ਬਾਸਮਤੀ ਉੱਤੇ ਲਾਗੂ ਕੈਂਸਰ ਸੈੱਸ ਬਣੇਗਾ ਮਰੀਜ਼ਾਂ ਲਈ ਨਵੀਂ ਆਸ..?

0
889

Pady

ਐਨ ਐਨ ਬੀ

ਬਠਿੰਡਾ – ਪੰਜਾਬ ਸਰਕਾਰ ਨੇ ਇਸ ਸਾਲ ਬਾਸਮਤੀ ਦੀ ਖਰੀਦ ’ਤੇ 0.25 ਫ਼ੀਸਦੀ ਕੈਂਸਰ ਸੈੱਸ ਲਗਾ ਦਿੱਤਾ ਹੈ। ਇਸ ਕੈਂਸਰ ਸੈੱਸ ਤੋਂ ਇਕੱਠੇ ਹੋਣ ਵਾਲੇ ਪੈਸਿਆਂ ਨਾਲ ਕੈਂਸਰ ਦੇ ਮਰੀਜ਼ਾਂ ਦੀ ਮਦਦ ਕੀਤੀ ਜਾ ਸਕੇਗੀ। ਪੰਜਾਬ ਮੰਡੀ ਬੋਰਡ ਨੇ ਬਾਸਮਤੀ ਦੀ ਖਰੀਦ ਤੋਂ ਕੈਂਸਰ ਸੈੱਸ ਵਸੂਲਣਾ ਸ਼ੁਰੂ ਕਰ ਦਿੱਤਾ ਹੈ। ਬਾਸਮਤੀ ਦੀ ਭਰਪੂਰ ਫ਼ਸਲ ਹੋਣ ਕਰਕੇ ਕੈਂਸਰ ਸੈੱਸ ਵੀ ਜ਼ਿਆਦਾ ਇਕੱਠਾ ਹੋਣ ਦੀ ਸੰਭਾਵਨਾ ਹੈ। ਸਰਕਾਰ ਨੇ ਬਾਸਮਤੀ ਦੇ ਵਪਾਰੀਆਂ ਨੂੰ ਸਭ ਛੋਟਾਂ ਦੇ ਦਿੱਤੀਆਂ ਹਨ ਪਰ ਉਨ੍ਹਾਂ ਤੋਂ ‘ਕੈਂਸਰ ਸੈੱਸ’ ਲੈਣ ਦਾ ਫ਼ੈਸਲਾ ਕੀਤਾ ਹੈ।

ਪੰਜਾਬ ਸਰਕਾਰ ਨੇ ਬਾਸਮਤੀ ਤੋਂ ਮਿਲਣ ਵਾਲੇ ਸੈੱਸ ਲਈ ਵੱਖਰਾ ਖਾਤਾ ਖੋਲ੍ਹ ਦਿੱਤਾ ਹੈ ਜਿਸ ਵਿੱਚ ਹਰ ਮਾਰਕੀਟ ਕਮੇਟੀ ਸਿੱਧੇ ਤੌਰ ’ਤੇ ਕੈਂਸਰ ਸੈੱਸ ਰੋਜ਼ਾਨਾ ਜਮ੍ਹਾਂ ਕਰਵਾਏਗੀ। ਪੰਜਾਬ ਮੰਡੀ ਬੋਰਡ ਨੇ ਸਰਕਾਰ ਦੇ ਫ਼ੈਸਲੇ ਮੁਤਾਬਿਕ ਬਾਸਮਤੀ ਦੀ ਖਰੀਦ ’ਤੇ ਮਾਰਕੀਟ ਫ਼ੀਸ ਅਤੇ ਪੇਂਡੂ ਦਿਹਾਤੀ ਵਿਕਾਸ ਫੰਡ ਤੋਂ ਛੋਟ ਦਿੱਤੀ ਹੈ। ਪੰਜਾਬ ਮੰਡੀ ਬੋਰਡ ਨੇ ਹੁਣ ਕੈਂਸਰ ਸੈੱਸ ਵਾਲਾ ਨਵਾਂ ਪੱਤਰ ਭੇਜਿਆ ਹੈ। ਮੰਡੀ ਬੋਰਡ ਨੇ ਬਾਸਮਤੀ ਦੇ ਖਰੀਦ ਦਾ ਵੱਖਰਾ ਵੇਰਵਾ ਰੱਖਣਾ ਸ਼ੁਰੂ ਕਰ ਦਿੱਤਾ ਹੈ। ਪਤਾ ਲੱਗਿਆ ਹੈ ਕਿ ਪੰਜਾਬ ਭਰ ਵਿੱਚ ਹੁਣ ਤਕ ਕਰੀਬ ਪੌਣੇ ਦੋ ਕਰੋੜ ਰੁਪਏ ਤਾਂ ਬਾਸਮਤੀ ਦੀ ਖਰੀਦ ’ਤੇ ਲੱਗੇ ਕੈਂਸਰ ਸੈੱਸ ਤੋਂ ਇਕੱਠੇ ਵੀ ਹੋ ਗਏ ਹਨ।
ਐਤਕੀਂ 34 ਲੱਖ ਮੀਟਰਿਕ ਟਨ ਦੀ ਖਰੀਦ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਪੰਜਾਬ ਸਰਕਾਰ ਨੇ ਬਾਸਮਤੀ ਦੇ ਖਰੀਦਦਾਰਾਂ ਨੂੰ ਕਰੀਬ 3 ਫ਼ੀਸਦੀ ਬੁਨਿਆਦੀ ਢਾਂਚਾ ਫੰਡ ਤੋਂ ਛੋਟ ਦਿੱਤੀ ਹੈ। ਪੰਜਾਬ ਤੋਂ ਬਾਹਰਲੇ ਵਪਾਰੀਆਂ ਨੂੰ ਵੀ ਬਾਸਮਤੀ ਦੀ ਖਰੀਦ ’ਤੇ ਸਰਕਾਰ ਨੇ ਮਾਰਕੀਟ ਫ਼ੀਸ ਅਤੇ ਦਿਹਾਤੀ ਵਿਕਾਸ ਫੰਡ ਵਿੱਚ 50 ਫ਼ੀਸਦੀ ਤੋਂ ਛੋਟ ਦੇਣ ਦਾ ਐਲਾਨ ਕੀਤਾ ਹੈ। ਇਹ ਸਪਸ਼ਟ ਨਹੀਂ ਹੈ ਕਿ ਬਾਹਰਲੇ ਵਪਾਰੀ ਕੈਂਸਰ ਸੈੱਸ ਦੇਣਗੇ ਜਾਂ ਨਹੀਂ? ਇਨ੍ਹਾਂ ਦਿਨਾਂ ਵਿੱਚ ਬਾਸਮਤੀ ਪ੍ਰਤੀ ਕੁਇੰਟਲ 2200 ਤੋਂ 2400 ਰੁਪਏ ਵਿਕ ਰਿਹਾ ਹੈ ਜੋ ਪਿਛਲੇ ਸਾਲ ਨਾਲੋਂ ਕਾਫ਼ੀ ਘੱਟ ਹੈ।
ਪੰਜਾਬ ਵਿੱਚ ਕੈਂਸਰ ਇੱਕ ਵੱਡੀ ਅਲਾਮਤ ਹੈ ਜਿਸਦੇ ਪੀੜਤਾਂ ਲਈ ਮੁੱਖ ਮੰਤਰੀ ਰਾਹਤ ਕੋਸ਼ ਬਣਾਇਆ ਗਿਆ ਹੈ। ਪੰਜਾਬ ਸਰਕਾਰ ਵੱਲੋਂ ਹੁਣ ਤਕ ਇਸ ਰਾਹਤ ਕੋਸ਼ ’ਚੋਂ 17,436 ਮਰੀਜ਼ਾਂ ਦੇ ਇਲਾਜ ਲਈ 184 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ। ਵੇਰਵਿਆਂ ਅਨੁਸਾਰ ਹੁਣ ਤਕ 6.20 ਲੱਖ ਮੀਟਰਿਕ ਟਨ ਬਾਸਮਤੀ ਦੀ ਖਰੀਦ ਹੋ ਚੁੱਕੀ ਹੈ।

ਸੈੱਸ ਰਾਹੀਂ 17 ਕਰੋੜ ਇਕੱਤਰ ਹੋਣ ਦੀ ਆਸ
ਪੰਜਾਬ ਮੰਡੀ ਬੋਰਡ ਦੇ ਸਕੱਤਰ ਦੀਪਇੰਦਰ ਸਿੰਘ ਨੇ ਦੱਸਿਆ ਕਿ ਐਤਕੀਂ ਬਾਸਮਤੀ ਦੀ ਖਰੀਦ ’ਤੇ 0.25 ਫ਼ੀਸਦੀ ਕੈਂਸਰ ਸੈੱਸ ਲਗਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਵਰ੍ਹੇ ਉਨ੍ਹਾਂ ਨੂੰ ਬਾਸਮਤੀ ਦੀ ਖਰੀਦ ਤੋਂ ਕਰੀਬ 17 ਕਰੋੜ ਰੁਪਏ ਸੈੱਸ ਵਜੋਂ ਮਿਲਣ ਦੀ ਉਮੀਦ ਹੈ ਜਿਸਨੂੰ ਸਿੱਧਾ ਖ਼ਜ਼ਾਨੇ ਵਿਚ ਨਾਲੋਂ ਨਾਲ ਜਮ੍ਹਾਂ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬਾਸਮਤੀ ਦੀ ਖਰੀਦ ਕਰਨ ਵਾਲੇ ਹਰ ਵਪਾਰੀ ਨੂੰ ਕੈਂਸਰ ਸੈੱਸ ਦੇਣਾ ਲਾਜ਼ਮੀ ਹੈ।