ਬਸਪਾ ਨੇ ਸਿਆਸੀ ਜ਼ਮੀਨ ਲਈ ਛੇੜੇਗੀ ਨਸ਼ਾ ਵਿਰੋਧੀ ‘ਪੰਜਾਬ ਬਚਾਓ’ ਮੁਹਿੰਮ

0
1006
BSP
ਬਸਪਾ ਦੀ ਪੰਜਾਬ ਇਕਾਈ ਦੇ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ

ਐਨ ਐਨ ਬੀ
ਜਲੰਧਰ – ਬਹੁਜਨ ਸਮਾਜ ਪਾਰਟੀ (ਬਸਪਾ) ਨੇ ਵੀ ਅਕਾਲੀ-ਭਾਜਪਾ ਗੱਠਜੋੜ ਸਰਕਾਰ ਨੂੰ ਬੁਨਿਆਦੀ ਮੁੱਦਿਆਂ ’ਤੇ ਘੇਰਨ ਲਈ ਰਣਨੀਤੀ ਬਣਾਉਂਦਿਆਂ ਪੰਜਾਬ ’ਚ ਨਸ਼ਿਆਂ ਦੇ ਮੁੱਦੇ ਨੂੰ ਗੰਭੀਰਤਾ ਨਾਲ ਉਭਾਰਨਾ ਸ਼ੁਰੂ ਕਰ ਦਿੱਤਾ ਹੈ। ਪਾਰਟੀ ਵੱਲੋਂ 1 ਨਵੰਬਰ ਨੂੰ  ਇੱਥੋਂ ਦੇ ਡਾ. ਅੰਬੇਦਕਰ ਚੌਕ ਤੋਂ ਸ਼ੁਰੂ ਕੀਤੀ ਜਾ ਰਹੀ ਪੰਜਾਬ ਬਚਾਓ ਮੁਹਿੰਮ ਨਸ਼ਿਆਂ ’ਤੇ ਕੇਂਦਰਿਤ ਰਹੇਗੀ। ਇਹ ਜਾਣਕਾਰੀ ਬਸਪਾ ਦੇ ਸੂਬਾਈ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਨੇ ਇੱਥੇ ਪਾਰਟੀ ਦਫਤਰ ਵਿੱਚ ਵਰਕਰਾਂ ਦੀ ਕੀਤੀ ਗਈ ਮੀਟਿੰਗ ਦੌਰਾਨ ਦਿੱਤੀ। ਉਨ੍ਹਾਂ ਨੇ ਸਮਾਜ ’ਚ ਚੇਤਨਾ ਪੈਦਾ ਕਰਨ, ਬੇਰੁਜ਼ਗਾਰੀ ਤੇ ਭ੍ਰਿਸ਼ਟਾਚਾਰ ਦੂਰ ਕਰਨ, ਸਿੱਖਿਆ, ਸਿਹਤ ਤੇ ਪ੍ਰਸ਼ਾਸਨਿਕ ਸੇਵਾਵਾਂ ਵਿੱਚ ਸੁਧਾਰ, ਦਲਿਤਾਂ ’ਤੇ ਅਤਿਆਚਾਰ ਰੋਕਣ ਵਰਗੇ ਭਖਦੇ ਮੁੱਦਿਆਂ ਨੂੰ ਲੋਕਾਂ ’ਚ ਲਿਜਾਣ ਦਾ ਫੈਸਲਾ ਕੀਤਾ।

ਪਾਰਟੀ ਦੇ ਸੂਬਾਈ ਪ੍ਰਧਾਨ ਨੇ ਕੁਝ ਦਿਨ ਪਹਿਲਾ ਮਾਲਵੇ ਦੇ ਪਿੰਡ ਲੋਪੋਂ ’ਚ ਸੰਤ ਦਰਬਾਰਾ ਸਿੰਘ ਦੀ ਬਰਸੀ ਮੌਕੇ ਜੁੜੇ ਸੰਗਤਾਂ ਦੇ ਵਿਸ਼ਾਲ ਇੱਕਠ ਨੂੰ ਮੁਖਾਤਿਬ ਹੁੰਦਿਆਂ ਨਸ਼ਿਆਂ ਦਾ ਮੁੱਦਾ ਗੰਭੀਰਤਾ ਨਾਲ ਉਠਾਇਆ ਸੀ। ਕਰੀਮਪੁਰੀ ਨੇ ਕਿਹਾ ਕਿ ਬਸਪਾ ਸੂਬੇ ਨੂੰ ਨਸ਼ਾਮੁਕਤ ਬਣਾਉਣ ਲਈ ਸੰਘਰਸ਼ ਕਰੇਗੀ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਸਿਹਤ ਤੇ ਸਿੱਖਿਆ ਸੇਵਾਵਾਂ ਆਮ ਲੋਕਾਂ ਦੀ ਪਹੰੁਚ ਤੋਂ ਦੂਰ ਹੋ ਰਹੀਆਂ ਹਨ। ‘ਪੰਜਾਬ ਬਚਾਓ’ ਮੁਹਿੰਮ ਦੇ ਜ਼ਰੀਏ ਬਸਪਾ ਚੰਗੀਆਂ ਸਿਹਤ ਤੇ ਸਿੱਖਿਆ ਸੇਵਾਵਾਂ ਲਈ ਵੀ ਸੰਘਰਸ਼ ਕਰੇਗੀ ਤੇ ਦਲਿਤਾਂ ’ਤੇ ਅਤਿਆਚਾਰਾਂ ਦੇ ਮਾਮਲਿਆਂ ਖ਼ਿਲਾਫ਼ ਵੀ ਸੰਘਰਸ਼ ਵਿੱਢੇਗੀ। ਇਸ ਮੌਕੇ ਬਸਪਾ ਆਗੂ ਬਾਬੂ ਪਿਆਰੇ ਲਾਲ, ਗੁਰਮੇਲ ਚੁੰਬਰ, ਬਲਦੇਵ ਖਹਿਰਾ, ਬਾਬੂ ਸੁੰਦਰ ਪਾਲ, ਬਲਵਿੰਦਰ ਕੁਮਾਰ,  ਸੇਵਾ ਸਿੰਘ ਰੱਤੂ, ਸੁਖਰਾਮ ਚੌਹਾਨ ਤੇ ਹੋਰ ਬਸਪਾ ਆਗੂ ਮੌਜੂਦ ਸਨ।