ਅਕਾਲੀਆਂ ਨਾਲ ਪਹਿਲਾਂ ਵਾਲੀ ਗੱਲ ਨਹੀਂ ਰਹੀ : ਕਮਲ ਸ਼ਰਮਾ
ਸ਼ਬਦੀਸ਼
ਚੰਡੀਗੜ੍ਹ – ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਕਿੰਨੀ ਵੀ ਪਕੜ ਹੋਵੇ, ਪ੍ਰਕਾਸ਼ ਸਿੰਘ ਬਾਦਲ ਹਰਿਆਣਾ ਵਿੱਚ ਇਨੈਲੋ ਨੂੰ ਹਮਾਇਤ ਦੇ ਕੇ ਭਾਈਵਾਲ ਭਾਜਪਾ ਦੇ ਨੇਤਾਵਾਂ ’ਤੇ ਬਣੇ ਪ੍ਰਭਾਵ ਤੋਂ ਮਹਿਰੂਮ ਹੋ ਚੁੱਕੇ ਹਨ। ਉਨ੍ਹਾਂ ਸੁਲਤਾਨਪੁਰ ਲੋਧੀ ਵਿੱਚ ਅਕਾਲੀ-ਭਾਜਪਾ ਗਠਜੋੜ ਨੂੰ ਪਜਾਬ ਦੀ ਅਮਨ-ਸ਼ਾਂਤੀ ਲਈ ਲਾਜ਼ਮੀ ਲੋੜ ਦਾ ਬਿਆਨ ਕੀ ਦਿੱਤਾ, ਕਾਂਗਰਸ ਦੇ ਸੰਭਾਵੀ ਪ੍ਰਤੀਕਰਮ ਤੋਂ ਵੱਧ ਤਿੱਖੀ ਸੁਰ ਭਾਜਪਾ ਨੇਤਾਵਾਂ ਦੀ ਸਾਹਮਣੇ ਆ ਰਹੀ ਹੈ। ਇਹ ਵੱਖਰੀ ਗੱਲ ਹੈ ਕਿ ਇਹ ਬਿਆਨ ਪੰਜਾਬ ਭਾਜਪਾ ਦੇ ਸਥਾਨਕ ਪੱਧਰ ਦੇ ਨੇਤਾਵਾਂ ਤੱਕ ਸੀਮਤ ਹਨ। ਪੰਜਾਬ ਪੁਲਿਸ ਵੱਲੋਂ ਖ਼ਾਲਿਸਤਾਨੀ ਦਹਿਸ਼ਤਗਰਦਾਂ ਦੀਆਂ ਗ੍ਰਿਫ਼ਤਾਰੀਆਂ ਦੌਰਾਨ ਮੁੱਖ ਮੰਤਰੀ ਦਾ ਭਾਈਚਾਰਕ ਸਾਂਝ ਤੇ ਪੰਜਾਬ ਦੀ ਅਮਨ-ਸ਼ਾਂਤੀ ਅਕਾਲੀ-ਭਾਜਪਾ ਗਠਜੋੜ ਨੂੰ ਲਾਜ਼ਮੀ ਲੋੜ ਵਜੋਂ ਉਭਾਰਨਾ ਸੱਚਮੁਚ ਗੰਭੀਰ ਸੰਕੇਤ ਸੀ, ਜਿਸਦੀ ਰਣਨੀਤੀ ਮੁੱਖ ਮੰਤਰੀ ਨੂੰ ਉਲਟੀ ਪੈਂਦੀ ਨਜ਼ਰ ਆ ਰਹੀ ਹੈ।
ਦਰਅਸਲ, ਉਹ ਦੌਰ ਬਹੁਤ ਪਿੱਛੇ ਰਹਿ ਗਿਆ ਹੈ, ਜਦੋਂ ਅਕਾਲੀ-ਭਾਜਪਾ ਗਠਜੋੜ ਦੀ ਸ਼ਕਲ ਵਿੱਚ ਸੱਤਾ ਲਈ ਸਿਆਸਤ ਹਿੰਦੂ-ਸਿੱਖ ਏਕਤਾ ਦੀ ਭਾਵੁਕ ਅਪੀਲ ਵਿੱਚ ਘੁਲ਼ ਜਾਂਦੀ ਸੀ। ਹੁਣ ਮੁੱਖ ਮੰਤਰੀ ਗਠਜੋੜ ਦਾ ਮੁੱਖ ਏਜੰਡਾ ਮੁੱਖ ਏਜੰਡਾ ਰਾਜ ਵਿੱਚ ਭਾਈਚਾਰਕ ਸਾਂਝ ਅਤੇ ਸ਼ਾਂਤੀ ਕਾਇਮ ਰੱਖਣਾ ਦੱਸਦੇ ਹਨ, ਤਾਂ ਭਾਜਪਾ ਆਗੂ ਬਦਲੇ ਹੋਏ ਹਾਲਾਤ ਵਿੱਚ ਇਸੇ ਨੂੰ ਨਿੰਦਾ ਦਾ ਵਿਸ਼ਾ ਬਣਾ ਲੈਂਦੇ ਹਨ। ਇਸਨੇ ਬਿਆਨ ਦੀ ਸ਼ਕਲ ਵਿੱਚ ਹੀ ਸਹੀ, ਪੰਜਾਬ ਕਾਂਗਰਸ ਦੇ ਭਿੜ ਰਹੇ ਦੋ ਨੇਤਾਵਾਂ-ਪ੍ਰਤਾਪ ਸਿੰਘ ਬਾਜਵਾ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਇਕਸੁਰ ਕਰ ਦਿੱਤਾ ਹੈ, ਜਦਕਿ ਹਰਿਆਣਾ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ-ਭਾਜਪਾ ਗਠਜੋੜ ਸਿਆਸਤ ਵਿੱਚ ਕੁੜੱਤਣ ਭਰਨ ਵਾਲ਼ੇ ਨਵਜੋਤ ਸਿੰਘ ਸਿੱਧੂ ਦੀ ਹਮਨਾਮ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਖ਼ੂਬ ਖਰੀ-ਖੋਟੀ ਸੁਣਾਈ ਹੈ। ਉਨ੍ਹਾਂ ਇਥੋਂ ਤੱਕ ਕਹਿ ਦਿੱਤਾ ਹੈ ਕਿ ਪੰਜਾਬ ਦੀ ਸ਼ਾਂਤੀ ਗਠਜੋੜ ਤੋਂ ਵੱਧ ਮਹੱਤਵਪੂਰਨ ਹੈ, ਜਿਸਨੂੰ ਨਰਿੰਦਰ ਮੋਦੀ ਸਰਕਾਰ ਕਦੇ ਵੀ ਭੰਗ ਨਹੀਂ ਹੋਣ ਦੇਵੇਗੀ, ਜੋ ਮੁੱਖ ਮੰਤਰੀ ਦੇ ‘ਫਿਰਕੂ ਬਿਆਨ’ ਨਾਲ ਭੰਗ ਹੋ ਸਕਦੀ ਹੈ। ਇਸ ਕਿਸਮ ਦਾ ਬਿਆਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਵਰਗੇ ਸੀਨੀਅਰ ਆਗੂ ਨੂੰ ਸ਼ੋਭਾ ਨਹੀਂ ਦਿੰਦਾ।
ਡਾ. ਨਵਜੋਤ ਕੌਰ ਸਿੱਧੂ ਨੇ ਮੁੱਖ ਮੰਤਰੀ ਤੇ ਉੱਪ ਮੁੱਖ ਮੰਤਰੀ ਦੇ ਅਹੁਦੇ ਪਰਿਵਾਰ ਤੱਕ ਸੀਮਤ ਰੱਖੇ ਜਾਣ ਲਈ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਨਿਸ਼ਾਨਾ ਬਣਾਇਆ ਹੈ ਅਤੇ ਇਸ ਉੱਤੇ ਭਾਜਪਾ ਦੇ ਸੁਭਾਵਕ ਹੱਕ ਦਾ ਦਾਅਵਾ ਕੀਤਾ ਹੈ। ਗ਼ੌਰਤਲਬ ਹੈ ਕਿ ਕਦੇ ਸੁਖਬੀਰ ਸਿੰਘ ਬਾਦਲ ਦਾ ਸੱਤਾਧਾਰੀ ਗਠਜੋੜ ਵਿੱਚ ਪ੍ਰਭਾਵਸ਼ਾਲੀ ਹੋਣਾ ਭਾਜਪਾ ਦੀ ਉੱਪ ਮੁੱਖ ਮੰਤਰੀ ਦੇ ਅਹੁਦੇ ਦੀ ਮੰਗ ਦਾ ਸਦਾ ਲਈ ਭੋਗ ਪਾਏ ਜਾਣ ਦੀ ਸਿਆਸੀ ਕਾਰਵਾਈ ਸੀ। ਹੁਣ ਸਿਹਤ ਵਿਭਾਗ ਦੀ ਮੁੱਖ ਪਾਰਲੀਮਾਨੀ ਸਕੱਤਰ ਡਾ. ਨਵਜੋਤ ਕੌਰ ਸਿੱਧੂ ਸ਼੍ਰੋਮਣੀ ਅਕਾਲੀ ਦਲ ’ਤੇ ਇਲਜ਼ਾਮ ਲਗਾ ਰਹੇ ਹਨ ਕਿ ਗਠਜੋੜ ਸਰਕਾਰ ਦੌਰਾਨ ਸਰਕਾਰ ਭਾਜਪਾ ਵਰਕਰਾਂ ਦੀਆਂ ਭਾਵਨਾਵਾਂ ਦੀ ਭੋਰਾ ਭਰ ਕਦਰ ਨਹੀਂ ਕਰ ਰਹੀ, ਜਿਸ ਕਾਰਨ ਭਾਜਪਾ ਵਰਕਰ ਸਰਕਾਰ ਤੋਂ ਔਖੇ ਜਾਪ ਹਨ।
ਇਸ ਕਿਸਮ ਦੇ ਬਿਆਨ ਪੰਜਾਬ ਭਾਜਪਾ ਦੇ ਹੋਰਨਾਂ ਨੇਤਾਵਾਂ ਨੇ ਵੀ ਦਿੱਤੇ ਹਨ, ਜਿਨ੍ਹਾਂ ਦੀ ਸੁਰ ‘ਸੁਲਝੇ ਹੋਏ ਸਿਆਸਤਦਾਨ’ ਨੂੰ ਅਜਿਹੇ ਬਿਆਨ ਨਾ ਦੇਣ ਤੋਂ ਗੁਰੇਜ਼ ਕਰਨ ਦੀ ਮੱਤ ਦਿੱਤੀ ਜਾ ਰਹੀ ਹੈ। ਇਹ ਦਬਾਅ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਥਾਪਤ ਕੇਂਦਰ ਸਰਕਾਰ ਬਣਨ ਦੇ ਉਤਸ਼ਾਹ ਕਾਰਨ ਵੀ ਹੈ ਅਤੇ ਇਸਨੂੰ ਭਾਜਪਾ ਦੀ ਮਜ਼ਬੂਤੀ ਲਈ ਹਮਲਾਵਰ ਹੋਣ ਦੀ ਰਣਨੀਤੀ ਵੀ ਮੰਨਿਆ ਜਾ ਰਿਹਾ ਹੈ, ਜਿਸਦਾ ਇਮਤਿਹਾਨ ਨਿਗਮ ਚੋਣਾਂ ਦੌਰਾਨ ਹੋਣ ਜਾ ਰਿਹਾ ਹੈ। ਹਰ ਭਾਜਪਾ ਆਗੂ ਮੁੱਖ ਮੰਤਰੀ ਤੇ ਉੱਪ ਮੁੱਖ ਮੰਤਰੀ ਦੇ ਅਹੁਦੇ ’ਤੇ ਪਰਿਵਾਰਕ ਕਬਜ਼ੇ ਦਾ ਸਵਾਲ ਉਠਾ ਰਿਹਾ ਹੈ, ਪਰ ਇਸ ਸਵਾਲ ਦਾ ਜਵਾਬ ਕਿਸੇ ਕੋਲ਼ ਨਹੀਂ ਹੈ ਕਿ ਪਰਿਵਾਰਵਾਦ ਦੇ ਵਿਰੋਧ ਕਾਂਗਰਸ ਖ਼ਿਲਾਫ਼ ਹਥਿਆਰ ਬਣਾ ਰਹੀ ਭਾਜਪਾ ਕੇਂਦਰੀ ਮੰਤਰੀ ਮੰਡਲ ਲਈ ਹਰਸਿਮਰਤ ਕੌਰ ਬਾਦਲ ਨੂੰ ਹੀ ਕਿਉਂ ਚੁਣ ਰਹੀ ਹੈ? ਇਹ ਜਵਾਬ ਪੰਜਾਬ ਭਾਜਪਾ ਦੇ ਪ੍ਰਧਾਨ ਕਮਲ ਸ਼ਰਮਾ ਕੋਲ਼ ਵੀ ਨਹੀਂ ਹੈ, ਜਿਨ੍ਹਾਂ ਬਿਨਾ ਝਿਜਕ ਸਵੀਕਾਰ ਕੀਤਾ ਹੈ ਕਿ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਬਾਅਦ ਪੰਜਾਬ ਵਿੱਚ ਅਕਾਲੀ-ਭਾਜਪਾ ਸਬੰਧ ਵਰਗੇ ਨਹੀਂ ਰਹਿ ਗਏ। ਜੇ ਸ਼੍ਰੋਮਣੀ ਅਕਾਲੀ ਦਲ ਨੇ ਇੰਡੀਅਨ ਨੈਸ਼ਨਲ ਲੋਕ ਦਲ ਦੀ ਹਮਾਇਤ ਨਾ ਕੀਤੀ ਹੁੰਦੀ ਤਾਂ ਇਹ ਸਬੰਧ ਖਰਾਬ ਨਹੀਂ ਹੋਣੇ ਸਨ। ਸ਼੍ਰੋਮਣੀ ਅਕਾਲੀ ਦਲ ਦੀ ਖ਼ਾਮੋਸ਼ੀ ਦੌਰਾਨ ਅਕਾਲੀ ਨੇਤਾ ਦੱਬੀ ਜ਼ੁਬਾਨ ਵਿੱਚ ਆਖਦੇ ਹਨ ਕਿ ਜੇ ਚੋਣ ਨਤੀਜ਼ੇ ਇਨੈਲੋ ਦੇ ਪੱਖ ਵਿੱਚ ਚਲੇ ਜਾਂਦੇ ਤਾਂ ਸਿਆਸੀ ਸੀਨ ’ਤੇ ਨਜ਼ਰਸਾਨੀ ਦੀ ਮੁਹਾਰਤ ਪੱਖੋਂ ਪ੍ਰਕਾਸ਼ ਸਿੰਘ ਬਾਦਲ ਦਾ ਹੱਥ ਉੱਤੇ ਹੋਣਾ ਸੀ।
ਹਰਿਆਣਾ ਵਿਧਾਨ ਸਭਾ ਚੋਣਾਂ ਤੇ ਪੰਜਾਬ ਭਾਜਪਾ ਮਾਮਲਾਤ ਦੇ ਇੰਚਾਰਜ ਰਾਮ ਸ਼ੰਕਰ ਕਥੇਰੀਆ ਦੇ ਸੰਕੇਤਾਂ ਤੋਂ ਜ਼ਾਹਰ ਹੈ ਕਿ ਕਮਲ ਸ਼ਰਮਾ ਨੂੰ ਪੰਜਾਬ ਪ੍ਰਧਾਨ ਬਣੇ ਰਹਿਣ ਲਈ ਤਿੱਖੀ ਸੁਰ ਬਣਾਈ ਰੱਖਣ ਦਾ ਪੈਂਤੜਾ ਮੱਲਣਾ ਪਵੇਗਾ, ਕਿਉਂਕਿ ਕਦੇ ਉਹ ਸ਼੍ਰੋਮਣੀ ਅਕਾਲੀ ਦਲ ਲੀਡਰਸ਼ਿੱਪ ਲਈ ਭਰੋਸੇਯੋਗ ਆਗੂ ਸਨ ਅਤੇ ਭਾਜਪਾ ਆਗੂ ਹੋਣ ਦੇ ਬਾਵਜੂਦ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਿਆਸੀ ਸਲਾਹਕਾਰਾਂ ਦੀ ਟੀਮ ਵਿੱਚ ਸ਼ਾਮਲ ਸਨ। ਇਸਨੂੰ ਰਾਜ ਸਭਾ ’ਤੇ ਟਿਕੀ ਨਜ਼ਰ ਮੰਨਿਆ ਜਾਂਦਾ ਸੀ, ਹੁਣ ਕਮਲ ਸ਼ਰਮਾ ਦੇ ਸੁਪਨੇ ਹੋਰ ਉੱਚੇ ਅੰਬਰ ਗਾਹੁਣ ਦੇ ਲਗਦੇ ਹਨ, ਹਾਲਾਂਕਿ ਪੰਜਾਬ ਦਾ ਹਰਿਆਣਾ ਤੇ ਮਹਾਰਾਸ਼ਟਰ ਬਣ ਸਕਣਾ ਸਿਆਸੀ ਮਾਹਰਾਂ ਦੀ ਸਮੀਖਿਆ ਦਾ ਹਿੱਸਾ ਨਹੀਂ ਹੈ।
ਜੇਤਲੀ ਵੱਲੋਂ ਬਾਦਲ ਜੋੜੇ ਨਾਲ ਮੁਲਾਕਾਤ; ਸਭ ਅੱਛਾ ਹੋਣ ਦਾ ਦਿੱਤਾ ਸੁਨੇਹਾ
ਇਹ ਸਭ ਕੁਝ ਓਦੋਂ ਵਾਪਰ ਰਿਹਾ ਹੈ, ਜਦੋਂ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਰੁਣ ਜੇਤਲੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਗੁਰੂ ਨਾਨਕ ਦੇਵ ਦੇ ਗੁਰਪੁਰਬ ਮੌਕੇ ਉਚੇਚੀ ਮੁਲਾਕਾਤ ਦੌਰਾਨ ‘ਸਭ ਅੱਛਾ ਹੈ’ ਦਾ ਸੰਕੇਤ ਦੇ ਰਹੇ ਸਨ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, ‘‘ਮੈਂ ਸਪਸ਼ਟ ਕਰ ਰਿਹਾ ਹਾਂ ਕਿ ਭਾਜਪਾ ਅਤੇ ਅਕਾਲੀ ਦਲ ਵਿਚਕਾਰ ਕੋਈ ਤਕਰਾਰ ਨਹੀਂ ਹੈ। ਦੋਹਾਂ ਪਾਰਟੀਆਂ ਦਾ ਆਪਸ ਵਿੱਚ ਪੀਡਾ ਸਬੰਧ ਹੈ। ਇਹ ਗਠਜੋੜ ਸਿਰਫ਼ ਸਿਆਸੀ ਨਹੀਂ, ਇਸ ਦੇ ਸਮਾਜਕ ਸਰੋਕਾਰ ਵੀ ਹਨ।’’
ਭਾਜਪਾ ਦੇ ਜਨਰਲ ਸਕੱਤਰ ਜੇ.ਪੀ. ਨੱਡਾ ਨੇ ਵੀ ਕਿਹਾ ਕਿ ਪੀਡੀ ਸਾਂਝ ਵਾਲਾ ਗਠਜੋੜ ਖਤਮ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੋ ਸਕਦਾ। ਇਨ੍ਹਾਂ ਬਿਆਨਾਂ-ਐਲਾਨਾਂ ਦੀ ਸਚਾਈ ਨਵਾਂ ਸਾਲ ਚੜ੍ਹਨ ਤੱਕ ਸਪੱਸ਼ਟ ਹੋਣ ਦੀ ਸੰਭਾਵਨਾ ਹੈ, ਜਦੋਂ ਭਾਜਪਾ ਸਥਾਨਕ ਸ਼ਹਿਰੀ ਚੋਣਾਂ ਵਿੱਚ ਤੋਲੇ ਪਰਾਂ ਦਾ ਵਿਸ਼ਲੇਸ਼ਣ ਕਰ ਚੁੱਕੀ ਹੋਵੇਗੀ, ਹਾਲਾਂਕਿ 2017 ਦੀਆਂ ਵਿਧਾਨ ਸਭਾ ਚੋਣਾਂ ਤੱਕ ਹੋਰ ਵੀ ਬਥੇਰਾ ਕੁਝ ਵਾਪਰਨ ਦੀ ਸੰਭਾਵਨਾ ਹੈ, ਜਿਸਦਾ ਹੁਣੇ ਤੋਂ ਕਿਆਸ ਲਗਾ ਸਕਣਾ ਸੰਭਵ ਨਹੀਂ ਹੈ।