ਬਾਦਲ ਆਪਣਾ ਮੱਛੀ ਫਾਰਮ ਦੇਖਣ ਗਏ ਨੇ ਚੀਨ : ਮਾਨ

0
904

simranjit-singh-mann

ਐਨ ਐਨ ਬੀ

ਜਲੰਧਰ – ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਦੋਸ਼ ਲਾਇਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਚੀਨ ਵਿੱਚ ਆਪਣਾ 400 ਏਕੜ ਦਾ ਮੱਛੀ ਫਾਰਮ ਦੇਖਣ ਗਏ ਹਨ ਨਾ ਕਿ ਕਿਸੇ ਸਰਕਾਰੀ ਦੌਰੇ ‘ਤੇ ਗਏ ਹਨ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਾਦਲ ਪਰਿਵਾਰ ਦਾ ਚੀਨ ਵਿੱਚ 400 ਏਕੜ ਦੇ ਕਰੀਬ ਮੱਛੀ ਫਾਰਮ ਹੈ। ਇਸ ਮੱਛੀ ਫਾਰਮ ਦੀ ਸਾਂਭ ਸੰਭਾਲ ਲਈ ਵਰਤੀ ਜਾਣ ਵਾਲੀ ਨਵੀਂ ਤਕਨੀਕ ਨੂੰ ਅਪਨਾਉਣ ਲਈ ਹੀ ਪ੍ਰਕਾਸ਼ ਸਿੰਘ ਬਾਦਲ ਚੀਨ ਦੌਰੇ ‘ਤੇ ਗਏ ਹੋਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਨਾਲ ਜਿਹੜੇ ਅਧਿਕਾਰੀ ਗਏ ਹਨ, ਉਨ੍ਹਾਂ ਦਾ ਉਥੇ ਕੋਈ ਕੰਮ ਨਹੀਂ ਹੈ ਤੇ ਉਹ ਸੂਬੇ ਦੀ ਜਨਤਾ ‘ਤੇ ਆਰਥਿਕ ਬੋਝ ਪਾ ਰਹੇ ਹਨ।

ਹਾਲ ਹੀ ਵਿੱਚ ਫੜੇ ਗਏ ਖਾੜਕੂਆਂ ਬਾਰੇ ਟਿੱਪਣੀ ਕਰਦਿਆਂ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਡੀ.ਜੀ.ਪੀ. ਸੁਮੇਧ ਸੈਣੀ ਆਪ ਬੜੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ ਅਤੇ ਉਹ ਸਿੱਖ ਨੌਜਵਾਨਾਂ ਨੂੰ ਅਤਿਵਾਦੀ ਦੱਸ ਕੇ ਸੂਬੇ ਵਿੱਚ ਇਕ ਹਊਆ ਖੜ੍ਹਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਖ ਨੌਜਵਾਨਾਂ ਨੂੰ ਸੈਣੀ ਦੇ ਇਸ਼ਾਰੇ ‘ਤੇ ਝੂਠੇ ਕੇਸਾਂ ਵਿੱਚ ਫਸਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮੰਤਰੀ ਮੰਡਲ ‘ਚ ਕੀਤੇ ਗਏ ਵਾਧੇ ਦੌਰਾਨ ਵੀ ਕਿਸੇ ਸਿੱਖ ਸੰਸਦ ਮੈਂਬਰ ਨੂੰ ਮੰਤਰੀ ਨਾ ਬਣਾਉਣ ‘ਤੇ ਉਨ੍ਹਾਂ ਦੀ ਸੋਚ ਦਾ ਪ੍ਰਗਟਾਵਾ ਹੁੰਦਾ ਹੈ ਕਿ ਕਿਵੇਂ ਉਹ ਹਿੰਦੂਤਵ ਨੂੰ ਅੱਗੇ ਤੋਰ ਰਹੇ ਹਨ।