ਐਨ ਐਨ ਬੀ
ਚੰਡੀਗੜ੍ਹ – ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਵਿਕਾਸ ਮਾਡਲ ਖ਼ਿਲਾਫ਼ ਪਿੰਡ ਬਾਦਲ ਵਿੱਚ ਲੋਕਾਂ ਦੀ ਨਰਾਜ਼ਗੀ ਨੂੰ ਸੂਬੇ ’ਚ ਸਰਕਾਰ ਖ਼ਿਲਾਫ਼ ਗੁੱਸੇ ਦਾ ਇੱਕ ਨਮੂਨਾ ਦੱਸਿਆ ਹੈ। ਬਾਜਵਾ ਨੇ ਕਿਹਾ ਕਿ ਜੇ ਉਪ ਮੁੱਖ ਮੰਤਰੀ ਦੇ ਜੱਦੀ ਪਿੰਡ ਦਾ ਇਹ ਹਾਲ ਹੈ ਤਾਂ ਪੂਰੇ ਸੂਬੇ ਵਿੱਚ ਕੀ ਸਥਿਤੀ ਹੋਵੇਗੀ। ਉਨ੍ਹਾਂ ਕਿਹਾ ਕਿ ਬਾਦਲ ਪਿੰਡ ਸਿੱਧੇ ਤੌਰ ’ਤੇ ਵੰਡਿਆ ਹੋਇਆ ਹੈ ਜਿੱਥੇ ਬਾਦਲ ਪਰਿਵਾਰ ਦਾ ਕਰੀਬ ਤਿੰਨ ਦਹਾਕਿਆਂ ਤੋਂ ਆਪਣਾ ਸਰਪੰਚ ਵੀ ਨਹੀਂ ਹੈ, ਕਿਉਂਕਿ ਪਿੰਡ ਦੇ ਲੋਕ ਇਸ ਪਰਿਵਾਰ ਦੇ ਅਸਲੀ ਚਿਹਰੇ ਨੂੰ ਚੰਗੀ ਤਰ੍ਹਾਂ ਜਾਣਦੇ ਹਨ।
ਇੱਥੋਂ ਤਕ ਕਿ ਅਕਾਲੀ ਦਲ ਦੀ ਸਾਂਝੇਦਾਰ ਭਾਜਪਾ ਵੀ ਉਪ ਮੁੱਖ ਮੰਤਰੀ ਦੇ ਕੰਮ ਕਰਨ ਦੇ ਢੰਗ ਅਤੇ ਉਨ੍ਹਾਂ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਸ਼ਰ੍ਹੇਆਮ ਵਿਰੋਧ ਕਰ ਰਹੀ ਹੈ। ਇਸੇ ਕਾਰਨ ਕੇਂਦਰ ਸਰਕਾਰ ਉਸ ਦੇ ਬਚਾਅ ਵਿੱਚ ਅੱਗੇ ਆਉਣ ਵਿੱਚ ਨਾਕਾਮ ਰਹੀ ਹੈ। ਬਾਦਲਾਂ ਵੱਲੋਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਵੇਚੇ ਸਾਰੇ ਸੁਪਨੇ ਟੁੱਟ ਚੁੱਕੇ ਹਨ।
ਇਸ ਦੌਰਾਨ ਕਾਂਗਰਸ ਦੇ ਕਿਸਾਨ ਅਤੇ ਖੇਤ ਮਜ਼ਦੂਰ ਸੈੱਲ ਦੇ ਚੇਅਰਮੈਨ ਇੰਦਰਜੀਤ ਸਿੰਘ ਜ਼ੀਰਾ ਨੇ ਦੱਸਿਆ ਕਿ ਸੈੱਲ ਦਾ ਵਫ਼ਦ ਕਿਸਾਨੀ ਮਸਲਿਆਂ ਨੂੰ ਲੈ ਕੇ ਇੱਕ ਅਕਤੂਬਰ ਨੂੰ ਬਾਜਵਾ ਦੀ ਅਗਵਾਈ ਹੇਠ ਪੰਜਾਬ ਦੇ ਰਾਜਪਾਲ ਸ਼ਿਵਰਾਜ ਪਾਟਿਲ ਨੂੰ ਮਿਲੇਗਾ।