ਆਸਟਰੇਲੀਆ ਵਿੱਚ ਦੋ ਭਾਰਤੀ ਨੌਜਵਾਨਾਂ ਨੂੰ 8 ਤੇ 12 ਸਾਲ ਕੈਦ
ਐਨ ਐਨ ਬੀਟੋਰਾਂਟੋ – ਇੱਥੋਂ ਦੇ ਪੰਜਾਬੀ ਟਰੱਕ ਡਰਾਈਵਰ ਨੂੰ ਅਦਾਲਤ ਨੇ ਨਸ਼ਾ ਤਸਕਰੀ ਦਾ ਦੋਸ਼ੀ ਠਹਿਰਾਇਆ ਹੈ। ਸਾਲ 2009 ਵਿੱਚ ਅਮਰੀਕਨ ਸਰਹੱਦ ਰਾਹੀਂ ਕੈਨੇਡਾ ਵਿੱਚ 69 ਕਿਲੋਗਰਾਮ ਕੋਕੀਨ ਦੀ ਤਸਕਰੀ ਕਰਨ ਸਬੰਧੀ 44 ਸਾਲਾ ਬਲਦੇਵ ਸਿੰਘ ਨੂੰ ਦੋਸ਼ੀ ਮੰਨਿਆ ਗਿਆ ਹੈ। ਸੂਤਰਾਂ ਮੁਤਾਬਕ ਬਲਦੇਵ ਸਿੰਘ 19 ਮਾਰਚ 2009 ਨੂੰ ਆਪਣੇ ਟਰਾਲੇ ਵਿੱਚ ਕੈਲੀਫੋਰਨੀਆ ਤੋਂ ਸੰਤਰਿਆਂ ਦੇ 54 ਬਕਸੇ ਟਰਾਂਟੋ ਲੈ ਕੇ ਆ ਰਿਹਾ ਸੀ ਕਿ ਸਰਹੱਦ ’ਤੇ ਕੈਨੇਡਾ ਦੇ ਅਧਿਕਾਰੀਆਂ ਨੇ ਕੋਕੀਨ ਫੜ੍ਹ ਲਈ।
ਇਸੇ ਦੌਰਾਨ ਆਸਟਰੇਲੀਆ ਦੀ ਇੱਕ ਅਦਾਲਤ ਨੇ ਬਲਾਤਕਾਰ ਦੇ ਦੋਸ਼ ਹੇਠ ਦੋ ਭਾਰਤੀ ਨੌਜਵਾਨਾਂ ਨੂੰ ਕੈਦ ਸੁਣਾਈ ਹੈ। ਕੈਨਬਰਾ ਵਿੱਚ ਸਥਿਤ ਉੱਚ ਅਦਾਲਤ ਵੱਲੋਂ ਅੱਜ ਰਣਧੀਰ ਸਿੰਘ (21) ਨੂੰ 8 ਸਾਲ ਅਤੇ ਅਜੀਤਪਾਲ ਸਿੰਘ (31) ਨੂੰ 12 ਸਾਲ ਲਈ ਜੇਲ੍ਹ ਭੇਜਣ ਦੇ ਹੁਕਮ ਸੁਣਾਏ। ਬਲਾਤਕਾਰ ਦਾ ਇਹ ਮਾਮਲਾ ਪਿਛਲੇ ਸਾਲ ਸਾਹਮਣੇ ਆਇਆ ਸੀ। ਸੂਤਰਾਂ ਅਨੁਸਾਰ ਰਣਧੀਰ ਸਿੰਘ ਨੇ ਇੱਕ ਸਥਾਨਕ ਆਸਟਰੇਲੀਆ ਔਰਤ ਨਾਲ ਸੋਸ਼ਲ ਸਾਈਟ ਜ਼ਰੀਏ ਦੋਸਤਾਨਾ ਸਬੰਧ ਬਣਾਏ ਅਤੇ ਮਗਰੋਂ ਉਸ ਨੂੰ ਘਰ ਸੱਦ ਕੇ ਉਸ ਦਾ ਜਿਨਸੀ ਸੋਸ਼ਣ ਕੀਤਾ ਸੀ। ਘਟਨਾ ਵਾਲੇ ਦਿਨ ਪੀੜਤ ਔਰਤ ਨੂੰ ਘਰ ਬੁਲਾ ਕੇ ਉਸ ਨਾਲ ਇਹ ਕੁਕਰਮ ਕੀਤਾ ਗਿਆ, ਜਿਸ ਵਿੱਚ ਅਜੀਤਪਾਲ ਸਿੰਘ ਵੀ ਸ਼ਾਮਲ ਸੀ। ਅਦਾਲਤੀ ਸੁਣਵਾਈ ਦੌਰਾਨ ਸਾਹਮਣੇ ਆਇਆ ਕਿ ਉੱਕਤ ਔਰਤ ਨੂੰ ਦੋਸ਼ੀਆਂ ਨੇ ਫਲੈਟ ਵਿੱਚ ਇੱਕ ਘੰਟਾ ਬੰਦੀ ਬਣਾਈ ਰੱਖਿਆ ਅਤੇ ਇਸ ਕਾਰੇ ਮਗਰੋਂ ਉਸ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ। ਪੀੜਤ ਔਰਤ ਨੇ ਅਦਾਲਤ ਨੂੰ ਦੱਸਿਆ ਕਿ ਦੋਸ਼ੀਆਂ ਵੱਲੋਂ ਉਸ ਦੇ ਬੱਚਿਆਂ ਨੂੰ ਵੀ ਡਰਾਇਆ ਗਿਆ ਅਤੇ ਮਗਰੋਂ ਬਲੈਕਮੇਲ ਵੀ ਕੀਤਾ ਗਿਆ। ਅੱਜ ਫੈਸਲੇ ਮੌਕੇ ਜੱਜ ਸਟੀਵਨ ਰੇਰਿਸ ਨੇ ਉਕਤ ਨੌਜਵਾਨਾਂ ਦੇ ਇਸ ਕਾਰੇ ਨੂੰ ਨਿਰਦਈ ਬਿਰਤੀ ਵਾਲਾ ਦੱਸਿਆ ਕਿਹਾ ਕਿ ਪੀੜਤ ਨੂੰ ਇਸ ਘਟਨਾ ਨੇ ਝੰਜੋੜਿਆ ਹੈ ਤੇ ਉਸ ਦੇ ਸਵੈਮਾਨ ਨੂੰ ਗਹਿਰਾ ਧੱਕਾ ਲੱਗਿਆ ਹੈ।