ਐਨ ਐਨ ਬੀ
ਲੁਧਿਆਣਾ – ਕੇਂਦਰੀ ਫੂਡ ਪ੍ਰਾਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਆਪਣੇ ਸਹੁਰੇ ਅਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪੰਚਕੂਲਾ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੇ ਸਹੁੰ ਚੁੱਕ ਸਮਾਗਮ ਦੌਰਾਨ ਹੋਏ ਬੇਇਜ਼ੱਤੀ ਭਰੇ ਵਿਵਹਾਰ ’ਤੇ ਰੋਸ ਵਜੋਂ ਅਸਤੀਫ਼ਾ ਦੇਣਾ ਚਾਹੀਦਾ ਹੈ। ਇਹ ਗੱਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਆਖੀ। ਬਾਜਵਾ ਲੁਧਿਆਣਾ ਦੇ ਚਾਰ ਦਿਨਾਂ ਦੌਰੇ ’ਤੇ ਹਨ ਅਤੇ ਉਹ ਹਰ ਵਿਧਾਨ ਸਭਾ ਹਲਕੇ ਵਿੱਚ ਜਾ ਕੇ ਕਾਂਗਰਸੀ ਆਗੂ ਤੇ ਵਰਕਰਾਂ ਨਾਲ ਗੱਲ ਕਰ ਰਹੇ ਹਨ। ਇਸ ਕੜੀ ਤਹਿਤ ਜ਼ਮੀਨੀ ਪੱਧਰ ’ਤੇ ਵਰਕਰਾਂ ਨੂੰ ਸਰਗਰਮ ਕਰਨ ਲਈ ਉਨ੍ਹਾਂ ਵੱਖ ਵੱਖ ਆਗੂਆਂ ਨਾਲ ਮੁਲਾਕਾਤ ਕੀਤੀ।
ਬਾਜਵਾ ਨੇ ਆਖਿਆ ਕਿ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਦਾ ਭਾਈਵਾਲ ਹੈ ਪਰ ਇਸ ਦੇ ਬਾਵਜੂਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਦੀ ਮੌਜੂਦਗੀ ’ਚ ਬਾਦਲ ਨਾਲ ਰੁੱਖਾ ਵਿਵਹਾਰ ਕੀਤਾ ਗਿਆ। ਬਾਦਲ ਭਾਜਪਾ ਦੇ ਸ਼ਾਸਨ ਵਾਲੇ ਮੁੱਖ ਮੰਤਰੀਆਂ ਦੀ ਮੌਜੂਦਗੀ ’ਚ ਸਟੇਜ ਦੇ ਇੱਕ ਕਿਨਾਰੇ ਬੈਠੇ ਰਹੇ ਅਤੇ ਕਿਸੇ ਨੇ ਬਾਦਲ ਵੱਲ ਧਿਆਨ ਨਾ ਦਿੱਤਾ। ਇਥੋਂ ਤੱਕ ਕਿ ਮੋਦੀ ਨੇ ਵੀ ਬਾਦਲ ਨੂੰ ਨਜ਼ਰਅੰਦਾਜ਼ ਕਰ ਦਿੱਤਾ, ਜਿਨ੍ਹਾਂ ਦੇ ਪੱਖ ਵਿੱਚ ਮੁੱਖ ਮੰਤਰੀ ਨੇ ਖੁੱਲ੍ਹ ਕੇ ਪ੍ਰਚਾਰ ਕੀਤਾ ਸੀ। ਚੰਗਾ ਹੁੰਦਾ ਜੇ ਬਾਦਲ ਸਮਾਰੋਹ ’ਚ ਨਾ ਜਾਂਦੇ, ਜਿਨ੍ਹਾਂ ਨੇ ਹਰਿਆਣਾ ’ਚ ਆਈ.ਐਨ.ਐਲ.ਡੀ. ਦਾ ਸਮਰਥਨ ਕਰਕੇ ਸਪੱਸ਼ਟ ਤੌਰ ’ਤੇ ਭਾਜਪਾ ਦਾ ਵਿਰੋਧ ਕੀਤਾ ਸੀ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਆਖਿਆ ਕਿ ਹਰਸਿਮਰਤ ਬਾਦਲ ਨੂੰ ਆਪਣਾ ਵਿਰੋਧ ਜ਼ਾਹਿਰ ਕਰਦਿਆਂ ਆਪਣਾ ਅਸਤੀਫਾ ਅਕਾਲੀ ਆਗੂਆਂ ਦੇ ਸਾਹਮਣੇ ਰੱਖ ਦੇਣਾ ਚਾਹੀਦਾ ਹੈ। ਉਨ੍ਹਾਂ ਨਾਲ਼ ਹੀ ਇਹ ਵੀ ਕਿਹਾ ਕਿ ਬਾਦਲ ਨੇ ਆਪਣੀ ਨੂੰਹ ਨੂੰ ਕੇਂਦਰੀ ਕੈਬਨਿਟ ’ਚ ਸ਼ਾਮਲ ਕਰਵਾਉਣ ਲਈ ਪੰਜਾਬ ਦੇ ਹਿੱਤਾਂ ਦਾ ਸੌਦਾ ਕੀਤਾ ਸੀ, ਜਿਸ ਤੋਂ ਮੋਦੀ ਸਰਕਾਰ ਸਮਝ ਗਈ ਸੀ ਕਿ ਅਕਾਲੀ ਅਗਵਾਈ ਪਰਿਵਾਰਕ ਹਿੱਤਾਂ ਤੋਂ ਉਪਰ ਨਹੀਂ ਉਠ ਸਕਦਾ।