ਪੰਜਾਬ ਬਸਪਾ ਆਗੂਆਂ ਨੇ ਕੀਤੀ ਇੱਕ-ਦੂਜੇ ਖਿਲਾਫ਼ ਮੋਰਚਾਬੰਦੀ

0
953

ਮਾਇਆਵਤੀ ਤੇ ਅਵਤਾਰ ਸਿੰਘ ਕਰੀਮਪੁਰੀ ਨੂੰ ਬਸਪਾ ਦੇ ਗੱਦਾਰ ਕਰਾਰ ਦਿੱਤਾ

 Mayawati

ਸ਼ਬਦੀਸ਼
ਚੰਡੀਗੜ੍ਹ – ਬਹੁਜਨ ਸਮਾਜ ਪਾਰਟੀ ’ਚੋਂ ਕੱਢੇ ਗਏ ਸਾਬਕਾ ਪ੍ਰਧਾਨ ਪ੍ਰਕਾਸ਼ ਸਿੰਘ ਜੰਡਾਲੀ ਨੇ ਦੇਸ਼ ਭਗਤ ਯਾਦਗਾਰ ਹਾਲ ਜਲੰਧਰ  ਵਿੱਚ ਬਸਪਾ ਵਰਕਰਾਂ ਦਾ ਇਕੱਠ ਕੀਤਾ ਅਤੇ ਪਾਰਟੀ ਦੀ ਕੌਮੀ ਪ੍ਰਧਾਨ ਕੁਮਾਰੀ ਮਾਇਆਵਤੀ ਤੇ ਪੰਜਾਬ ਦੇ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਨੂੰ ਬਸਪਾ ਦੇ ਗੱਦਾਰ ਕਰਾਰ ਦਿੱਤਾ। ਓਧਰ ਗੜਸ਼ੰਕਰ ਵਿੱਚ ਕਾਬਜ਼ ਲੀਡਰਸ਼ਿੱਪ ਨੇ ਬਾਬੂ ਕਾਸ਼ੀ ਰਾਮ ਦੀ ਯਾਦ ਵਿੱਚ ਵਿਰੋਧ ਕਰਨ ਵਾਲੇ ਨੇਤਾਵਾਂ ਦਾ ਟਾਕਰਾ ਕਰਨ ਦੇ ਸੰਕੇਤ ਦਿੱਤੇ ਹਨ। ਇਸ ਸੂਬਾ ਪੱਧਰੀ ਸਮਾਗਮ ਵਿੱਚ ਬਸਪਾ ਪੰਜਾਬ ਮਾਮਲਿਆਂ ਦੇ ਇੰਚਾਰਜ ਪ੍ਰਕਾਸ਼ ਭਾਰਤੀ ਵੀ ਹਾਜ਼ਰ ਸਨ।

ਜਲੰਧਰ ਦੇ ਇਕੱਠ ਵਿੱਚ ਬਹੁਤ ਪਹਿਲਾਂ ਬਸਪਾ ਨੂੰ ਅਲਵਿਦਾ ਕਹਿ ਕੇ ਬਸਪਾ (ਅੰਬੇਦਕਰ) ਬਣਾਉਣ ਵਾਲੇ ਦੇਵੀ ਦਾਸ ਨਾਹਰ ਨੇ ਵੀ ਸੰਬੋਧਨ ਕੀਤਾ। ਇਨ੍ਹਾਂ ਦੋਵਾਂ ਆਗੂਆਂ ਨੇ ਦੋਸ਼ ਲਗਾਇਆ ਕਿ ਬਸਪਾ ਦੀ ਕੌਮੀ ਪ੍ਰਧਾਨ ਕੁਮਾਰੀ ਮਾਇਆਵਤੀ ਨੇ ਡਾ. ਅੰਬੇਦਕਰ ਅਤੇ ਬਾਬੂ ਕਾਂਸ਼ੀ ਰਾਮ ਦੀਆਂ ਨੀਤੀਆਂ ਨੂੰ ਤਿਲਾਂਜਲੀ ਦੇ ਕੇ ਦਲਿਤਾਂ ਨਾਲ ਧਰੋਹ ਕੀਤਾ ਹੈ। ਉਨ੍ਹਾਂ ਦੱਸਿਆ ਕਿ ਅਗਲੀ ਰਣਨੀਤੀ ਘੜਨ ਲਈ 19 ਅਕਤੂਬਰ ਨੂੰ ਬੁੱਧ ਵਿਹਾਰ ਵਿੱਚ ਦਲਿਤ ਸਮਾਜ ਦੀ ਮੀਟਿੰਗ ਰੱਖੀ ਗਈ ਹੈ।  ਇਸ ਮੌਕੇ ਜੰਡਾਲੀ ਨੇ ਸਬੂਤਾਂ ਸਮੇਤ ਦੋਸ਼ ਲਗਾਏ ਕਿ ਬਸਪਾ ਦੇ ਆਗੂ ਲੋਕਾਂ ਕੋਲੋਂ ਠੱਗੀਆਂ ਮਾਰ ਕੇ ਪੈਸੇ ਇਕੱਠੇ ਕਰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਸੇ ਲਈ ਬਸਪਾ ਦੇ ਜਨਰਲ ਸਕੱਤਰ ਨਰਿੰਦਰ ਕਸ਼ਯਪ ਤੇ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਦੀ ਅਗਵਾਈ ਹੇਠ ਬਹੁਜਨ ਸਮਾਜ ਪਾਰਟੀ ਦਾ ਆਧਾਰ ਸੁੰਗੜਦਾ ਗਿਆ ਹੈ।

ਬਾਗੀ ਬਸਪਾ ਆਗੂ ਪ੍ਰਕਾਸ਼ ਸਿੰਘ ਜੰਡਾਲੀ ਨੇ ਐਲਾਨ ਕੀਤਾ ਕਿ ਉਹ ਕਿਸੇ ਹੋਰ ਰਾਜਨੀਤਕ ਪਾਰਟੀ ਵਿੱਚ ਨਹੀਂ ਜਾਣਗੇ ਸਗੋਂ ਡਾ. ਅੰਬੇਦਕਰ ਅਤੇ ਬਾਬੂ ਕਾਂਸ਼ੀ ਰਾਮ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਦਲਿਤ ਸਮਾਜ ਨੂੰ ਨਾਲ ਲੈ ਕੇ ਚੱਲਣਗੇ। ਉਨ੍ਹਾਂ ਦਾਅਵਾ ਕੀਤਾ ਕਿ ਇਸ ਕਾਨਫਰੰਸ ਵਿੱਚ 11 ਜ਼ਿਲ੍ਹਾ ਪ੍ਰਧਾਨ ਉਨ੍ਹਾਂ ਨਾਲ ਖੜ੍ਹੇ ਹਨ। ਇਸ ਮੌਕੇ ਪ੍ਰੋ. ਗੁਰਨਾਮ ਸਿੰਘ ਮੁਕਤਸਰ, ਵਿਨੋਦ ਮੋਦੀ, ਗੁਰਦੀਪ ਸਿੰਘ, ਕੇਵਲ ਸਿੰਘ ਭੱਟੀ ਤੇ ਹੋਰ ਆਗੂ ਹਾਜ਼ਰ ਸਨ।

ਕਰੀਮਪੁਰੀ ਨੇ ਬਹੁਜਨ ਸਮਾਜ ਦੀ ਭਲਾਈ ਲਈ ਵਚਨਬੱਧਤਾ ਦੁਹਰਾਈ

ਇਸੇ ਦੌਰਾਨ ਗੜ੍ਹਸ਼ੰਕਰ ਵਿੱਚ ਬਹੁਜਨ ਸਮਾਜ ਪਾਰਟੀ ਵੱਲੋਂ ਬਸਪਾ ਦੇ ਸੰਸਥਾਪਕ ਕਾਂਸ਼ੀ ਰਾਮ ਦੇ ਪ੍ਰੀਨਿਰਵਾਣ ਦਿਵਸ ਮੌਕੇ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਸੂਬੇ ਭਰ ਤੋਂ ਵਰਕਰਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਬਸਪਾ ਪੰਜਾਬ ਮਾਮਲਿਆਂ ਦੇ ਇੰਚਾਰਜ ਪ੍ਰਕਾਸ਼ ਭਾਰਤੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਪ੍ਰਧਾਨਗੀ ਬਸਪਾ ਦੇ ਸੂਬਾ ਪ੍ਰਧਾਨ ਤੇ ਰਾਜ ਸਭਾ ਮੈਂਬਰ ਅਵਤਾਰ ਸਿੰਘ ਕਰੀਮਪੁਰੀ ਨੇ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਕਰੀਮਪੁਰੀ ਨੇ ਕਿਹਾ ਕਿ  ਬਸਪਾ ਦੇ ਬਾਨੀ ਕਾਂਸ਼ੀ ਰਾਮ ਆਪਣਾ ਜੀਵਨ ਦੱਬੇ-ਕੁਚਲੇ ਲੋਕਾਂ ਦੇ ਜੀਵਨ ਨੂੰ ਉੱਚਾ ਚੁੱਕਣ ਲਈ ਲੇਖੇ ਲਾਇਆ ਹੈ।
ਉਨ੍ਹਾਂ ਕਿਹਾ ਕਿ ਦੀ ਅਕਾਲੀ-ਭਾਜਪਾ ਸਰਕਾਰ ਦੀਆਂ ਦਲਿਤ ਵਿਰੋਧੀ ਨੀਤੀਆਂ ਖ਼ਿਲਾਫ਼ 17 ਅਕਤੂਬਰ ਨੂੰ ਲੁਧਿਆਣਾ ਵਿਖੇ ਸੂਬਾ ਪੱਧਰੀ ਰੋਸ ਮਾਰਚ ਕੀਤਾ ਜਾਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਤੇ ਅਕਾਲੀ-ਭਾਜਪਾ ਸਰਕਾਰਾਂ ਧਨਾਢਾਂ ਦੀਆਂ ਪਾਰਟੀਆਂ  ਬਣ ਕੇ ਰਹਿ ਗਈਆਂ ਹਨ, ਜਿਨ੍ਹਾਂ ਨੇ ਪਛੜੀਆਂ ਸ਼੍ਰੇਣੀਆਂ, ਜਾਤੀਆਂ ਲਈ ਮੰਡਲ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਨਹੀਂ ਕੀਤੀਆਂ ਅਤੇ ਜਨਤਾ ਨੂੰ 2017 ਦੀਆਂ ਵਿਧਾਨ ਸਭਾ ਚੋਣਾਂ ‘ਚ ਬਸਪਾ ਨੂੰ ਮੌਕਾ ਦੇਣਾ ਚਾਹੀਦਾ ਹੈ।

ਮੁੱਖ ਮਹਿਮਾਨ ਪ੍ਰਕਾਸ਼ ਭਾਰਤੀ ਨੇ ਕਿਹਾ ਕਿ ਬਸਪਾ ਵੱਲੋਂ ਪਾਰਲੀਮੈਂਟ ਚੋਣਾਂ ‘ਚ ਅਹਿਮ ਭੂਮਿਕਾ ਨਿਭਾਉਣ ਦੀ ਬਦੌਲਤ ਪਹਿਲੀ ਵਾਰ ਅਜਿਹਾ ਹੋਇਆ ਕਿ ਦੇਸ਼  ‘ਤੇ ਲੰਬਾ ਸਮਾਂ ਰਾਜ ਕਰਨ ਵਾਲੀ ਕਾਂਗਰਸ ਪਾਰਟੀ ਲੋਕ ਸਭਾ ‘ਚ ਵਿਰੋਧੀ ਧਿਰ ਦਾ ਦਰਜਾ ਹਾਸਲ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ ਯੂ.ਪੀ. ‘ਚ ਵੀ ਅਗਲੀ ਸਰਕਾਰ ਬਸਪਾ ਦੀ ਬਣੇਗੀ। ਉਨ੍ਹਾਂ ਪੰਜਾਬ ਬਾਰੇ ਵੀ ਕਿਹਾ ਕਿ ਕਿਸੇ ਸਮਝੌਤੇ ਦੀ ਆਸ ਨਾ ਤੱਕੀ ਜਾਵੇ, ਸਗੋਂ ਆਪਣੇ ਆਪ ਨੂੰ ਮਜ਼ਬੂਤ ਕੀਤਾ ਜਾਵੇ।