ਕਾਂਗਰਸ ਝੂਠੇ ਨੀਂਹ ਪੱਥਰਾਂ ਦੀ ਇਸ਼ਤਿਅਹਾਰੀ ਖ਼ਿਲਾਫ਼ ਹਾਈਕੋਰਟ ਜਾਵੇਗੀ : ਸੁਨੀਲ ਜਾਖੜ
ਸ਼ਬਦੀਸ਼
ਚੰਡੀਗੜ੍ਹ – ਅਕਾਲੀ-ਭਾਜਪਾ ਗਠਜੋੜ ਦੇ ਪੱਕੇਪੈਰੀਂ ਹੋਣ ਦੇ ਤਮਾਮ ਦਾਅਵੇ ਹਵਾ ਹੁੰਦੇ ਨਜ਼ਰ ਆ ਰਹੇ ਹਨ। ਇਸਦਾ ਤਾਜ਼ਾ ਪ੍ਰਗਟਾਵਾ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦਾ ਝਟਕਾ ਹੈ, ਜਿਸਦੇ ਤਹਿਤ ਪ੍ਰਕਾਸ਼ ਸਿੰਘ ਬਾਦਲ ਸਰਕਾਰ ਲਈ ਕੇਂਦਰ ਸਰਕਾਰ ਦੇ 1408.52 ਕਰੋੜ ਰੁਪਏ ਦੇ ਮਨਜੂਰ ਪ੍ਰਾਜੈਕਟ ਰੱਦ ਕਰ ਦਿੱਤੇ ਗਏ ਹਨ। ਇਸ ਦਾ ਖੁਲਾਸਾ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ ਨੇ ਇਥੇ ਪ੍ਰੈਸ ਕਾਨਫਰੰਸ ‘ਚ ਕੀਤਾ ਹੈ।
ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਇਨੈਲੋ ਪ੍ਰੇਮ ਗਠਜੋੜ ਅਕਾਲੀ-ਭਾਜਪਾ ਗਠਜੋੜ ਅੰਦਰ ਤਿੱਖਾ ਤਣਾਅ ਪੈਦਾ ਕਰ ਗਿਆ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅਜਿਹੇ ਸੰਕੇਤਾਂ ਨੂੰ ਭਾਜਪਾ ਦਾ ਅੰਦਰੂਨੀ ਮਾਮਲਾ ਆਖ ਕੇ ਟਾਲ ਦਿੱਤਾ ਹੈ, ਜਿਨ੍ਹਾਂ ਤੋਂ ਲਗਦਾ ਹੈ ਕਿ ਸਾਬਕਾ ਸਾਂਸਦ ਮੈਂਬਰ ਨਵਜੋਤ ਸਿੰਘ ਸਿੱਧੂ ਪੰਜਾਬ ਭਾਜਪਾ ਦੇ ਪ੍ਰਧਾਨ ਵੀ ਬਣ ਸਕਦੇ ਹਨ। ਜੇ ਇਹ ਸੱਚ ਹੋ ਗਿਆ ਤਾਂ ਅਕਾਲੀ-ਭਾਜਪਾ ਗਠਜੋੜ ‘ਚ ਪੈਦਾ ਹੋਈ ਖਿੱਚੋਤਾਨ ਦਾ ਅਸਰ ਧੁਰ ਹੇਠਾਂ ਤੱਕ ਜਾ ਸਕਦਾ ਹੈ ਅਤੇ ਅਕਾਲੀ-ਭਾਜਪਾ ਆਗੂਆਂ ਵੱਲੋਂ ਇਕ-ਦੂਜੇ ਨੂੰ ਨੀਵਾਂ ਦਿਖਾਉਣ ਦੇ ਯਤਨਾਂ ਦਾ ਅਸਰ ਆਮ ਲੋਕਾਂ ’ਤੇ ਪੈ ਸਕਦਾ ਹੈ।
ਕੇਂਦਰ ਸਰਕਾਰ ਦਾ ਤਾਜ਼ਾ ਝਟਕਾ ਸ਼੍ਰੋਮਣੀ ਅਕਾਲੀ ਦਲ ਲਈ ਗੰਭੀਰ ਖ਼਼ਤਰਾ ਹੈ। ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਅਰੁਣ ਜੇਤਲੀ ਵਿਸ਼ੇਸ਼ ਪੈਕੇਜ ਦੇਣ ਤੋਂ ਨਾਂਹ ਕਰ ਚੁੱਕੇ ਹਨ ਅਤੇ ਕਿਸੇ ਹੋਰ ਭਾਜਪਾ ਨੇਤਾ ਨੇ ਅਕਾਲੀ ਦਲ ਪ੍ਰਤੀ ਨਰਮਾਈ ਦਾ ਕੋਈ ਸੰਕੇਤ ਨਹੀਂ ਦਿੱਤਾ। ਜ਼ਿਕਰਯੋਗ ਹੈ ਕਿ ਜਿਹੜੇ ਪ੍ਰਾਜੈਕਟਾਂ ਦੀ ਮੰਜ਼ੂਰ ਕੀਤੀ ਰਾਸ਼ੀ ਕੇਂਦਰ ਸਰਕਾਰ ਵਲੋਂ ਰੱਦ ਕੀਤੀ ਗਈ ਹੈ, ਉਨ੍ਹਾਂ ਦੀ ਕੁੱਲ ਗਿਣਤੀ 50 ਤੋਂ ਉਪਰ ਬਣਦੀ ਹੈ। ਇਨ੍ਹਾਂ ‘ਚੋਂ 25 ਪ੍ਰਾਜੈਕਟਾਂ ਦੇ ਤਾਂ ਪਿਛਲੀਆਂ ਚੋਣਾਂ ਦੌਰਾਨ ਨੀਂਹ ਪੱਥਰ ਵੀ ਰੱਖੇ ਜਾ ਚੁੱਕੇ ਹਨ। ਇਨ੍ਹਾਂ ‘ਚੋਂ ਬਹੁਤਿਆਂ ਦੇ ਨੀਂਹ ਪੱਥਰ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਰੱਖੇ ਸਨ।
ਕਾਂਗਰਸ ਵਿਧਇਕ ਦਲ ਦੇ ਨੇਤਾ ਸੁਨੀਲ ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਇਹ ਪ੍ਰਾਜੈਕਟ 2015 ਤਕ ਮੁਕੰਮਲ ਹੋਣ ਦੇ ਦਾਅਵੇ ਕਰ ਰਹੇ ਹਨ ਅਤੇ ਵਿਧਾਨ ਸਭਾ ‘ਚ ਵੀ ਇਨ੍ਹਾਂ ਬਾਰੇ ਬਿਆਨ ਦਿੱਤੇ ਸਨ, ਜਦਕਿ ਹੁਣ ਅਕਾਲੀ-ਭਾਜਪਾ ਸਰਕਾਰ ਦੀ ਨਲਾਇਕੀ ਵੀ ਸਾਹਮਣੇ ਆ ਗਈ ਹੈ। ਕੇਂਦਰ ਵਲੋਂ ਪਿਛਲੀ ਸਰਕਾਰ ਸਮੇਂ ਸ਼ਹਿਰੀ ਪ੍ਰਾਜੈਕਟਾਂ ਲਈ ਮਨਜ਼ੂਰ ਹੋਈ ਇਹ ਰਾਸ਼ੀ ਪ੍ਰਾਪਤ ਨਹੀਂ ਕਰ ਸਕੀ, ਕਿਉਂਕਿ ਸਰਕਾਰ ਕੇਂਦਰ ਕੋਲ ਸਹੀ ਢੰਗ ਨਾਲ ਅਜਿਹੇ ਪ੍ਰਾਜੈਕਟਾਂ ਦੇ ਕੇਸ ਰੱਖਣ ਵਿੱਚ ਨਾਕਾਮ ਰਹਿ ਜਾਂਦੀ ਰਹੀ ਹੈ। ਪੰਜਾਬ ਸਰਕਾਰ ਹਾਈਕੋਰਟ ‘ਚ ਵੀ ਦਿੱਤੇ ਹਲਫੀਆ ਬਿਆਨ ‘ਚ ਇਹ ਗੱਲ ਮੰਨ ਚੁੱਕੀ ਹੈ ਕਿ ਕੇਂਦਰ ਸਰਕਾਰ ਵਲੋਂ ਉਨ੍ਹਾਂ ਨੂੰ ਮਨਜ਼ੂਰ ਹੋਈ ਰਾਸ਼ੀ ਪ੍ਰਾਪਤ ਨਹੀਂ ਹੋਈ। ਹੁਣ ਕੇਂਦਰ ਸਰਕਾਰ ਵਲੋਂ ਇਹ ਰਾਸ਼ੀ ਨੂੰ ਨਾ ਦਿੱਤੇ ਜਾਣ ਦੇ ਫੈਸਲੇ ਤੋਂ ਬਾਅਦ ਕਾਂਗਰਸ ਹਾਈਕੋਰਟ ਦਾ ਦਰਵਾਜ਼ਾ ਖੜਕਾਏਗੀ, ਕਿਉਂਕਿ ਲੋਕਾਂ ਨਾਲ ਧੋਖਾ ਹੋਇਆ ਹੈ। ਇਨ੍ਹਾਂ ਪ੍ਰਾਜੈਕਟਾਂ ਦੇ ਨੀਂਹ ਪੱਥਰਾਂ, ਇਸ਼ਤਿਹਾਰਾਂ ਆਦਿ ‘ਤੇ ਹੋਏ ਲੱਖਾਂ ਰੁਪਏ ਦੇ ਖਰਚੇ ਨੂੰ ਨੀਂਹ ਪੱਥਰ ਰੱਖਣ ਵਾਲਿਆਂ ਤੋਂ ਵਸੂਲਣ ਦੀ ਮੰਗ ਕਰੇਗੀ।
ਪੰਜਾਬ ਕਾਂਗਰਸ ਦੇ 18 ਦੇ ਕਰੀਬ ਵਿਧਾਇਕਾਂ ਨੇ ਪੰਜਾਬ ਸਰਕਾਰ ਉਪਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੱਖ-ਵੱਖ ਪ੍ਰਾਜੈਕਟਾਂ ਦੇ 25 ‘ਝੂਠੇ ਨੀਂਹ ਪੱਥਰ’ ਰੱਖਣ ਦਾ ਦੋਸ਼ ਲਾਉਂਦੇ ਹੋਏ ਮੰਗ ਕੀਤੀ ਕਿ ਇਸ਼ਤਿਹਾਰਾਂ ਅਤੇ ਨੀਂਹ ਪੱਥਰਾਂ ਦਾ ਖਰਚਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸਥਾਨਕ ਸਰਕਾਰ ਮੰਤਰੀ ਅਨਿਲ ਜੋਸ਼ੀ ਦੀ ਜੇਬ ਵਿਚੋਂ ਵਸੂਲਿਆ ਜਾਵੇ। ਕਾਂਗਰਸੀ ਵਿਧਾਇਕਾਂ ਨੇ ਕਿਹਾ ਕਿ ਜੇ ਖੁਦ ਸੁਖਬੀਰ ਬਾਦਲ ਨੇ ਨੀਂਹ ਪੱਥਰ ਨਾ ਤੁੜਵਾਏ ਤਾਂ ਉਹ ਹਾਈ ਕੋਰਟ ਦਾ ਕੁੰਡਾ ਖੜਕਾਉਣਗੇ।
ਕਾਂਗਰਸ ਨੇ ਦੋਸ਼ ਲਾਇਆ ਹੈ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਪੰਜਾਬ ਨੇ ਅਕਾਲੀਆਂ ਕੋਲੋਂ ਸਿਆਸੀ ਕਿੜ ਕੱਢਣ ਲਈ ਮੋਦੀ ਸਰਕਾਰ ਰਾਹੀਂ ਪ੍ਰਾਜੈਕਟ ਰੱਦ ਕਰਵਾ ਦਿੱਤੇ ਹਨ। ਇਹ ਗਠਜੋੜ ਦਾ ਜਨਤਾ ਨਾਲ ਵੱਖੋ-ਵੱਖਰੇ ਢੰਗ ਨਾਲ ਕੀਤਾ ਗਿਆ ਧੋਖਾ ਹੈ।
ਕਾਂਗਰਸ ਵਿਧਾਇਕ ਦਲ ਦੇ ਆਗੂ ਸੁਨੀਲ ਜਾਖੜ ਨੇ ਦਾਅਵਾ ਕੀਤਾ ਕਿ ਇਹ ਪ੍ਰਾਜੈਕਟ ਮਨਮੋਹਨ ਸਿੰਘ ਸਰਕਾਰ ਨੇ ਵੱਡੀਆਂ ਛੋਟਾਂ ਦੇ ਕੇ ਮਨਜ਼ੂਰ ਕੀਤੇ ਸਨ। ਸਰਕਾਰ ਵਲੋਂ ਇਸ ਵਾਰ 16 ਜੁਲਾਈ ਨੂੰ ਪੇਸ਼ ਕੀਤੇ ਬਜਟ ਵਿਚ ਵੀ ਇਨ੍ਹਾਂ ਪ੍ਰਾਜੈਕਟਾਂ ਦੀ ਰਾਸ਼ੀ ਦਰਸਾਈ ਗਈ ਸੀ। ਫਿਰ ਉਪ ਮੁੱਖ ਮੰਤਰੀ ਨੇ 8 ਸਤੰਬਰ ਨੂੰ ਇਹ ਸਾਰੇ ਪ੍ਰਾਜੈਕਟ ਫਰਵਰੀ 2015 ਤੱਕ ਮੁਕੰਮਲ ਕਰਨ ਦਾ ਐਲਾਨ ਕੀਤਾ ਸੀ। ਜਾਖੜ ਨੇ ਦੋਸ਼ ਲਾਇਆ ਕਿ ਜਦੋਂ ਅਬੋਹਰ ਪ੍ਰਾਜੈਕਟ ਦੇ ਲਟਕਣ ਦਾ ਮਾਮਲਾ ਪੰਜਾਬ-ਹਰਿਆਣਾ ਹਾਈਕੋਰਟ ਪੁੱਜਾ ਤਾਂ ਸਰਕਾਰ ਨੇ ਆਪਣਾ ਨਵਾਂ ਹੀ ਰੂਪ ਦਿਖਾ ਦਿੱਤਾ ਹੈ। ਜਾਖੜ ਨਾਲ ਮੌਜੂਦਾ ਵਿਧਾਇਕ ਕੁਲਜੀਤ ਸਿੰਘ ਨਾਗਰਾ, ਅਸ਼ਵਨੀ ਸ਼ੇਖੜੀ, ਸੁਖਜਿੰਦਰ ਸਿੰਘ ਰੰਧਾਵਾ, ਜਗਮੋਹਨ ਸਿੰਘ ਕੰਗ, ਤ੍ਰਿਪਤ ਰਜਿੰਦਰ ਬਾਜਵਾ, ਰਾਜਾ ਵੜਿੰਗ, ਤਰਲੋਚਨ ਸਿੰਘ ਸੂੰਢ, ਅਮਰੀਕ ਸਿੰਘ ਢਿੱਲੋਂ, ਸਾਧੂ ਸਿੰਘ ਧਰਮਸੋਤ, ਮੁਹੰਮਦ ਸਦੀਕ, ਅਰੁਣਾ ਚੌਧਰੀ, ਰਜਨੀਸ਼ ਬੱਬੂ, ਭਾਰਤ ਭੂਸ਼ਨ ਆਦਿ ਨੇ ਇਸ ਮੌਕੇ ਧਮਕੀ ਦਿੱਤੀ ਕਿ ਜੇ ਇਹ ਝੂਠੇ ਨੀਂਹ ਪੱਥਰਾਂ ਦੇ ਜਾਰੀ ਕੀਤੇ ਲੱਖਾਂ ਰੁਪਏ ਦੇ ਇਸ਼ਤਿਹਾਰਾਂ ਅਤੇ ਨੀਂਹ ਪੱਥਰ ਰੱਖਣ ਦਾ ਖਰਚਾ ਸੁਖਬੀਰ ਬਾਦਲ ਅਤੇ ਅਨਿਲ ਜੋਸ਼ੀ ਦੀ ਜੇਬ ਵਿਚੋਂ ਨਾ ਵਸੂਲਿਆ ਗਿਆ ਤਾਂ ਉਹ ਹਾਈਕੋਰਟ ਪਹੁੰਚ ਕਰਨਗੇ।
ਰੱਦ ਹੋਏ ਪ੍ਰਾਜੈਕਟ : ਅਕਾਲੀ-ਭਾਜਪਾ ਗਠਜੋੜ ਦੀ ਆਪਸੀ ਕਿੜ ਕਾਰਨ ਸੀਵਰੇਜ ਤੇ ਵਾਟਰ ਸਪਲਾਈ ਦੇ ਅਬੋਹਰ, ਬੱਧਨੀ ਕਲਾਂ, ਬਰੇਟਾ, ਬਰਨਾਲਾ, ਬਸੀ ਪਠਾਣਾਂ, ਬਠਿੰਡਾ, ਭੀਖੀ, ਭੁੱਚੋ, ਬੁਢਲਾਡਾ, ਫਰੀਦਕੋਟ, ਫਾਜ਼ਿਲਕਾ, ਗੋਨਿਆਨਾ, ਗੁਰੂ ਹਰਸਹਾਏ, ਜੈਤੋ, ਜਲੰਧਰ, ਖੰਨਾ, ਕੋਟ ਈਸੇ ਖਾਂ, ਕੋਟਫੱਤਾ, ਮਜੀਠਾ, ਮੱਲਾਂਵਾਲਾ, ਮਮਦੋਟ, ਮਾਨਸਾ, ਮੌੜ, ਨਾਭਾ, ਨਿਹਾਲ ਸਿੰਘ ਵਾਲਾ, ਰਾਮਾਂ ਮੰਡੀ, ਰਾਮਪੁਰਾ ਫੂਲ, ਸਨੌਰ, ਸੰਗਤ, ਸੰਗਰੂਰ, ਸਰਦੂਲਗੜ੍ਹ, ਸਰਹਿੰਦ, ਤਲਵੰਡੀ ਸਾਬੋ ਅਤੇ ਫਗਵਾੜਾ ਦੇ ਪ੍ਰਾਜੈਕਟ ਕੇਂਦਰ ਸਰਕਾਰ ਨੇ ਰੱਦ ਕਰ ਦਿੱਤੇ ਹਨ।