਾਂ ਨੇ ਅਜ਼ਹਰ ਮੁਨੀਮ ਅਤੇ ਅਬਦੁੱਲ ਸ਼ਕੂਰ ਦੀ ਅਗਵਾਈ ਹੇਠ ਪੁੱਜ ਕੇ ਹਿੰਦੂ ਭਾਈਚਾਰੇ ਨਾਲ ਇਸ ਮਾਮਲੇ ਵਿੱਚ ਇੱਕਮੁਠਤਾ ਅਤੇ ਹਮਦਰਦੀ ਪ੍ਰਗਟ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਸ੍ਰੀ ਕੇਵਲ ਜਿੰਦਲ ਨੇ ਦੋਸ਼ ਲਾਇਆ ਕਿ ਪੁਲੀਸ ਪ੍ਰਸ਼ਾਸਨ ਨੇ ਸ਼ਾਂਤਮਈ ਢੰਗ ਨਾਲ ਅੰਦੋਲਨ ਕਰਨ ਜਾ ਰਹੇ ਧਰਨਾਕਾਰੀਆਂ ਨੂੰ ਜਬਰੀ ਰੋਕਿਆ ਹੈ। ਉਨ੍ਹਾਂ ਕਿਹਾ ਕਿ ਕੁਝ ਸਿਆਸੀ ਧਿਰਾਂ ਆਪਣੇ ਸਿਆਸੀ ਲਾਭ ਲਈ ਮਾਲੇਰਕੋਟਲਾ ਵਿੱਚ ਫਿਰਕੂ ਮਾਹੌਲ ਪੈਦਾ ਕਰ ਰਹੀਆਂ ਹਨ, ਜਿਨ੍ਹਾਂ ਤੋਂ ਸ਼ਹਿਰ ਵਾਸੀਆਂ ਨੂੰ ਸੁਚੇਤ ਰਹਿਣ ਦੀ ਲੋੜ ਹੈ।
ਉਧਰ ਜ਼ਿਲ੍ਹਾ ਪੁਲੀਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਲੋਕ ਨਿਰਮਾਣ ਵਿਭਾਗ ਦੇ ਆਰਾਮ ਘਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੁਲੀਸ ਵੱਲੋਂ ਧਰਨਾਕਾਰੀਆਂ ਦੀ ਖਿੱਚ-ਧੂਹ ਕਰਨ ਨੂੰ ਨਕਾਰਦਿਆਂ ਕਿਹਾ ਕਿ ਜਦੋਂ ਪੁਲੀਸ ਨੇ ਉਕਤ ਕਾਂਡ ਦੇ ਦੋ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ ਅਤੇ ਬਾਕੀ ਚਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲੀਸ ਪਾਰਟੀਆਂ ਬਿਹਾਰ ਗਈਆਂ ਹੋਈਆਂ ਹਨ ਤਾਂ ਅਜਿਹੇ ਵਿੱਚ ਕਿਸੇ ਅੰਦੋਲਨ ਦੀ ਜ਼ਰੂਰਤ ਨਹੀਂ ਰਹਿ ਜਾਂਦੀ।
ਪਟਿਆਲਾ – ਓਧਰ ਪਟਿਆਲਾ ਵਿੱਚ ਵੀ ਹਿੰਦੂ ਸੰਗਠਨਾਂ ਦਾ ਰੇਲਾਂ ਰੋਕੋ ਅੰਦੋਲਨ ਪੁਲੀਸ ਦੀ ਮੁਸਤੈਦੀ ਨੇ ਨਾਕਾਮ ਬਣਾ ਦਿੱਤਾ। ਇਸ ਸਬੰਧੀ ਇਥੇ ਤਾਇਨਾਤ ਭਾਰੀ ਪੁਲੀਸ ਫੋਰਸ ਨੇ ਹਿੰਦੂ ਸੰਗਠਨਾਂ ਦੇ ਕਈ ਆਗੂਆਂ ਅਤੇ ਸੈਂਕੜੇ ਕਾਰਕੁਨਾਂ ਨੂੰ ਰੇਲਵੇ ਲਾਈਨ ਦੇ ਨੇੜਿਉਂ ਗ੍ਰਿਫ਼ਤਾਰ ਕਰ ਲਿਆ, ਜਿਨ੍ਹਾਂ ਨੂੰ ਕਈ ਘੰਟਿਆਂ ਤੱਕ ਥਾਣਿਆਂ ਵਿਚ ਬੰਦ ਰੱਖਣ ਉਪਰੰਤ ਸ਼ਾਮ ਨੂੰ ਛੱਡ ਦਿੱਤਾ ਗਿਆ। ਇਸ ਦੌਰਾਨ ਪੁਲੀਸ ਤੇ ਹਿੰਦੁਤਵਵਾਦੀ ਵਰਕਰਾਂ ਦਰਮਿਆਨ ਹਲਕੀ ਧੱਕਾਮੁੱਕੀ ਵੀ ਹੋਈ, ਪਰ ਪੁਲੀਸ ਨੇ ਉਕਤ ਨੇਤਾਵਾਂ ਸਮੇਤ ਵੱਡੀ ਗਿਣਤੀ ਕਾਰਕੁੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਇਸੇ ਦੌਰਾਨ ਹਿੰਦੂ ਆਗੂਆਂ ਨੇ ਮੰਗ ਕੀਤੀ ਹੈ ਕਿ ਸਰਕਾਰ ਮਲੇਰਕੋਟਲਾ ਵਿਖੇ ਘਿਣਾਉਣਾ ਕਾਰਨਾਮਾ ਕਰਨ ਵਾਲੇ ਅਸਲ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰੇ। ਪੰਜਾਬ ਸਰਕਾਰ ‘ਤੇ ਹਿੰਦੂ ਵਿਰੋਧੀ ਨੀਤੀਆਂ ਅਪਣਾਉਣ ਦੇ ਦੋਸ਼ ਲਾਉਂਦਿਆਂ, ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤਿਵਾਦੀਆਂ ਦਾ ਸਾਥ ਦੇ ਰਹੀ ਹੈ। ਪਵਨ ਗੁਪਤਾ, ਰਵੀ ਕਾਂਤ ਅਤੇ ਲਖਵਿੰਦਰ ਸ਼ਰੀਨ ਆਦਿ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਆਪਣਾ ਹਿੰਦੂ ਵਿਰੋਧੀ ਰਵੱਈਆ ਨਾ ਬਦਲਿਆ ਤਾਂ ਸਰਕਾਰ ਖ਼ਿਲਾਫ਼ ਤਿੱਖਾ ਸਟੈਂਡ ਲਿਆ ਜਾਵੇਗਾ।