ਸ਼ਬਦੀਸ਼
ਚੰਡੀਗੜ੍ਹ – ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਰਾਹੁਲ ਗਾਂਧੀ ਕੋਲ਼ ‘ਅਨੁਸ਼ਾਸਨਹੀਣ’ ਨੇਤਾਵਾਂ ਦੀ ਲੱਖ ਸ਼ਕਾਇਤਾਂ ਕਰਦੇ ਰਹਿਣ, ਉਹ ਲਗਾਤਾਰ ਵਧਦੀ ਹੋਈ ਫੁੱਟ ਰੋਕਣ ਵਿੱਚ ਨਾਕਾਮ ਹਨ। ਕੈਪਟਨ ਧੜਾ ਕਾਂਗਰਸ ਹਾਈਕਮਾਨ ਖ਼ਿਲਾਫ਼਼ ਭਲੇ ਹੀ ਖ਼ਾਮੋਸ਼ ਨਜ਼ਰ ਆਈ ਜਾਵੇ, ਉਹ ਕਾਂਗਰਸ ਦੇ ਨੌਜਵਾਨ ਕੌਮੀ ਮੀਤ ਪ੍ਰਧਾਨ ਦੀ ਚੰਡੀਗੜ੍ਹ ਫੇਰੀ ਦੇ ‘ਹੁਕਮ’ ਮੰਨਣ ਤੋਂ ਇਨਕਾਰੀ ਹੈ। ਪ੍ਰਤਾਪ ਸਿੰਘ ਬਾਜਵਾ ਨੇ ਹਾਈਕਮਾਨ ਦੀ ਸਹਿਮਤੀ ਨਾਲ ਲੁਧਿਆਣਾ ਕਾਂਗਰਸ ਦਾ ਪ੍ਰਧਾਨ ਤਬਦੀਲ ਕੀਤਾ ਹੈ ਅਤੇ ਚਾਰ ਦਿਨ ਚਾਰ ਬਲਾਕ ਪ੍ਰਧਾਨਾਂ ਦੇ ਵਿਰੋਧ ਪ੍ਰਦਰਸ਼ਨ ਦਾ ਸਾਹਮਣਾ ਕਰਦੇ ਰਹੇ ਹਨ। ਇਨ੍ਹਾਂ ਸਥਾਨਕ ਨੇਤਾਵਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਥਾਪੀ ਹੋਣ ਦੇ ਚਰਚੇ ਜ਼ੋਰਾਂ ’ਤੇ ਹਨ।
ਬਾਜਵਾ ਮੁਤਾਬਕ ਪੰਜਾਬ ਕਾਂਗਰਸ ਨੂੰ ਨੁਕਸਾਨ ਪਹੁੰਚਾਉਣ ਲਈ ਵੱਖ-ਵੱਖ ਤਰ੍ਹਾਂ ਦੇ ਹੀਲੇ ਵਰਤ ਰਹੇ ਨੇਤਾਵਾਂ ਦੀਆਂ ਸਰਗਰਮੀਆਂ ਦੇ ਪਲ-ਪਲ ਦੀ ਰਿਪੋਰਟ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਕੋਲ ਪੁੱਜ ਰਹੀ ਹੈ। ਇਸ ਰਿਪੋਰਟ ਦਾ ਵਿਰੋਧ ਕਰਦੇ ਨੇਤਾਵਾਂ ’ਤੇ ਕਿੰਨਾ ਕੁ ਅਸਰ ਹੋ ਰਿਹਾ ਹੈ, ਇਹ ਸੰਕੇਤ ਕਿਧਰੇ ਨਜ਼ਰ ਨਹੀਂ ਆ ਰਹੇ। ਸਾਬਕਾ ਮੁੱਖ ਮੰਤਰੀ ਤੇ ਸੰਸਦ ਮੈਂਬਰ ਕੈਪਟਨ ਅਮਰਿੰਦਰ ਸਿੰਘ ਇਹੇ ਐਨ ਉਲਟ ਚੁਣੌਤੀ ਦਿੰਦੇ ਆ ਰਹੇ ਹਨ ਕਿ ਸ੍ਰੀ ਬਾਜਵਾ ਨੂੰ ਕਿਸੇ ਵੀ ਬਲਾਕ ਪ੍ਰਧਾਨ ਨੂੰ ਹਟਾਉਣ ਜਾਂ ਨਿਯੁਕਤ ਕਰਨ ਦਾ ਕੋਈ ਸੰਵਿਧਾਨਕ ਅਧਿਕਾਰ ਹੀ ਨਹੀਂ ਹੈ। ਬਾਜਵਾ ਸਪੱਸ਼ਟ ਆਖ ਰਹੇ ਹਨ ਕਿ ਉਹ ਪੰਜਾਬ ਕਾਂਗਰਸ ਦੀਆਂ ਸਰਗਰਮੀਆਂ ਵਿੱਚ ਰੋੜਾ ਬਣ ਰਹੇ ਪਾਰਟੀ ਦੇ ਕੁਝ ਆਗੂਆਂ ਦੀਆਂ ਸਰਗਰਮੀਆਂ ਬਾਰੇ ਰੋਜ਼ਾਨਾ ਹਾਈਕਮਾਨ ਨੂੰ ਸੂਚਿਤ ਕਰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਅੜਿੱਕੇ ਪਾਉਣ ਵਾਲੇ ਲੋਕਾਂ ਤੋਂ ਬੇਪ੍ਰਵਾਹ ਹਨ ਅਤੇ ਨਿਰੰਤਰ ਬਲਾਕ ਪੱਧਰ ਦੇ ਦੌਰੇ ਜਾਰੀ ਰੱਖਣਗੇ, ਤਾਂਕਿ ਹਰੇਕ ਬੂਥ ਉੱਤੇ 11 ਮੈਂਬਰੀ ਕਾਂਗਰਸ ਵਰਕਰਾਂ ਦੀ ਟੀਮ ਕਾਇਮ ਕਰਨਗੇ। ਉਹ 15 ਦਸੰਬਰ ਤੱਕ ਉਹ ਪਾਰਟੀ ਦੇ ਢਾਈ ਲੱਖ ਵਲੰਟੀਅਰ ਕਾਇਮ ਕਰਕੇ ਅਕਾਲੀ ਦਲ-ਭਾਜਪਾ ਸਰਕਾਰ ਵਿਰੁੱਧ ਇਕਜੁੱਟਤਾ ਨਾਲ ਲੜਾਈ ਸ਼ੁਰੂ ਕਰ ਦੇਣਗੇ।
ਮੈਂ ਬਾਦਲਾਂ ਅੱਗੇ ਨਹੀਂ ਝੁਕਾਂਗਾ
ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਫ਼ਰੀਦਕੋਟ ਦੇ ਐਸ.ਐਸ.ਪੀ. ਵੱਲੋਂ ਉਨ੍ਹਾਂ ਦਾ ਨਾਮ ਪਾਰਸ ਗੈਂਗ ਨਾਲ ਜੋੜਨ ਉੱਤੇ ਟਿੱਪਣੀ ਕਰਦਿਆਂ ਕਿਹਾ ਕਿ ਉਹ ਸਰਕਾਰ ਅੱਗੇ ਕਿਸੇ ਵੀ ਹਾਲਤ ਵਿੱਚ ਨਹੀਂ ਝੁਕਣਗੇ ਅਤੇ ਬਾਦਲ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਇਸੇ ਤਰ੍ਹਾਂ ਡੱਟ ਕੇ ਉਭਾਰਦੇ ਰਹਿਣਗੇ। ਬਾਜਵਾ ਨੇ ਕਿਹਾ ਕਿ ਉਹ ਕਲੀਨ ਚਿੱਟਾਂ ਲੈਣ ਵਾਲਿਆਂ ਵਿੱਚ ਨਹੀਂ ਹਨ, ਬਲਕਿ ਸਰਕਾਰ ਨਾਲ ਪੂਰਾ ਲੋਹਾ ਲੈਣਗੇ।