ਐਨ ਐਨ ਬੀ
ਜਲੰਧਰ – ਸਾਬਕਾ ਮੁੱਖ ਮੰਤਰੀ ਤੇ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਕੈਪਟਨ ਅਮਰਿੰਦਰ ਸਿੰਘ ਦੇ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨਾਲ ਮੱਤਭੇਦ ਜੱਗਜਾਹਰ ਹਨ ਅਤੇ ਥੋੜ੍ਹੇ ਦਿਨ ਪਹਿਲਾਂ ਬੀਬੀ ਰਾਜਿੰਦਰ ਕੌਰ ਭੱਠਲ ਕੈਪਟਨ ਵੱਲ ਝੁਕੇ ਨਜ਼ਰ ਆ ਰਹੇ ਸਨ। ਹੁਣ ਉਨ੍ਹਾਂ ਮੋੜਾ ਕੱਟਦਿਆਂ ਕਿਹਾ ਹੈ ਕਿ ਕੈਪਟਨ ਤੇ ਬਾਜਵਾ ਦੋਵੇਂ ਮੇਰੇ ਛੋਟੇ-ਵੱਡੇ ਭਰਾ ਹਨ, ਮੇਰਾ ਉਨ੍ਹਾਂ ਕੋਈ ਮੱਤਭੇਦ ਨਹੀਂ ਹੈ ਅਤੇ ਜਲਦੀ ਹੀ ਪੰਜਾਬ ਕਾਂਗਰਸ ਦਾ ਇਕਜੁੱਟਤਾ ਵਾਲਾ ਚਿਹਰਾ ਪੰਜਾਬ ਦੇ ਲੋਕਾਂ ਸਾਹਮਣੇ ਆਵੇਗਾ। ਉਹ ਭਗਵਾਨ ਵਾਲਮੀਕ ਜੈਅੰਤੀ ਦੇ ਸਬੰਧ ਵਿੱਚ ਕਰਾਏ ਗਏ ਸਮਾਗਮ ’ਚ ਹਿੱਸਾ ਲੈਣ ਤੋਂ ਬਾਅਦ ਸਰਕਟ ਹਾਊਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਹ ਵੀ ਪਹਿਲੀ ਵਾਰ ਹੋਇਆ ਕਿ ਬੀਬੀ ਭੱਠਲ ਦੀ ਪ੍ਰੈਸ ਕਾਨਫਰੰਸ ਦੌਰਾਨ ਚੌਧਰੀ ਭਰਾਵਾਂ ਨੂੰ ਛੱਡ ਕੇ ਸ਼ਹਿਰ ਦੇ ਸਾਰੇ ਸੀਨੀਅਰ ਕਾਂਗਰਸੀ ਆਗੂ ਹਾਜ਼ਰ ਸਨ, ਜਦਕਿ ਪਹਿਲਾਂ ਬੀਬੀ ਭੱਠਲ ਦੀ ਜਲੰਧਰ ਫੇਰੀ ਸਮੇਂ ਸੀਨੀਅਰ ਆਗੂ ਕਦੇ ਵੀ ਦਿਖਾਈ ਨਹੀਂ ਸੀ ਦਿੰਦੇ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਭੱਠਲ ਨੇ ਦੱਸਿਆ ਕਿ ਬੀਤੇ ਦਿਨੀਂ ਉਨ੍ਹਾਂ ਦੇ ਜਨਮ ਦਿਨ ਮੌਕੇ ਕੈਪਟਨ ਅਮਰਿੰਦਰ ਸਿੰਘ ਘਰ ਆਏ ਸਨ। ਇਸ ਦੌਰਾਨ ਦੋਵਾਂ ਵਿੱਚ ਬਹੁਤ ਸਾਰੀਆਂ ਸਿਆਸੀ ਗੱਲਾਂਬਾਤਾਂ ਹੋਈਆਂ ਸਨ। ਉਨ੍ਹਾਂ ਕਿਹਾ ਕਿ ਕਈ ਗੱਲਾਂ ’ਤੇ ਉਨ੍ਹਾਂ ਦਾ ਵਖਰੇਵਾਂ ਸੀ ਪਰ ਉਹ ਇਨ੍ਹਾਂ ਗੱਲਾਂ ਦਾ ਖ਼ੁਲਾਸਾ ਮੀਡੀਆ ਸਾਹਮਣੇ ਨਹੀਂ ਕਰ ਸਕਦੇ, ਸਗੋਂ ਪਾਰਟੀ ਪਲੇਟਫਾਰਮ ’ਤੇ ਹੀ ਕਰਨਗੇ। ਕੈਪਟਨ ਅਮਰਿੰਦਰ ਸਿੰਘ ਨਾਲ ਬੀਤੇ ਸਮੇਂ ’ਚ ਉਨ੍ਹਾਂ ਦੇ ਰਹੇ ਮੱਤਭੇਦਾਂ ਬਾਰੇ ਪੁੱਛੇ ਜਾਣ ’ਤੇ ਬੀਬੀ ਭੱਠਲ ਨੇ ਕਿਹਾ ਕਿ ਘਰ ਵਿੱਚ ਵੀ ਭੈਣਾਂ-ਭਰਾਵਾਂ ਨਾਲ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਵਿਚਾਰ ਨਹੀਂ ਰਲਦੇ ਹੁੰਦੇ, ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਪਰਿਵਾਰ ਦਾ ਹਿੱਸਾ ਨਹੀਂ ਹਨ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੀ ਕਾਰਗੁਜ਼ਾਰੀ ਬਾਰੇ ਪੁੱਛੇ ਗਏ ਸਵਾਲਾਂ ਨੂੰ ਟਾਲਦਿਆਂ ਬੀਬੀ ਭੱਠਲ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਇਕਜੁੱਟ ਹੈ।
ਉਨ੍ਹਾਂ ਅਕਾਲੀ-ਭਾਜਪਾ ਗੱਠਜੋੜ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਸੂਬੇ ਵਿੱਚ ਆਪਣੇ ਆਪ ਨੂੰ ਕਿਸਾਨਾਂ ਦੇ ਹਿਤੈਸ਼ੀ ਦੱਸਣ ਵਾਲੇ ਪ੍ਰਕਾਸ਼ ਸਿੰਘ ਬਾਦਲ ਦੱਸਣ ਕਿ ਉਨ੍ਹਾਂ ਨੇ ਡੀਜ਼ਲ ’ਤੇ ਵੈਟ ਕਿਉਂ ਵਧਾਇਆ ਤੇ ਕੇਂਦਰ ਦੀ ਮੋਦੀ ਸਰਕਾਰ ਕੋਲ ਪੰਜਾਬ ਦਾ ਸਹੀ ਢੰਗ ਨਾਲ ਪੱਖ ਕਿਉਂ ਨਹੀਂ ਰੱਖ ਸਕੇ। ਉਨ੍ਹਾਂ ਮੁੱਖ ਮੰਤਰੀ ਨੂੰ ਇਹ ਸਵਾਲ ਵੀ ਕੀਤਾ ਕਿ ਉਹ ਦੱਸਣ ਕਿ ਕੇਂਦਰ ’ਚ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਐਨ.ਡੀ.ਏ. ਸਰਕਾਰ ਵੇਲੇ ਹੋ ਰਿਹਾ ਹੈ ਜਾਂ ਯੂ.ਪੀ.ਏ. ਸਰਕਾਰ ਵੇਲੇ ਸੀ, ਜਿਹੜੀ ਇਨ੍ਹਾਂ ਨੂੰ ਗ੍ਰਾਂਟਾਂ ਦੇ ਗੱਫੇ ਦਿੰਦੀ ਰਹੀ ਸੀ। ਅਕਾਲੀਆਂ ਵੱਲੋਂ ਭਾਜਪਾ ਦੇ ਸੀਨੀਅਰ ਆਗੂ ਅਰੁਣ ਜੇਤਲੀ ਨੂੰ ਜਿਤਾਉਣ ਦੀ ਮਾਰੀ ਗਈ ਫੜ੍ਹ ਮਾਰੀ ਸੀ, ਜੋ ਚਾਰੋਖਾਨੇ ਚਿੱਤ ਹੋ ਗਏ ਅਤੇ ਲਗਦਾ ਹੈ ਕਿ ਹੁਣ ਕੇਂਦਰੀ ਵਿੱਤ ਮੰਤਰੀ ਬਣ ਕੇ ਅਕਾਲੀਆਂ ਨਾਲ ਗੁੱਸਾ ਕੱਢ ਰਹੇ ਹਨ, ਜਿਸਦਾ ਨੁਕਸਾਨ ਪੰਜਾਬ ਦੇ ਲੋਕਾਂ ਨੂੰ ਹੋ ਰਿਹਾ ਹੈ।
ਬੀਬੀ ਭੱਠਲ ਨੇ ਅਕਾਲੀ-ਭਾਜਪਾ ਗੱਠਜੋੜ ਸਰਕਾਰ ’ਤੇ ਪੀ.ਆਰ.ਟੀ.ਸੀ. ਕਾਮਿਆਂ ਦੇ ਸੰਘਰਸ਼ ਦੇ ਸਬੰਧ ’ਚ ਕਿਹਾ ਕਿ ਇਸਨੂੰ ਆਰਥਿਕ ਕੰਗਾਲੀ ’ਚ ਧੱਕਣ ਦੀ ਵਜ੍ਹਾ ਬਾਦਲ ਪਰਿਵਾਰ ਦੀਆਂ ਬੱਸਾਂ ਹਨ, ਜਿਨ੍ਹਾਂ ਦੀਆਂ ਕੰਪਨੀਆਂ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਕਰ ਰਹੀਆਂ ਹਨ ਤੇ ਸਾਰਾ ਬੋਝ ਸਰਕਾਰੀ ਟਰਾਂਸਪੋਰਟ ’ਤੇ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰ ਗੱਲ ’ਤੇ ਮੋਰਚਾ ਲਾਉਣ ਵਾਲੇ ਅਕਾਲੀ ਹੁਣ ਮੋਦੀ ਸਰਕਾਰ ਵਿਰੁੱਧ ਕਿਉਂ ਨਹੀਂ ਮੋਰਚਾ ਲਾਉਂਦੇ।
ਨਸ਼ਿਆਂ ਦੀ ਤਸਕਰੀ ਦੇ ਮਾਮਲੇ ਵਿੱਚ ਘਿਰੇ ਚੂਨੀ ਲਾਲ ਗਾਬਾ ਵੱਲੋਂ ਜਲੰਧਰ ਦੇ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਨੂੰ ਪੈਸੇ ਦੇਣ ਦੇ ਲੱਗੇ ਦੋਸ਼ਾਂ ਬਾਰੇ ਪੁੱਛੇ ਜਾਣ ’ਤੇ ਬੀਬੀ ਭੱਠਲ ਨੇ ਕਿਹਾ ਕਿ ਈ.ਡੀ. ਨੂੰ ਏਨੇ ਲੰਮੇ ਸਮੇਂ ਬਾਅਦ ਚੌਧਰੀ ਸੰਤੋਖ ਸਿੰਘ ਦਾ ਨਾਂ ਦਾ ਕਿਉਂ ਚੇਤਾ ਆ ਗਿਆ ਹੈ? ਉਨ੍ਹਾਂ ਕਿਹਾ ਕਿ ਇਹ ਸਾਰੀ ਸ਼ਰਾਰਤ ਅਕਾਲੀਆਂ ਦੀ ਹੈ। ਇਸ ਮੌਕੇ ਸਾਬਕਾ ਐਮ.ਪੀ. ਮਹਿੰਦਰ ਸਿੰਘ ਕੇ.ਪੀ., ਸਾਬਕਾ ਮੰਤਰੀ ਅਮਰਜੀਤ ਸਿੰਘ ਸਮਰਾ, ਦਿਹਾਤੀ ਕਾਂਗਰਸ ਦੇ ਪ੍ਰਧਾਨ ਜਗਬੀਰ ਸਿੰਘ ਬਰਾੜ, ਸ਼ਹਿਰੀ ਕਾਂਗਰਸ ਦੇ ਪ੍ਰਧਾਨ ਰਜਿੰਦਰ ਬੇਰੀ, ਵਰਿੰਦਰ ਸ਼ਰਮਾ, ਸੰਦੀਪ ਸ਼ਰਮਾ, ਅਰੁਣ ਵਾਲੀਆ ਤੇ ਹੋਰ ਆਗੂ ਹਾਜ਼ਰ ਸਨ।