‘ਪੰਜਾਬੀ ਥੀਏਟਰ ਦੇ ਸੌ ਵਰ੍ਹੇ’ ਸੈਮੀਨਾਰ ’ਤੇ ‘ਨੋਰਾ ਰਿਚਰਡਜ਼’ ਐਵਾਰਡ ਦਾ ਐਲਾਨ

0
1308
Theatre
ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਸੰਬੋਧਨ ਕਰਦੇ ਹੋਏ

ਐਨ ਐਨ ਬੀ

ਪਟਿਆਲਾ – ਸਾਹਿਤ ਅਕਾਦਮੀ, ਦਿੱਲੀ ਦੇ ਸਹਿਯੋਗ ਨਾਲ ਪੰਜਾਬੀ ਯੂਨੀਵਰਸਿਟੀ ਵੱਲੋਂ ਉੱਘੇ ਰੰਗਕਰਮੀ ਬਲਵੰਤ ਗਾਰਗੀ ਦੀ ਯਾਦ ਵਿੱਚ ‘ਪੰਜਾਬੀ ਥੀਏਟਰ ਦੇ ਸੌ ਵਰ੍ਹੇ’ ਵਿਸ਼ੇ ਉਤੇ ਕਰਾਇਆ ਗਿਆ ਦੋ-ਰੋਜ਼ਾ ਸੈਮੀਨਾਰ ਯੂਨੀਵਰਸਿਟੀ ਦੇ ਸੈਨੇਟ ਹਾਲ ਵਿੱਚ ਸਮਾਪਤ ਹੋ ਗਿਆ। ਪੰਜਾਬੀ ਯੂਨੀਵਰਸਿਟੀ ਦੇ ਉਪ ਕੁਪਲਤੀ ਡਾ. ਜਸਪਾਲ ਸਿੰਘ ਨੇ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਥੀਏਟਰ ਦੇ ਕਲਾਕਾਰਾਂ ਨੇ ਆਰਥਿਕ ਤੰਗੀ ਵੀ ਵੇਖੀ ਅਤੇ ਭਾਅ ਜੀ ਗੁਰਸ਼ਰਨ ਸਿੰਘ ਵਰਗੇ ਕਲਾਕਾਰ ਵੀ ਹੋਏ ਹਨ, ਜਿਨ੍ਹਾਂ ਨੇ ਮਹਿੰਗੇ ਸਟੇਜ ਮੇਕਅੱਪ ਜਾਂ ਹੋਰ ਸਾਜੋ-ਸਾਮਾਨ ਦੀ ਪ੍ਰਵਾਹ ਕੀਤੇ ਬਿਨਾਂ ਥੀਏਟਰ ਨੂੰ ਇਕ ਲਹਿਰ ਵਜੋਂ ਚਲਾਇਆ।
ਵਿਦਾਇਗੀ ਭਾਸ਼ਣ ਦਿੰਦਿਆਂ ਫਿਲਮ ਲੇਖਕ ਅਤੇ ਡਾਇਰੈਕਟਰ ਅਮਰੀਕ ਗਿੱਲ ਨੇ ਗਾਥਾ ਕੂਕਾ ਲਹਿਰ-ਮਲਟੀ ਮੀਡੀਆ ਪੇਸ਼ਕਾਰੀ ਦੇ ਸੰਦਰਭ ਵਿੱਚ ਥੀਏਟਰ ਅਤੇ ਮਲਟੀ ਮੀਡੀਆ ਦੇ ਸਿਰਜਣਾਤਮਕ ਅਤੇ ਤਕਨੀਕੀ ਸਬੰਧਾਂ ਬਾਰੇ ਚਾਨਣਾ ਪਾਇਆ। ਡਾ. ਜਸਪਾਲ ਕੌਰ ਦਿਓਲ ਨੇ ‘ਪੰਜਾਬੀ ਰੰਗਮੰਚ ਵਿੱਚ ਭਾਅ ਜੀ ਗੁਰਸ਼ਰਨ  ਦੀ ਭੂਮਿਕਾ’ ਵਿਸ਼ੇ ’ਤੇ ਵਿਚਾਰ ਪੇਸ਼ ਕੀਤੇ। ਭਾਅ ਜੀ ਗੁਰਸ਼ਰਨ ਨੇ ਪੰਜਾਬੀ ਰੰਗਮੰਚ ਨੂੰ ਅਦਾਕਾਰ, ਨਿਰਦੇਸ਼ਕ, ਨਾਵਲਕਾਰ ਦੇ ਨਾਂ ਨਾਲ ਇਕ ਵਿਸ਼ਾਲ ਦਰਸ਼ਕ ਸਮੂਹ ਦਿੱਤਾ ਜਿਸ ਨਾਲ ਪੰਜਾਬੀ ਰੰਗਮੰਚ ਦੀ ਸਥਾਪਤੀ ਸੰਭਵ ਹੋਈ।
ਵਰਲਡ ਪੰਜਾਬੀ ਸੈਂਟਰ ਦੇ ਡਾਇਰੈਕਟਰ ਡਾ. ਦੀਪਕ ਮਨਮੋਹਨ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਸੋਮਿਆਂ ਦੀ ਕੋਈ ਕਮੀ ਨਹੀਂ ਪਰ ਇਨ੍ਹਾਂ ਸੋਮਿਆਂ ਨੂੰ ਸਹੀ ਢੰਗ ਨਾਲ ਖਰਚ ਕਰਨ ਦੀ ਲੋੜ ਹੈ। ਡਾ. ਸੁਨੀਤਾ ਧੀਰ ਨੇ ਦੱਸਿਆ ਕਿ ਪੰਜਾਬੀ ਰੰਗਮੰਚ ਦੇ ਇਨ੍ਹਾਂ ਸੌ ਵਰ੍ਹਿਆਂ ਵਿੱਚ ਔਰਤ ਅਦਾਕਾਰਾਂ ਅਤੇ ਨਿਰਦੇਸ਼ਕਾਂ ਦੀ ਮਹੱਤਵਪੂਰਨ ਭੂਮਿਕਾ ਰਹੀ ਹੈ। ਉਨ੍ਹਾਂ ਪੰਜਾਬੀ ਰੰਗਮੰਚ ’ਚ ਇਸਤਰੀ ਦੀ ਭੂਮਿਕਾ ਨੂੰ ਹੋਰ ਹੁਲਾਰਾ ਦੇਣ ਲਈ ਸਾਰਿਆਂ ਨੂੰ ਮਿਲ ਕੇ ਅੱਗੇ ਵਧਣ ਦੀ ਲੋੜ ’ਤੇ ਜ਼ੋਰ ਦਿੱਤਾ।
ਮਨਪਾਲ ਟਿਵਾਣਾ ਨੇ ਆਪਣੇ ਪੇਪਰ ’ਚ ‘ਹਰਪਾਲ ਟਿਵਾਣਾ ਦੇ ਪੰਜਾਬੀ ਰੰਗਮੰਚ ਵਿੱਚ ਯੋਗਦਾਨ’ ਵਿਸ਼ੇ ਬਾਰੇ ਕਿਹਾ ਕਿ ਹਰਪਾਲ ਟਿਵਾਣਾ ਨੇ ਪੰਜਾਬੀ ਰੰਗਮੰਚ ਨੂੰ ਤਕਨੀਕੀ ਅਤੇ ਕਲਾਤਮਕ ਸੁਮੇਲ ਨਾਲ ਪੇਸ਼ੇਵਰ ਰੰਗਮੰਚ ਦੇ ਰੂਪ ਵਿੱਚ ਪੇਸ਼ ਕੀਤਾ। ਪ੍ਰੀਤਮ ਰੂਪਾਲ ਨੇ ‘ਇਪਟਾ ਅਤੇ ਪੰਜਾਬੀ ਰੰਗਮੰਚ’ ਸਦਕਾ ਪੇਂਡੂ ਪੰਜਾਬੀ ਰੰਗਮੰਚ ਦੀ ਨੀਂਹ ਰੱਖੀ ਹੈ। ਸਾਹਿਤ ਅਕਾਦਮੀ ਦੇ ਕਾਰਜਕਾਰੀ ਅਫ਼ਸਰ ਮਨਜੀਤ ਕੌਰ ਭਾਟੀਆ ਨੇ ਕਿਹਾ ਕਿ ਰੰਗਕਰਮੀ ਆਪਣੇ ਅਣਛਪੇ ਨਾਟਕਾਂ ਦੇ ਖਰੜੇ ਉਨ੍ਹਾਂ ਨੂੰ ਭੇਜ ਸਕਦੇ ਹਨ, ਜਿਨ੍ਹਾਂ ਦੀ ਸਮੀਖਿਆ ਬਾਅਦ ਅਕਾਦਮੀ ਉਨ੍ਹਾਂ ਨੂੰ ਛਾਪ ਸਕਦੀ ਹੈ।

ਰੰਗਕਰਮੀਆਂ ਨੂੰ ‘ਨੋਰਾ ਰਿਚਰਡਜ਼’ ਐਵਾਰਡ ਅਤੇ ਫੈਲੋਸ਼ਿਪ ਪ੍ਰਦਾਨ ਕਰਨ ਦਾ ਐਲਾਨ

ਇਸ ਮੌਕੇ ਤੇ ਡਾ. ਜਸਪਾਲ ਸਿੰਘ ਨੇ ਹਰ ਸਾਲ ਥੀਏਟਰ ਦੇ ਖੇਤਰ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਰੰਗਕਰਮੀ ਕਲਾਕਾਰਾਂ ਨੂੰ ਨੌਰਾ ਰਿਚਰਡਜ਼ ਐਵਾਰਡ ਅਤੇ ਫੈਲੋਸ਼ਿਪ ਪ੍ਰਦਾਨ ਕਰਨ ਦੀ ਵੀ ਐਲਾਨ ਕੀਤਾ।  ਸਾਹਿਤ ਅਕਾਦਮੀ, ਦਿੱਲੀ ਦੇ ਸਕੱਤਰ ਸ੍ਰੀ ਕੇਸ਼੍ਰੀਨਿਵਾਸਰਾਓ ਨੇ ਆਏ ਮਹਿਮਾਨਾਂ ਲਈ ਸੁਆਗਤੀ ਸ਼ਬਦ ਸਾਂਝੇ ਕਰਦਿਆਂ ਪੰਜਾਬੀ ਥੀਏਟਰ ਦੇ ਹੁਣ ਤੱਕ ਦੇ ਸਫਰ ਵਿੱਚ ਆਏ ਉਤਾਰ-ਚੜ੍ਹਾਅ ਤੇ ਵਿਸਥਾਰਪੂਰਵਕ ਚਾਨਣਾ ਪਾਇਆ। ਇਸ ਮੌਕੇ ਤੇ ਡਾ. ਮਹੇਂਦਰ ਕੁਮਾਰ, ਪ੍ਰੋਫੈਸਰ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੇ ਕੁੰਜੀਵਤ ਭਾਸ਼ਣ ਪ੍ਰਸਤੁਤ ਕੀਤਾ। ਡਾ. ਰਵੇਲ ਸਿੰਘ ਕਨਵੀਨਰ, ਪੰਜਾਬੀ ਸਲਾਹਕਾਰ ਬੋਰਡ, ਸਾਹਿਤ ਅਕਾਦਮੀ, ਦਿੱਲੀ ਨੇ ਸੈਮੀਨਾਰ ਦੀ ਰੂਪ-ਰੇਖਾ ਦਾ ਵਰਨਣ ਕਰਦਿਆਂ ਕਿਹਾ ਕਿ ਥੀਏਟਰ ਲੋਕਾਂ ਨਾਲ ਸਿੱਧੇ ਤੌਰ ’ਤੇ ਜੁੜਿਆ ਹੋਣ ਕਰਕੇ ਉਨ੍ਹਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਸਮਾਧਾਨ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ।  ਵਿਭਾਗ ਦੇ ਮੁਖੀ ਡਾ. ਸੁਨੀਤਾ ਧੀਰ ਨੇ ਆਏ ਮਹਿਮਾਨਾਂ ਲਈ ਧੰਨਵਾਦੀ ਸ਼ਬਦ ਸਾਂਝੇ ਕੀਤੇ ਹਨ।