ਬੇਨਜ਼ੀਰ ਭੁੱਟੋ ਦੀ ਬਰਸੀ ’ਤੇ ਬਿਲਾਵਲ ਨੇ ਅਲਾਪਿਆ ਫਿਰ ਕਸ਼ਮੀਰ ਦਾ ਰਾਗ

0
594
Butto
ਪਾਕਿਸਤਾਨ ਦੀ ਮਰਹੂਮ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੀ ਸੱਤਵੀਂ ਬਰਸੀ ਮੌਕੇ ਕਰਾਚੀ ਵਿੱਚ ਮਨਾਈ ਗਈ

ਐਨ ਐਨ ਬੀ

ਕਰਾਚੀ – ਭਾਰਤ ਵਿਰੁੱਧ ਭੜਾਸ ਕੱਢਦਿਆਂ ਪੀਪਲਜ਼ ਪਾਰਟੀ ਦੇ ਮੁਖੀ ਬਿਲਾਵਲ ਭੁੱਟੋ ਨੇ ਅੱਜ ਕਸ਼ਮੀਰ ਨੂੰ ਭਾਰਤ ਤੋਂ ਖੋਹਣ ਦਾ ਅਹਿਦ ਦੁਹਰਾਇਆ। ਇਥੇ ਆਪਣੀ ਪਹਿਲੀ ਜਨਤਕ ਰੈਲੀ ਦੌਰਾਨ ਭੁੱਟੋ ਖਾਨਦਾਨ ਦੇ ਇਸ 26 ਸਾਲਾ ਜਾਨਸ਼ੀਨ ਨੇ ਕੱਲ੍ਹ ਕਿਹਾ ਕਿ ਜਦੋਂ ਉਹ ਕਸ਼ਮੀਰ ਦਾ ਮੁੱਦਾ ਉਠਾਉਂਦਾ ਹੈ ਤਾਂ ਸਾਰਾ ਹਿੰਦੁਸਤਾਨ ਅੱਖਾਂ ਦਿਖਾਉਂਦਾ ਹੈ। ਭਾਰਤੀ ਜਾਣਦੇ ਹਨ ਕਿ ਜਦੋਂ ਭੁੱਟੋ ਖਾਨਦਾਨ ਦਾ ਕੋਈ ਵਿਅਕਤੀ ਬੋਲਦਾ ਹੈ ਤਾਂ ਉਹ ਲਾਜਵਾਬ ਹੋ ਜਾਂਦੇ ਹਨ।

ਪਾਕਿਸਤਾਨ ਦੇ ਬਾਨੀ ਮੁਹੰਮਦ ਅਲੀ ਜਿਨਾਹ ਦੀ ਸਮਾਧ ਉਤੇ ਹਜ਼ਾਰਾਂ ਸਮਰਥਕਾਂ ਦੇ ਇਕੱਠ ਦੌਰਾਨ ਬਿਲਾਵਲ ਨੇ ਕਿਹਾ ਕਿ ਉਹ ਭਾਰਤ ਤੋਂ ਕਸ਼ਮੀਰ ਵਾਪਸ ਲੈ ਕੇ ਰਹਿਣਗੇ। ਉਨ੍ਹਾਂ ਕਿਹਾ ਕਿ ਕਸ਼ਮੀਰ ਪਾਕਿਸਤਾਨ ਦਾ ਹਿੱਸਾ ਬਣੇਗਾ ਅਤੇ ਕੋਈ ਵੀ ਭਾਰਤ-ਪਾਕਿ ਗੱਲਬਾਤ ਵਿੱਚ ਕਸ਼ਮੀਰ ਦੇ ਮੁੱਦੇ ਨੂੰ ਦਾਅ ਉਤੇ ਨਹੀਂ ਲਾ ਸਕਦਾ। ਉਨ੍ਹਾਂ ਕਿਹਾ ਕਿ ਉਹ ਕਸ਼ਮੀਰ ਵਿੱਚ ਸ਼ਾਂਤੀ ਚਾਹੁੰਦਾ ਹੈ ਅਤੇ ਉਸ ਦੇ ਬਿਆਨਾਂ ਨੂੰ ਗਲਤ ਨਹੀਂ ਸਮਝਣਾ ਚਾਹੀਦਾ।
ਭਵਿੱਖੀ ਪ੍ਰਧਾਨ ਮੰਤਰੀ ਵਜੋਂ ਪੇਸ਼ ਕੀਤੇ ਜਾ ਰਹੇ ਅਗਲੀ ਪੀੜ੍ਹੀ ਦੇ ਇਸ ਸਿਆਸਤਦਾਨ ਨੇ ਕਿਹਾ ਕਿ ਭਾਰਤ ਸਰਕਾਰ ਤੇ ਮੀਡੀਆ ਪੀਪੀਪੀ ਦੀ ਦਿੱਖ ਨੂੰ ਮਿੱਟੀ ਵਿੱਚ ਮਿਲਾਉਣ ਤੇ ਇਸ ਦੀ ਆਵਾਜ਼ ਨੂੰ ਦਬਾਉਣ ਵਿੱਚ ਲੱਗੇ ਹੋਏ ਹਨ ਕਿਉਂਕਿ ਸਿਰਫ ਇਹੀ ਅਜਿਹੀ ਪਾਕਿਸਤਾਨੀ ਪਾਰਟੀ ਹੈ ਜਿਸ ਦੀ ਆਵਾਜ਼ ਨੂੰ ਵਿਸ਼ਵ ਭਰ ਵਿੱਚ ਸੁਣਿਆ ਜਾਂਦਾ ਹੈ। ਇਹ ਦੂਜਾ ਮੌਕਾ ਹੈ ਜਦੋਂ ਬਿਲਾਵਲ ਨੇ ਜਨਤਕ ਤੌਰ ’ਤੇ ਕਸ਼ਮੀਰ ਦੇ ਮੁੱਦੇ ਬਾਰੇ ਗੱਲਬਾਤ ਕੀਤੀ। ਪਿਛਲੇ ਮਹੀਨੇ ਉਨ੍ਹਾਂ ਕਿਹਾ ਸੀ ਕਿ ਜੇ ਪਾਕਿਸਤਾਨ ਪੀਪਲਜ਼ ਪਾਰਟੀ ਸੱਤਾ ਵਿੱਚ ਆਈ ਤਾਂ ਭਾਰਤ ਤੋਂ ਕਸ਼ਮੀਰ ਦਾ ਇਕ-ਇਕ ਇੰਚ ਹਿੱਸਾ ਵਾਪਸ ਲਿਆ ਜਾਵੇਗਾ।