ਐਨ ਐਨ ਬੀ
ਰਈਆ – ਸਬ-ਡਿਵੀਜ਼ਨ ਬਾਬਾ ਬਕਾਲਾ ਦੇ ਪਿੰਡ ਸੇਰੋਂ-ਬਾਘਾ ਵਿੱਚ ਨਕਾਰਾ ਕੀਤੇ ਸੈਨਾ ਦੇ ਬੰਬ ਇਕੱਠੇ ਕਰਦੇ ਸਮੇਂ ਹੋਏ ਬੰਬ ਧਮਾਕੇ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਅਤੇ ਹੋਰ ਜ਼ਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਮੰਡ ਖੇਤਰ ਦੇ ਨਾਲ ਪਿੰਡ ਸੇਰੋਂ-ਬਾਘਾ ਵਿੱਚ ਆਰਮੀ ਵੱਲੋਂ ਬੰਬ ਨਸ਼ਟ ਕਰਨ ਲਈ ਇੱਕ ਥਾਂ ਰਾਖਵੀਂ ਰੱਖੀ ਗਈ ਹੈ, ਜਿੱਥੇ ਹਰ ਸਾਲ ਵੱਡੀ ਮਾਤਰਾ ਵਿੱਚ ਧਮਾਕੇਦਾਰ ਸਮੱਗਰੀ ਨਸ਼ਟ ਕੀਤੀ ਜਾਂਦੀ ਹੈ, ਜਿਸ ਦਾ ਸਕਰੈਪ ਇਕੱਠਾ ਕਰਨ ਲਈ ਤਰਸੇਮ ਸਿੰਘ ਨਾਮ ਦੇ ਵਿਅਕਤੀ ਵੱਲੋਂ ਠੇਕਾ ਲਿਆ ਗਿਆ ਹੈ। ਜਦੋਂ ਠੇਕੇਦਾਰ ਦੇ ਕੁਝ ਕਰਿੰਦਿਆਂ ਵੱਲੋਂ ਬੰਬ ਦੇ ਖੋਲ ਇਕੱਠੇ ਕੀਤੇ ਜਾ ਰਹੇ ਸਨ ਪਰ ਉਨ੍ਹਾਂ ਵਿੱਚ ਇੱਕ ਅਣਚੱਲਿਆ ਬੰਬ ਫਟ ਜਾਣ ਨਾਲ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਤਿੰਨ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚੋਂ ਇੱਕ ਦੀ ਸ਼ਨਾਖਤ ਪ੍ਰਕਾਸ਼ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਸੇਰੋਂ-ਬਾਘਾ ਵਜੋ ਹੋਈ ਹੈ। ਦੂਜੇ ਮ੍ਰਿਤਕ ਦੀ ਪਛਾਣ ਸਵਰਨ ਸਿੰਘ ਅਤੇ ਤੀਜੇ ਦੀ ਪਛਾਣ ਰਮੇਸ਼ ਸਿੰਘ (ਦੋਵੇਂ ਵਾਸੀ ਭੈਣੀ ਰਾਮ ਦਿਆਲ) ਵਜੋਂ ਹੋਈ ਹੈ।
ਬਾਬਾ ਬਕਾਲਾ ਦੇ ਡੀ ਐਸ ਪੀ ਸੋਹਨ ਸਿੰਘ ਨੇ ਇਨ੍ਹਾਂ ਮੌਤਾਂ ਦੀ ਪੁਸ਼ਟੀ ਕੀਤੀ ਹੈ। ਜ਼ਖ਼ਮੀਆਂ ਵਿੱਚ ਬਲਵਿੰਦਰ ਸਿੰਘ, ਕੋਮਲਪ੍ਰੀਤ ਸਿੰਘ ਅਤੇ ਬਖ਼ਤਾਵਰ ਸਿੰਘ ਸ਼ਾਮਲ ਹਨ। ਇਹ ਧਮਾਕਾ ਤਰਸੇਮ ਸਿੰਘ ਕਬਾੜੀਏ ਦੇ ਘਰ ਹੋਇਆ ਹੈ। ਜ਼ਖ਼ਮੀਆਂ ਨੂੰ ਅੰਮ੍ਰਿਤਸਰ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਹੈ