ਐਨ ਐਨ ਬੀ
ਚੰਡੀਗੜ੍ਹ – ਕਾਂਗਰਸ ਦੀ ਖਾਨਾਜੰਗੀ ਸਿਖਰਾਂ ’ਤੇ ਪੁੱਜ ਗਈ ਹੈ। ਲੋਕ ਸਭਾ ਦੇ ਉਪ ਨੇਤਾ ਕੈਪਟਨ ਅਮਰਿੰਦਰ ਸਿੰਘ ਹਰ ਦਿਨ ਹੀ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕਰ ਰਹੇ ਹਨ, ਜਦਕਿ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੇ ਦਿਨੀਂ ਕਾਂਗਰਸ ਹਾਈ ਕਮਾਂਡ ਨੇ ਚੁੱਪ ਧਾਰੀ ਹੋਈ ਹੈ। ਪੰਜਾਬ ਦੀ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਕੈਪਟਨ ਵੱਲ ਝੁਕਦੇ-ਝੁਕਦੇ ‘ਕੈਪਟਨ-ਬਾਜਵਾ ਵੱਡੇ-ਛੋਟੇ ਭਰਾ’ ਆਖਣ ਤੱਕ ਚਲੇ ਗਏ ਹਨ। ਇਸ ਤੋਂ ਸ਼ਾਂਤ ਬੈਠੀ ਹਾਈਕਮਾਂਡ ਦੇ ਚੌਕਸ ਹੋਣ ਦੇ ਸੰਕੇਤ ਮਿਲ਼ ਰਹੇ ਹਨ ਜਾਂ ਫਿਰ ਬੀਬੀ ਭੱਠਲ ਨੂੰ ਅਹਿਸਾਸ ਹੋ ਗਿਆ ਹੈ ਕਿ ਵਿਵਾਦ ਦਾ ਅਸਲ ਲਾਹਾ ਕੈਪਟਨ ਲੈ ਸਕਦੇ ਹਨ। ਉਂਜ ਬੀਬੀ ਭੱਠਲ ਦਾ ਕਹਿਣਾ ਹੈ, ‘‘2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਨੂੰ ਮਾਤ ਦੇਣ ਲਈ ਰਲ ਕੇ ਕੰਮ ਕਰਨਾ ਸਮੇਂ ਦੀ ਵੱਡੀ ਲੋੜ ਹੈ। ਮੈਂ ਇਸ ਮਕਸਦ ਲਈ ਕਿਸੇ ਵੀ ਹੱਦ ਤੱਕ ਜਾਵਾਂਗੀ, ਜਿਸ ਵਿੱਚ ਕੈਪਟਨ ਤੇ ਬਾਜਵਾ ਵਿਚਾਲੇ ਸੁਲ੍ਹਾ ਕਰਵਾਉਣਾ ਵੀ ਸ਼ਾਮਲ ਹੈ।’’
ਬਾਜਵਾ ਵੱਲੋਂ ਕੈਪਟਨ ਨਾਲ ਸਿੱਧੀ ਸ਼ਬਦੀ ਜੰਗ ਤੋਂ ਟਾਲਾ ਵੱਟਿਆ ਜਾ ਰਿਹਾ ਹੈ ਜਾਂ ਫਿਰ ਥੋੜ੍ਹਾ ਨਰਮ ਪ੍ਰਤੀਕਰਮ ਪ੍ਰਗਟ ਕੀਤਾ ਜਾ ਰਿਹਾ ਹੈ, ਜਿਵੇਂ ‘‘ਇੱਕ ਵੱਡਾ ਭਾਈ ਛੋਟੇ ਨੂੰ ਕੁਝ ਵੀ ਕਹਿ ਸਕਦਾ ਹੈ।’’ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਪੱਕੇ ਸਮਰਥਕਾਂ ਵੱਲੋਂ ਜਨਤਕ ਤੌਰ ’ਤੇ ਬਾਜਵਾ ਨੂੰ ਪ੍ਰਧਾਨਗੀ ਤੋਂ ਫਾਰਗ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਕੈਪਟਨ ਤਾਂ ਬਾਜਵਾ ਨੂੰ ‘ਗੈਰ-ਭਰੋਸੇਯੋਗ’ ਅਤੇ ‘ਗੈਰ-ਸਰਗਰਮ’ ਤੱਕ ਆਖ ਰਹੇ ਹਨ।
ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ-ਕਮ-ਪੰਜਾਬ ਮਾਮਲਿਆਂ ਦੇ ਪਾਰਟੀ ਇੰਚਾਰਜ ਸ਼ਕੀਲ ਅਹਿਮਦ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜਾਂ ਪਾਰਟੀ ਨੂੰ ਕੁਝ ਨਹੀਂ ਪਤਾ ਕਿ ਪੰਜਾਬ ਕਾਂਗਰਸ ਵਿੱਚ ਕੀ ਹੋ ਰਿਹਾ ਹੈ? ਉਨ੍ਹਾਂ ਕਿਹਾ, ‘‘ਅਸੀਂ ਇਸ ਵੇਲੇ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਰੁੱਝੇ ਹੋਏ ਹਾਂ। ਮੈਂ ਹਰਿਆਣਾ ਵਿੱਚ 13 ਅਕਤੂਬਰ ਨੂੰ ਚੋਣ ਪ੍ਰਚਾਰ ਬੰਦ ਹੋਣ ਮਗਰੋਂ ਹੀ ਕੁਝ ਕਹਿ ਸਕਾਂਗਾ।’’ ਸ਼ਕੀਲ ਅਹਿਮਦ ਨੇ ਸੰਕੇਤ ਦਿੱਤਾ ਕਿ ਹਾਈ ਕਮਾਂਡ ਵੱਲੋਂ ਜ਼ਮੀਨੀ ਪੱਧਰ ’ਤੇ ਸਥਿਤੀ ਦਾ ਅਧਿਐਨ ਕੀਤਾ ਜਾਵੇਗਾ ਅਤੇ ਉਸ ਮਗਰੋਂ ਹੀ ਕੁਝ ਕਿਹਾ ਜਾ ਸਕੇਗਾ।
ਇਸੇ ਦੌਰਾਨ ਕੈਪਟਨ ਵੱਲੋਂ ਹਟਾਉਣ ਦੀ ਮੰਗ ਬਾਰੇ ਬਾਜਵਾ ਨੇ ਕਿਹਾ ਕਿ ਉਹ ਅਜਿਹੀਆਂ ਗੱਲਾਂ ਵੱਲ ਜ਼ਿਆਦਾ ਧਿਆਨ ਨਹੀਂ ਦੇ ਰਹੇ, ਕਿਉਂਕਿ ਕਾਂਗਰਸ ਹਾਈ ਕਮਾਂਡ ਦੀ ਮਰਜ਼ੀ ਤੋਂ ਬਿਨਾਂ ਪ੍ਰਧਾਨਗੀ ਤੋਂ ਨਹੀਂ ਲਾਹਿਆ ਜਾ ਸਕਦਾ। ਉਨ੍ਹਾਂ ਕਿਹਾ, ‘‘ਹੁਣ ਤੱਕ ਮੇਰੇ ਖ਼ਿਲਾਫ਼ ਪਾਰਟੀ ਆਗੂਆਂ ਜਾਂ ਬਾਹਰੀ ਆਗੂਆਂ ਵੱਲੋਂ ਕੀਤੇ ਜਾ ਰਹੇ ਹਮਲਿਆਂ ’ਤੇ ਮੈਂ ਚੁੱਪ ਰਹਿਣਾ ਹੀ ਬਿਹਤਰ ਸਮਝਿਆ ਹੈ। ਮੈਂ ਸਹੀ ਸਮੇਂ ’ਤੇ ਆਪਣਾ ਮੂੰਹ ਖੋਲ੍ਹਾਂਗਾ।’’
ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ਮਸ਼ੇਰ ਸਿੰਘ ਦੂਲੋ, ਰਾਜਿੰਦਰ ਕੌਰ ਭੱਠਲ ਅਤੇ ਲਾਲ ਸਿੰਘ ਨੂੰ ਪ੍ਰਧਾਨ ਬਣਾਉਣ ਦੀ ਗੱਲ ਸ਼ਰੇਆਮ ਕੀਤੀ ਜਾ ਰਹੀ ਹੈ।