ਖਰੜ 21 ਅਕਤੂਬਰ
ਪੰਜਾਬ ਦੇ ਸ਼ਹਿਰਾਂ ਦਾ ਵਿਕਾਸ ਵਿਕਾਸ ਸ਼ੀਲ ਦੇਸ਼ਾਂ ਦੇ ਸ਼ਹਿਰਾਂ ਦੀ ਤਰਜ ਤੇ ਕੀਤਾ ਜਾਵੇਗਾ ਅਤੇ ਸ਼ਹਿਰਾਂ ਚ ਰਹਿਣ ਵਾਲੇ ਲੋਕਾਂ ਨੂੰ ਅਤਿ ਆਧੁਨਿਕ ਸਹੂਲਤਾਂ ਪ੍ਰਦਾਨ ਕਰਨ ਲਈ ਕੋਈ ਕਸਰ ਬਾਕੀ ਨਹੀ ਛੱਡੀ ਜਾਵੇਗੀ ਇਸ ਗੱਲ ਦੀ ਜਾਣਕਾਰੀ ਸਥਾਨਕ ਸਰਕਾਰ ਅਤੇ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਸ੍ਰੀ ਅਨਿਲ ਜ਼ੋਸੀ ਨੇ ਨਿਊ ਹਰੀ ਐਵਨਿਊ ਰੰਧਾਵਾ ਰੋਡ ਖਰੜ ਤੋਂ ਨਗਰ ਕੌਂਸਲ ਖਰੜ ਦੀਆਂ ਸੜਕਾਂ ਤੇ ਪ੍ਰੀਮਿਕਸ ਪਾਉਣ ਦੇ ਕੰਮ ਅਤੇ ਸ਼ਹਿਰ ਦੇ 6 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਣ ਵਾਲੇ ਵੱਖ ਵੱਖ ਕਾਰਜਾਂ ਦੀ ਸ਼ੁਰੂਆਤ ਕਰਵਾਉਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ।
ਸ੍ਰੀ ਜੋਸ਼ੀ ਨੇ ਇਸ ਮੌਕੇ ਪੱਤਰਕਾਰਾਂ ਨਾਂਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਨੇ ਰਾਜ ਦੇ ਸ਼ਹਿਰੀ ਵਿਕਾਸ ਦੇ 5 ਹਜ਼ਾਰ ਕਰੋੜ ਰੁਪਏ ਦੇ ਪ੍ਰੋਜੈਕਟ ਕੇਂਦਰ ਸਰਕਾਰ ਨੂੰ ਪ੍ਰਵਾਨਗੀ ਲਈ ਭੇਜੇ ਹਨ। ਉਨਾ੍ਹਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਬਣੀ ਸਰਕਾਰ ਪੰਜਾਬ ਦੇ ਵਿਕਾਸ ਲਈ ਫੰਡਾਂ ਦੀ ਘਾਟ ਨਹੀਂ ਆਉਣ ਦੇਵੇਗੀ ਅਤੇ ਕੇਂਦਰ ਸਰਕਾਰ ਪੰਜਾਬ ਨੂੰ ਦੇਸ਼ ਦਾ ਅਵੱਲ ਸੂਬਾ ਬਣਾਉਣ ਲਈ ਹਰ ਸੰਭਵ ਸਹਾਇਤਾ ਦੇਵੇਗੀ। ਉਨਾ੍ਹਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਸਮੂਚਾ ਦੇਸ਼ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹੇਗਾ ਅਤੇ ਹੁਣ ਦੇਸ਼ ਵਿਚ ਅੱਛੇ ਦਿਨਾਂ ਦੀ ਸ਼ੁਰੂਆਤ ਹੋ ਚੁੱਕੀ ਹੈ। ਉਨਾ੍ਹਂ ਕਿਹਾ ਕਿ ਕੇਵਲ 6 ਮਹੀਨੇ ਵਿਚ ਹੀ ਨਰਿੰਦਰ ਮੋਦੀ ਨੇ ਆਪਣੇ ਦੇਸ਼ ਦਾ ਨਾਂ ਦੁਨੀਆਂ ਭਰ ਵਿਚ ਚਮਕਾਇਆ ਹੈ। ਉਨਾ੍ਹਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁਰੂ ਕੀਤੀ ਗਈ ਸਵੱਛ ਭਾਰਤ ਮੁਹਿੰਮ ਦਾ ਹਰੇਕ ਵਰਗ ਨੂੰ ਹਿੱਸਾ ਬਣਨ ਦੀ ਲੋੜ ਹੈ ਤਾਂ ਜੋ ਅਸੀਂ ਦੇਸ਼ ਨੂੰ ਸਫਾਈ ਪੱਖੋ ਸਾਫ ਸੁਥਰਾ ਬਣਾ ਸਕੀਏ।
%ਪੱਤਰਕਾਰਾਂ ਵੱਲੋਂ ਮਿਊਸੀਪਲ ਚੋਣਾਂ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿਚ ਉਨਾ੍ਹਂ ਕਿਹਾ ਕਿ ਸਰਕਾਰ ਵੱਲੋਂ ਮਿਊਸੀਪਲ ਚੋਣਾਂ ਲਈ ਸਾਰੀ ਤਿਆਰੀ ਕਰ ਲਈ ਗਈ ਹੈ ਅਤੇ ਉਨਾ੍ਹਂ ਸਪਸ਼ਟ ਤੌਰ ਤੇ ਆਖਿਆ ਕਿ ਰਾਜ ਵਿਚ ਮਿਊਸੀਪਲ ਚੋਣਾਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਵੱਲੋਂ ਸਾਂਝੇ ਤੌਰ ਤੇ ਲੜੀਆਂ ਜਾਣਗੀਆਂ । ਉਨਾ੍ਹਂ ਕਿਹਾ ਕਿ ਪੰਜਾਬ ਵਿਚ ਭਾਜਪਾ ਦਾ ਸ਼੍ਰੋਮਣੀ ਅਕਾਲੀ ਦਲ ਨਾਲ ਅਤੁੱਟ ਰਿਸ਼ਤਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਵੀ ਇਹ ਰਿਸ਼ਤਾ ਜਿਉਂ ਦਾ ਤਿਉਂ ਰਹੇਗਾ। ਹਰਿਆਣਾ ਅਤੇ ਮਹਾਂਰਾਸ਼ਟਰ ਵਿਚ ਭਾਰਤੀ ਜਨਤਾ ਪਾਰਟੀ ਦੀ ਵਿਧਾਨ ਸਭਾ ਚੋਣਾ ਵਿਚ ਹੋਈ ਜਿੱਤ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿਚ ਉਨਾ੍ਹਂ ਕਿਹਾ ਕਿ ਇਨਾ੍ਹਂ ਦੋਵੇਂ ਰਾਜਾਂ ਵਿਚ ਭਾਰਤੀ ਜਨਤਾ ਪਾਰਟੀ ਨੇ ਇਤਿਹਾਸਕ ਜਿੱਤ ਪ੍ਰਾਪਤ ਕੀਤੀ ਹੈ ਅਤੇ ਲੋਕਾਂ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀਆ ਨੀਤੀਆਂ ਤੇ ਮੋਹਰ ਲਗਾਈ ਹੈ । ਲੋਕ ਹੁਣ ਕੰਮ ਚਾਹੁੰਦੇ ਹਨ ਨਾ ਕਿ ਕਿਸੇ ਕਿਸਮ ਦੇ ਲਾਰੇ ।
ਬਾਅਦ ਵਿਚ ਉਨਾ੍ਹਂ ਨਰਿੰਦਰ ਸਿੰਘ ਰਾਣਾ ਦੀ ਅਗਵਾਈ ਵਿੱਚ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖਰੜ ਦੇ ਵਿਕਾਸ ਕਾਰਜਾਂ ਲਈ ਧੰਨ ਦੀ ਕਮੀ ਨਹੀ ਆਉਣ ਦਿੱਤੀ ਜਾਵੇਗੀ ਅਤੇ ਖਰੜ ਵਿਚ ਸ਼ੁਰੂ ਕੀਤੇ ਗਏ 6 ਕਰੋੜ ਰੁਪਏ ਵਿਕਾਸ ਕਾਰਜ 31 ਮਾਰਚ ਤੱਕ ਮੁਕੰਮਲ ਕਰ ਲਏ ਜਾਣਗੇ ਅਤੇ ਖਰੜ ਦਾ ਵਿਕਾਸ ਨਿਰੰਤਰ ਜਾਰੀ ਰੱਖਿਆ ਜਾਵੇਗਾ। ਉਨਾ੍ਹਂ ਇਸ ਮੌਕੇ ਦੱਸਿਆ ਕਿ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਹ ਵਿਕਾਸ ਕਾਰਜ਼ਾਂ ਵਿਚ ਕਿਸੇ ਕਿਸਮ ਦੀ ਢਿਲ ਮੱਠ ਨਾ ਵਰਤਣ ਅਤੇ ਵਿਕਾਸ ਕਾਰਜ਼ਾਂ ਦਾ ਮਿਆਰੀ ਹੋਣਾ ਯਕੀਨੀ ਬਣਾਇਆ ਜਾਵੇ । ਸਮਾਗਮ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਪ੍ਰਧਾਨ ਭਾਜਪਾ ਸ੍ਰੀ ਸੁਖਵਿੰਦਰ ਸਿੰਘ ਗੋਲਡੀ ਨੇ ਜਿਥੇ ਸਥਾਨਕ ਸਰਕਾਰ ਬਾਰੇ ਮੰਤਰੀ ਸ੍ਰੀ ਅਨਿਲ ਜੋਸ਼ੀ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਜੀ ਆਇਆ ਆਖਿਆ ਉਥੇ ਉਨਾ੍ਹਂ ਇਸ ਮੌਕੇ ਜੁੜੇ ਲੋਕਾਂ ਨੂੰ ਆਖਿਆ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਸ਼ੁਰੂ ਕੀਤੀ ਗਈ ਸਵੱਛ ਭਾਰਤ ਮੁਹਿੰਮ ਤਹਿਤ ਖਰੜ ਦੀ ਸਫਾਈ ਮੁਹਿੰਮ ਇਕ ਜੁਟ ਹੋ ਕੇ ਸ਼ੁਰੂ ਕਰਨ ਤਾਂ ਜੋ ਖਰੜ ਸ਼ਹਿਰ ਸਾਫ-ਸੁਥਰਾ ਬਣ ਸਕੇ । ਮੰਡਲ ਪ੍ਰਧਾਨ ਭਾਜਪਾ ਖਰੜ ਸ੍ਰੀ ਨਰਿੰਦਰ ਸਿੰਘ ਰਾਣਾ ਨੇ ਸਮਾਗਮ ਵਿਚ ਪੁੱਜੀਆਂ ਸਖਸ਼ੀਅਤਾਂ ਅਤੇ ਸ਼ਹਿਰ ਨਿਵਾਸੀਆਂ ਦਾ ਧੰਨਵਾਦ ਕੀਤਾ । ਇਸ ਮੌਕੇ ਵਾਇਸ ਚੇਅਰਮੈਨ ਇੰਨਫੋਟੈਕ ਸ੍ਰੀ ਖੁਸ਼ਵੰਤ ਰਾਏ ਗੀਗਾ ਐਸ.ਡੀ.ਐਮ ਖਰੜ ਸੁਖਜੀਤ ਪਾਲ ਸਿੰਘ, ਸੀਨੀਅਰ ਅਕਾਲੀ ਆਗੂ ਸ੍ਰ. ਅਰਜਨ ਸਿੰਘ ਸ਼ੇਰਗਿੱਲ, ਸ਼ਿਆਮ ਵੇਦ ਪੁਰੀ, ਰਵਿੰਦਰ ਸੈਣੀ, ਮਾਨਸੀ ਚੌਧਰੀ, ਸੰਦੀਪ ਕਾਂਸਲ, ਸੰਜੇ ਅਰੋੜਾ, ਬਾਲ ਕ੍ਰਿਸ਼ਨ, ਬਲਜਿੰਦਰ ਸਿੰਘ ਭਜੌਲੀ, ਤਿਲਕ ਰਾਜ ਚੱਢਾ, ਅਮਰਜੀਤ ਕੌਰ, ਐਡਵੋਕੇਟ ਨਰਿੰਦਰ ਬਾਂਕਾ, ਤੀਰਥ ਰਾਮ, ਅਰੂਣ ਸ਼ਰਮਾ, ਕਾਂਤਾ ਸਿੰਗਲਾ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਵੀ ਮੌਜੂਦ ਸਨ।