ਅੰਮ੍ਰਿਤਸਰ -ਪੰਜਾਬੀ ਫਿਲਮ ਜਗਤ ਦੀ ਚਲੀ ਆ ਰਹੀ ਪਿਰਤ ਮੁਤਾਬਕ ‘ਇਡੀਅਟ ਬੁਆਏਜ਼’ ਦੇ ਕਲਾਕਾਰ ਫਿਲਮ ਦੀ ਪ੍ਰਮੋਸ਼ਨ ਵਾਸਤੇ ਅੰਮ੍ਰਿਤਸਰ ਪਹੁੰਚੀ ਟੀਮ ਸ੍ਰੀ ਹਰਿਮੰਦਰ ਸਾਹਿਬ ਵਿੱਚ ਨਤਮਸਤਕ ਹੋਈ। ਟੀਮ ਮੈਂਬਰਾਂ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਮਗਰੋਂ ਪੱਤਰਕਾਰਾਂ ਨੂੰ ਦੱਸਿਆ ਕਿ ਕੁਝ ਹਲਕੇ-ਫ਼ੁਲਕੇ ਅਤੇ ਭਾਵੁਕ ਪਲਾਂ ਦੇ ਨਾਲ ਪੇਸ਼ ਕੀਤੀ ਨਵੀਂ ਪੰਜਾਬੀ ਫ਼ਿਲਮ ‘ਇਡੀਅਟ ਬੁਆਏਜ਼’ ਸਾਨੂੰ ਵਿਖਾਉਂਦੀ ਹੈ ਕਿ ਕਿਵੇਂ ਚੰਗੇ ਦਿਲਾਂ ਦੇ ਲੋਕੀਂ ਵੀ ਮਾੜੇ ਲੋਕਾਂ ਦੇ ਬਹਿਕਾਵੇ ਵਿੱਚ ਆ ਕੇ ਦਿਸ਼ਾਹੀਣ ਹੋ ਜਾਂਦੇ ਹਨ। ‘ਇਡੀਅਟ ਬੁਆਏਜ਼’ ਦੀ ਕਹਾਣੀ ਦੋ ਮਿੱਤਰਾਂ-ਸੁਰਮੀਤ ਅਤੇ ਗੌਰਵ ਗੋਇਲ (ਜੀ.ਜੀ.) ’ਤੇ ਆਧਾਰਤ ਹੈ, ਜੋ ਵਿਰੋਧੀ ਧੜਿਆਂ ਨਾਲ ਜੁੜੇ ਰਾਜ ਨੇਤਾਵਾਂ ਦੇ ਪੁੱਤਰ ਹਨ ਅਤੇ ਇਕ ਦਿਨ ਦੋਵਾਂ ਦੀ ਮੁਲਾਕਾਤ ਮਾਹੀ ਨਾਲ ਹੁੰਦੀ ਹੈ, ਜੋ ਕੈਨੇਡਾ ਤੋਂ ਆਈ ਹੈ। ਦੋਵੇਂ ਮਾਹੀ ਦਾ ਦਿਲ ਜਿੱਤਣ ਲਈ ਕੁਝ ਅਜਿਹੀਆਂ ਬੇਵਕੂਫ਼ੀਆਂ ਕਰ ਬੈਠਦੇ ਹਨ, ਜਿਨ੍ਹਾਂ ਤੋਂ ਉਨ੍ਹਾਂ ਦੀ ਆਪਣੀ ਅਤੇ ਮਾਹੀ ਦੀ ਜ਼ਿੰਦਗੀ ਵਿੱਚ ਭੁਚਾਲ ਆ ਜਾਂਦਾ ਹੈ।
ਫ਼ਿਲਮ ਦਾ ਨਿਰਦੇਸ਼ਨ ਆਨੰਦ ਅਤੇ ਪ੍ਰੋਫ਼ੈਸਰ ਪੀ.ਐਸ. ਨਰੂਲਾ ਨੇ ਕੀਤਾ ਹੈ, ਜੋ ਫ਼ਿਲਮ ਵੰਗਾਰ ਅਤੇ ਸ਼ਹੀਦ ਊਧਮ ਸਿੰਘ ਦੀ ਕਹਾਣੀ ਲਿਖ ਚੁੱਕੇ ਹਨ)। ‘ਇਡੀਅਟ ਬੁਆਏਜ਼’ ਫ਼ਿਲਮ ਅੱਜ ਦੇ ਦੌਰ ਨੂੰ ਧਿਆਨ ਵਿੱਚ ਰੱਖ ਕੇ ਬਣਾਈ ਗਈ ਹੈ। ਇਹ ਫ਼ਿਲਮ ਔਰਤਾਂ ਨੂੰ ਨਾ ਸਿਰਫ਼ ਸਰੀਰਕ, ਸਗੋਂ ਮਾਨਸਿਕ ਤੌਰ ’ਤੇ ਵੀ ਮਜ਼ਬੂਤ ਹੋਣ ਲਈ ਪ੍ਰੇਰਿਤ ਕਰਦੀ ਹੈ ਤਾਂ ਜੋ ਉਹ ਜ਼ਿੰਦਗੀ ਵਿੱਚ ਆਉਣ ਵਾਲੀਆਂ ਚੁਣੌਤੀਆਂ ਦਾ ਡਟ ਕੇ ਮੁਕਾਬਲਾ ਕਰਨ। ਇਹ ਫ਼ਿਲਮ 26 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ।