ਐਨ ਐਨ ਬੀ
ਮਾਨਸਾ – ਚੌਧਰੀ ਦੇਵੀ ਲਾਲ ਤੇ ਪ੍ਰਕਾਸ਼ ਸਿੰਘ ਬਾਦਲਾ ਦੀ ਸਾਲਾਂ ਪੁਰਾਣੀ ਦੋਸਤੀ ਨੇ ਭਾਜਪਾ ਤੋਂ ਬਾਹਰੇ ਹੋ ਕੇ ਰਸਮੀ ਸਿਅਸੀ ਸਮਝੌਤਾ ਹੀ ਨਹੀਂ ਕੀਤਾ, ਬਲਿਕ ਉਹ ਚੌਟਾਲਾ ਦੀ ਜਿੱਤ ਪੱਕੀ ਕਰਨ ਲਈ ਸਿੱਖ ਭਾਈਚਾਰੇ ਲਈ ਸਟਾਰ ਪ੍ਰਚਾਰਕ ਬਣਨ ਜਾ ਰਹੇ ਹਨ। ਇਥੇ ਹੀ ਬੱਸ ਨਹੀਂ, ਸ਼੍ਰੋਮਣੀ ਅਕਾਲੀ ਦਲ ਨੇ ਚੌਟਾਲਿਆਂ ਦੀ 25 ਸਤੰਬਰ ਨੂੰ ਜੀਂਦ ਵਿੱਚ ਹੋਣ ਵਾਲੀ ਰੈਲੀ ਨੂੰ ਵੀ ਵੱਕਾਰ ਦਾ ਸਵਾਲ ਬਣਾ ਲਿਆ ਹੈ। ਇਹ ਰੈਲੀ ਦੇਸ਼ ਦੇ ਮਰਹੂਮ ਪ੍ਰਧਾਨ ਮੰਤਰੀ ਚੌਧਰੀ ਦੇਵੀ ਲਾਲ ਦੇ ਜਨਮ ਦੀ ਯਾਦ ਵਿੱਚ ਕੀਤੀ ਜਾ ਰਹੀ ਹੈ, ਜਿਸ ਵਿੱਚ ਹਰਿਆਣਾ ਦੇ ਲੋਕਾਂ ਨੂੰ ਪ੍ਰਭਾਵਤ ਕਰਨ ਦਾ ਯਤਨ ਕੀਤਾ ਜਾਵੇਗਾ। ਇਸ ਰੈਲੀ ਸਬੰਧੀ ਪੰਜਾਬ ਸਰਕਾਰ ਵੱਲੋਂ ਮਾਲਵਾ ਖੇਤਰ ਦੇ ਹਰਿਆਣਾ ਨਾਲ ਲੱਗਦੇ ਸਾਰਿਆਂ ਜ਼ਿਲ੍ਹਿਆਂ ਦੇ ਜ਼ਿਲ੍ਹਾ ਟਰਾਸਪੋਰਟ ਅਧਿਕਾਰੀਆਂ ਨੂੰ ਪ੍ਰਾਈਵੇਟ ਅਤੇ ਸਕੂਲਾਂ ਦੀਆਂ ਬੱਸਾਂ ਫੜਕੇ ਜ਼ਿਲ੍ਹਾ ਜਥੇਦਾਰਾਂ ਨੂੰ ਦੇਣ ਲਈ ਗੁਪਤ ਆਦੇਸ਼ ਦਿੱਤੇ ਗਏ ਹਨ। ਟਰਾਂਸਪੋਰਟ ਅਧਿਕਾਰੀਆਂ ਵੱਲੋਂ ਬੱਸਾਂ ਦੀ ਫੜਾ-ਫੜੀ ਕਰਨ ਦੀ ਬਜਾਏ ਬੱਸ ਮਾਲਕਾਂ ਤੋਂ ਸਹਿਮਤੀ ਨਾਲ ਬੱਸਾਂ ਲੈਣ ਦੇ ਉਪਰਾਲੇ ਆਰੰਭ ਹੋ ਗਏ ਹਨ। ਅਧਿਕਾਰੀਆਂ ਨੇ ਪ੍ਰਾਈਵੇਟ ਸਕੂਲਾਂ ਲਈ ਚੱਲਦੀਆਂ ਬੱਸਾਂ ਅਤੇ ਵੈਨਾਂ ਨੂੰ ਵੀ, ਚੌਟਾਲਿਆਂ ਦੀ ‘ਸੇਵਾ’ ਕਰਨ ਲਈ ਜੁਬਾਨੀ-ਕਲਾਮੀ ਆਦੇਸ਼ ਦੇਣੇ ਸ਼ੁਰੂ ਕਰ ਦਿੱਤੇ ਗਏ ਹਨ। ਇਹ ਬੱਸਾਂ ਮਾਨਸਾ ਸਮੇਤ ਸੰਗਰੂਰ, ਬਰਨਾਲਾ, ਪਟਿਆਲਾ, ਬਠਿੰਡਾ, ਮੁਕਤਸਰ, ਫਾਜ਼ਿਲਕਾ, ਫਰੀਦਕੋਟ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ’ਚੋਂ ਮੰਗੀਆਂ ਜਾ ਰਹੀਆਂ ਹਨ। ਇਨ੍ਹਾਂ ਬੱਸਾਂ ਰਾਹੀਂ ਹਰਿਆਣਾ ਦੇ ਪਿੰਡਾਂ ਵਿਚੋਂ ਇੰਡੀਅਨ ਨੈਸ਼ਨਲ ਲੋਕ ਦਲ ਪਾਰਟੀ ਦੇ ਵਰਕਰਾਂ ਨੂੰ 25 ਸਤੰਬਰ ਨੂੰ ਜੀਂਦ ਲਿਜਾਇਆ ਜਾਵੇਗਾ। ਉਸ ਦਿਨ ਪੰਜਾਬ ਵਿਚ ਅਗਰਸੈਨ ਜੈਯੰਤੀ ਦੀ ਛੁੱਟੀ ਹੋਣ ਕਾਰਨ ਸਕੂਲ ਬੰਦ ਹੋਣ ਸਦਕਾ ਸਕੂਲਾਂ ਦੀਆਂ ਬੱਸਾਂ ਅਤੇ ਵੈਨਾਂ ਨੂੰ ਵੀ ਇਸ ਸੇਵਾ ਦਾ ਹਿੱਸਾ ਬਣਾਉਣ ਲਈ ਅਧਿਕਾਰੀਆਂ ਵੱਲੋਂ ਸਕੂਲ ਪ੍ਰਬੰਧਕਾਂ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ।
ਇਹ ਵੀ ਪਤਾ ਲੱਗਿਆ ਹੈ ਕਿ ਜ਼ਿਲ੍ਹਾ ਟਰਾਂਸਪੋਰਟ ਅਫ਼ਸਰਾਂ ਵੱਲੋਂ ਇਨ੍ਹਾਂ ਬੱਸਾਂ ਨੂੰ 24 ਸਤੰਬਰ ਨੂੰ ਬਾਅਦ ਦੁਪਹਿਰ ਹਰਿਆਣਾ ਦੇ ਪਿੰਡਾਂ ਲਈ ਰਵਾਨਾ ਕੀਤਾ ਜਾਵੇਗਾ, ਜਦਕਿ ਹਰਿਆਣਾ ਦੀ ਹੱਦ ਨਾਲ ਲੱਗਦੇ ਪੰਜਾਬ ਵਾਲੇ ਖੇਤਰ ’ਚੋਂ ਅਕਾਲੀ ਦਲ ਦੇ ਵਰਕਰਾਂ ਨੂੰ ਵੀ ਰੈਲੀ ਵਿਚ ਲਿਜਾਣ ਲਈ ਬੰਦੋਬਸ਼ਤ ਕੀਤੇ ਗਏ ਹਨ, ਤਾਂ ਜੋ ਰੈਲੀ ਵਿੱਚ ਇਨੈਲੋ ਵਰਕਰਾਂ ਦਾ ਵੱਡਾ ਇਕੱਠ ਵਿਖਾਇਆ ਜਾ ਸਕੇ। ਜਾਣਕਾਰੀ ਅਨੁਸਾਰ ਮਾਨਸਾ ਜ਼ਿਲ੍ਹੇ ਦੇ ਟਰਾਂਸਪੋਰਟ ਅਫ਼ਸਰ ਵੱਲੋਂ ਜ਼ਿਲ੍ਹਾ ਪ੍ਰਾਈਵੇਟ ਬੱਸ ਅਪਰੇਟਰਾਂ ਦੀ ਇੱਕ ਮੀਟਿੰਗ ਕੀਤੀ ਗਈ, ਜਿਸ ਵਿੱਚ ਪੂਰੇ ਜ਼ਿਲ੍ਹੇ ’ਚੋਂ 25 ਬੱਸਾਂ ਨੂੰ ਮੁਫ਼ਤ (ਵਗਾਰ) ਵਿੱਚ ਮੰਗਿਆ ਗਿਆ ਹੈ, ਜਦਕਿ ਦੂਸਰੀਆਂ ਬੱਸਾਂ ਲਈ ਚਾਰ ਹਜ਼ਾਰ ਰੁਪਏ ਦਿਹਾੜੀ ਅਤੇ ਬਣਦਾ ਤੇਲ ਦੇਣ ਦਾ ਵਾਅਦਾ ਕੀਤਾ ਗਿਆ ਹੈ। ਇਨ੍ਹਾਂ ਬੱਸਾਂ ਵਿੱਚ ਦਸ ਬੱਸਾਂ ਮਾਨਸਾ ਵਿਧਾਨ ਸਭਾ ਹਲਕੇ ਲਈ, 10 ਬੱਸਾਂ ਸਰਦੂਲਗੜ੍ਹ ਹਲਕੇ ਲਈ, ਜਦੋਂ ਕਿ ਪੰਜ ਬੱਸਾਂ ਬੁਢਲਾਡਾ ਵਿਧਾਨ ਸਭਾ ਖੇਤਰ ਵਾਸਤੇ ਬਿਲਕੁਲ ਮੁਫ਼ਤ ਭੇਜਣ ਲਈ ਕਹਿ ਦਿੱਤਾ ਗਿਆ ਹੈ। ਮਾਨਸਾ ਜ਼ਿਲ੍ਹੇ ਦੇ ਬਿਲਕੁਲ ਨਾਲ ਲੱਗਦੇ ਹਰਿਆਣਾ ਦੇ ਸਿਰਸਾ ਜ਼ਿਲ੍ਹੇ ’ਚੋਂ ਚੌਟਾਲਿਆਂ ਦੇ ਚੇਲਿਆਂ ਨੇ ਸਭ ਤੋਂ ਵੱਧ ਪਾਰਟੀ ਵਰਕਰਾਂ ਨੂੰ ਜੀਂਦ ਵਿੱਚ ਲਿਜਾਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ।
ਆਪਣੀ ਮਰਜ਼ੀ ਨਾਲ ਬੱਸਾਂ ਭੇਜ ਰਹੇ ਨੇ ਮਾਲਕ: ਡੀ.ਟੀ.ਓ.
ਬੱਸਾਂ ਸਬੰਧੀ ਇੱਕ ਸੀਨੀਅਰ ਅਕਾਲੀ ਆਗੂ ਨਾਲ ਗੱਲ ਕੀਤੀ ਤਾਂ ਉਨ੍ਹਾਂ ਆਖਿਆ ਕਿ ਚੌਧਰੀ ਦੇਵੀ ਲਾਲ ਦੇ ਪ੍ਰਕਾਸ਼ ਸਿੰਘ ਬਾਦਲ ਨਾਲ ਬੜੇ ਗੂੜੇ ਪਰਿਵਾਰਕ ਸਬੰਧ ਸਨ, ਜਿਸ ਕਰਕੇ ਮਰਹੂਮ ਚੌਧਰੀ ਦੇ ਜਨਮ ਦਿਨ ਉਪਰ ਅਕਾਲੀ ਵਰਕਰਾਂ ਦਾ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਾ ਕਿਸੇ ਪੱਖੋਂ ਵੀ ਮਾੜਾ ਨਹੀਂ ਹੈ।
ਓਧਰ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ (ਡੀ.ਟੀ.ਓ.) ਪਿਆਰਾ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਆਖਿਆ ਕਿ ਪ੍ਰਾਈਵੇਟ ਟਰਾਂਸਪੋਟਰ ਆਪਣੇ ਤੌਰ ’ਤੇ ਇਨ੍ਹਾਂ ਬੱਸਾਂ ਨੂੰ ਭੇਜ ਰਹੇ ਹੋਣਗੇ। ਵੈਸੇ ਸਰਕਾਰੀ ਤੌਰ ’ਤੇ ਇਨ੍ਹਾਂ ਬੱਸਾਂ ਨੂੰ ਜੀਂਦ ਜਾਂ ਕਿਧਰੇ ਹੋਰ ਭੇਜਣ ਦੇ ਸਰਕਾਰੀ ਹੁਕਮ ਪ੍ਰਾਪਤ ਨਹੀਂ ਹੋਏ।