ਐਨ ਐਨ ਬੀ
ਮੰਡੀ ਗੋਬਿੰਦਗੜ੍ਹ – ਅਮਲੋਹ-ਖੰਨਾ ਸੜਕ ਉਪਰ ਓਸਵਾਲ ਗਰੁੱਪ ਅਧੀਨ ਚੱਲ ਰਹੀ ਨਾਹਰ ਸ਼ੂਗਰ ਮਿੱਲ ਵਿਚ ਸ਼ਰਾਬ ਦੀ ਫ਼ੈਕਟਰੀ ਲਾਏ ਜਾਣ ਖ਼ਿਲਾਫ਼ ਬਣੀ ਸੰਘਰਸ਼ ਕਮੇਟੀ ਦੇ ਸੱਦੇ ’ਤੇ ਅੱਜ ਇਲਾਕੇ ਦੇ ਵੱਡੀ ਗਿਣਤੀ ਲੋਕਾਂ ਨੇ ਅਮਲੋਹ-ਨਾਭਾ, ਅਮਲੋਹ-ਪਟਿਆਲਾ, ਅਮਲੋਹ-ਮੰਡੀ ਗੋਬਿੰਦਗੜ੍ਹ ਅਤੇ ਅਮਲੋਹ-ਖੰਨਾ ਮੁੱਖ ਮਾਰਗ ’ਤੇ ਆਵਾਜਾਈ ਠੱਪ ਕਰ ਕੇ ਵਿਸ਼ਾਲ ਰੋਸ ਧਰਨਾ ਦਿੱਤਾ। ਇਸ ਵਿਚ ਬੀਬੀ ਭਾਨੀ ਸੁਖਮਨੀ ਸੇਵਾ ਸੁਸਾਇਟੀ ਦੀਆਂ ਮੈਂਬਰਾਂ ਸਮੇਤ ਇਲਾਕੇ ਦੀਆਂ ਵੱਡੀ ਗਿਣਤੀ ਵਿਚ ਔਰਤਾਂ ਨੇ ਵੀ ਸ਼ਮੂਲੀਅਤ ਕੀਤੀ।
ਇਸ ਮੌਕੇ ਬੋਲਦਿਆਂ ਪੀਪਲਜ਼ ਪਾਰਟੀ ਆਫ਼ ਪੰਜਾਬ (ਪੀ ਪੀ ਪੀ) ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਸਰਕਾਰ ਵੱਲੋਂ ਪੰਜਾਬ ਵਿੱਚ ਸ਼ਰਾਬ ਦੀਆਂ ਫ਼ੈਕਟਰੀਆਂ ਲਾਉਣ ਨੂੰ ਤਵੱਜੋ ਨਹੀਂ ਦੇਣੀ ਚਾਹੀਦੀ, ਕਿਉਂਕਿ ਪੰਜਾਬ ਵਿੱਚ ਸਨਅਤਾਂ ਦੀ ਲੋੜ ਹੈ ਨਾ ਕਿ ਨਸ਼ਾ ਪੈਦਾ ਕਰਨ ਲਈ ਸ਼ਰਾਬ ਦੀਆਂ ਡਿਸਟਿਲਰੀਆਂ ਦੀ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਦਾ ਸਾਰਾ ਤਾਣਾ ਬਾਣਾ ਭ੍ਰਿਸ਼ਟ ਹੋ ਚੁੱਕਿਆ ਹੈ, ਜਿਸ ਕਾਰਨ ਸਰਕਾਰ ਤੋਂ ਸਹਿਜੇ ਹੀ ਇਨਸਾਫ਼ ਦੀ ਆਸ ਨਹੀਂ ਕੀਤੀ ਜਾ ਸਕਦੀ ਅਤੇ ਪੰਜਾਬ ਵਾਸੀਆਂ ਨੂੰ ਸਰਕਾਰ ਦੀਆਂ ਗ਼ਲਤ ਨੀਤੀਆਂ ਪ੍ਰਤੀ ਜਾਗਰੂਕ ਹੋ ਕੇ ਸੰਘਰਸ਼ ਕਰਨਾ ਚਾਹੀਦਾ ਹੈ। ਉਨ੍ਹਾਂ ਹਾਕਮ ਧਿਰ ਦੇ ਆਗੂਆਂ ਬਾਰੇ ਕਿਹਾ, ‘‘ਸਾਡੀਆਂ ਗ਼ਲਤੀਆਂ ਕਾਰਨ ਇਹ ਲੋਕ ਰਾਜ ਭਾਗ ਸੰਭਾਲ ਕੇ ਚੰਡੀਗੜ੍ਹ ਬੈਠ ਗਏ ਹਨ ਅਤੇ ਸਾਨੂੰ ਭੁੱਲ ਗਏ ਹਨ।’’
ਇਸ ਮੌਕੇ ਕਾਂਗਰਸ ਦੀ ਕੌਮੀ ਚੋਣਕਾਰ ਕਮੇਟੀ ਦੇ ਮੈਂਬਰ ਅਤੇ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸੂਬੇ ਦਾ ਰਾਜ ਪ੍ਰਬੰਧ ਚਲਾਉਣ ਵਿੱਚ ਬੁਰੀ ਤਰ੍ਹਾਂ ਨਾਕਾਮ ਰਹੇ ਹਨ। ਉਨ੍ਹਾਂ ਕਿਹਾ ਕਿ ਨਿਯਮਾਂ ਨੂੰ ਛਿੱਕੇ ਢੰਗ ਕੇ ਮਿੱਲ ਦੇ ਪ੍ਰਬੰਧਕਾਂ ਵੱਲੋਂ ਲਾਈ ਜਾ ਰਹੀ ਇਹ ਸ਼ਰਾਬ ਫ਼ੈਕਟਰੀ ਲੋਕ ਹਿਤ ਵਿੱਚ ਨਹੀਂ ਹੈ। ਇਸ ਲਈ ਇਹ ਫ਼ੈਕਟਰੀ ਲਾਉਣ ਦਾ ਫ਼ੈਸਲਾ ਵਾਪਸ ਲੈਣਾ ਚਾਹੀਦਾ ਹੈ ਕਿਉਂਕਿ ਫ਼ੈਕਟਰੀ ਲੱਗਣ ਨਾਲ ਜਿੱਥੇ ਇਲਾਕੇ ਦੀ ਉਪਜਾਊ ਜ਼ਮੀਨ ਨੁਕਸਾਨੀ ਜਾਵੇਗੀ ਉੱਥੇ ਲੋਕ ਵੀ ਕਈ ਬਿਮਾਰੀਆਂ ਦਾ ਸ਼ਿਕਾਰ ਹੋਣਗੇ।
ਆਮ ਆਦਮੀ ਪਾਰਟੀ ਦੇ ਐਮ ਪੀ ਧਰਮਵੀਰ ਗਾਂਧੀ ਨੇ ਪੰਜਾਬ ਸਰਕਾਰ ਦੀ ਤਿੱਖੀ ਅਲੋਚਨਾ ਕਰਦਿਆਂ ਦੋਸ਼ ਲਾਇਆ ਕਿ ਅਕਾਲੀ ਆਗੂ ਪੰਜਾਬ ਨੂੰ ਦੀਵਾਲੀਆ ਬਣਾ ਕੇ ਆਪਣੀਆਂ ਤਿਜੌਰੀਆਂ ਭਰਨ ਲੱਗੇ ਹੋਏ ਹਨ। ਇਹ ਧਰਨਾ ਕੜਕਦੀ ਧੁੱਪ ਦੇ ਬਾਵਜੂਦ 6 ਘੰਟੇ ਦੇ ਕਰੀਬ ਜਾਰੀ ਰਿਹਾ, ਜਿਸ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋਈ। ਗ਼ੌਰਤਲਬ ਹੈ ਕਿ ਇਲਾਕੇ ਦੀਆਂ ਪੰਚਾਇਤਾਂ ਵਲੋਂ ਬਣਾਈ ਸੰਘਰਸ਼ ਕਮੇਟੀ ਵਲੋਂ ਇਸ ਮਾਮਲੇ ਨੂੰ ਲੈ ਕੇ ਪਿਛਲੇ ਕਰੀਬ ਇੱਕ ਮਹੀਨੇ ਤੋਂ ਮਿੱਲ ਅੱਗੇ ਲੜੀਵਾਰ ਧਰਨਾ ਜਾਰੀ ਹੈ।
ਨਿਯਮਾਂ ਅਨੁਸਾਰ ਬਣ ਰਹੀ ਹੈ ਮਿੱਲ: ਮੈਨੇਜਰ
ਨਾਹਰ ਸ਼ੂਗਰ ਮਿੱਲ ਦੇ ਮੈਨੇਜਰ ਹਰੀਸ਼ ਪਾਹਵਾ ਨੇ ਕਿਹਾ ਕਿ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਸਚਾਈ ਪਤਾ ਲੱਗਣ ਪਿੱਛੋਂ ਉਹ ਧਰਨਿਆਂ ਵਿਚ ਸ਼ਾਮਲ ਹੋਣ ਤੋਂ ਪਿੱਛੇ ਹੱਟ ਗਏ ਹਨ ਕਿਉਂਕਿ ਧਰਨਾਕਾਰੀਆਂ ਵਲੋਂ ਪ੍ਰਚਾਰੇ ਜਾ ਰਹੇ 60 ਟਿਊਬਵੈੱਲਾਂ ਦੀ ਥਾਂ ਕੇਵਲ ਦੋ ਹੀ ਲਾਏ ਜਾ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਨ੍ਹਾਂ ਵਿਚੋਂ ਵੀ ਇੱਕ ਹੀ ਕੰਮ ਕਰੇਗਾ ਅਤੇ ਦੂਜਾ ਐਮਰਜੈਂਸੀ ਵਿਚ ਵਰਤਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮਿਲ ਦੀ ਉਸਾਰੀ ਦਾ ਕੰਮ ਸਰਕਾਰ ਤੋਂ ਪ੍ਰਵਾਨਗੀ ਲੈਣ ਬਾਅਦ ਨਿਯਮਾਂ ਅਨੁਸਾਰ ਹੀ ਚੱਲ ਰਿਹਾ ਹੈ। ਲੋੜੀਂਦੇ ਦਸਤਾਵੇਜ਼ ਐਸਡੀਐਮ ਅਤੇ ਡਿਪਟੀ ਕਮਿਸ਼ਨਰ ਨੂੰ ਭੇਜ ਦਿੱਤੇ ਹਨ। ਉਨ੍ਹਾਂ ਕਿਹਾ ਕਿ ਫੈਕਟਰੀ ਨਾਲ ਇਲਾਕੇ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਸੰਘਰਸ਼ ਕਮੇਟੀ ਨੂੰ ਫ਼ੈਕਟਰੀ ਮਾਲਕਾਂ ਨਾਲ ਗਲ ਕਰਨੀ ਚਾਹੀਦੀ ਹੈ।