ਐਨ ਐਨ ਬੀ
ਚੇਨਈ/ਬੰਗਲੌਰ – ਭ੍ਰਿਸ਼ਟਾਚਾਰ ਦੇ ਕੇਸ ਵਿੱਚ ਜੇਲ੍ਹ ਗਈ ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਜੈਲਲਿਤਾ ਨੂੰ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਮਿਲਣ ਤੋਂ ਬਾਅਦ ਰਿਹਾਅ ਹੋ ਗਈ ਹੈ। ਜੇਲ੍ਹ ਵਿੱਚੋਂ ਰਿਹਾਅ ਹੋਣ ਉਪਰੰਤ ਅੰਨਾ ਡੀ ਐਮ ਕੇ ਦੇ ਵਰਕਰਾਂ ਨੇ ਉਸ ਦਾ ਭਾਰੀ ਸਵਾਗਤ ਕਰਦਿਆਂ ਫੁੱਲਾਂ ਦੀ ਵਰਖਾ ਕੀਤੀ। ਰਿਹਾਈ ਮੌਕੇ ਉਤਸ਼ਾਹੀ ਵਰਕਰਾਂ ’ਤੇ ਪੁਲੀਸ ਨੂੰ ਹਲਕਾ ਲਾਠੀਚਾਰਜ ਵੀ ਕਰਨਾ ਪਿਆ।
ਜੈਲਲਿਤਾ ਦੀ ਜ਼ਮਾਨਤ ਲਈ ਦੋ ਕਰੋੜ ਦਾ ਬਾਂਡ ਤੇ ਇਕ ਕਰੋੜ ਤੋਂ ਵੱਧ ਨਿੱਜੀ ਅਸਾਸਿਆਂ ਉੱਤੇ ਸੰਭਵ ਹੋਈ। ਜੈਲਲਿਤਾ ਦੇ ਨਾਲ ਹੀ ਇਨ੍ਹਾਂ ਸ਼ਰਤਾਂ ਉੱਤੇ ਉਸ ਦੀ ਸਹਿਯੋਗੀ ਸ਼ਸ਼ੀਕਲਾ ਤੇ ਉਸਦੇ ਰਿਸ਼ਤੇਦਾਰ ਸੁਧਾਕਰਨ ਤੇ ਏਲਾਵਾਗਸੀ ਵੀ ਰਿਹਾਅ ਹੋ ਗਏ ਹਨ।
ਜੇਲ੍ਹ ਵਿੱਚੋਂ ਰਿਹਾਅ ਹੋਣ ਉਪਰੰਤ ਸਸ਼ੀਕਲਾ ਤੇ ਏਲਾਵਾਗਸੀ ਇਕ ਕਾਰ ਵਿੱਚ ਤੇ ਸੁਧਾਕਰਨ ਵੱਖਰੇ ਤੌਰ ’ਤੇ ਉੱਥੋਂ ਗਏ। ਬੰਗਲੌਰ ਤੋਂ ਵਿਸ਼ੇਸ਼ ਹਵਾਈ ਜਹਾਜ਼ ਰਾਹੀਂ ਜੈਲਲਿਤਾ ਚੇਨਈ ਪਹੁੰਚ ਗਏ, ਜਿੱਥੇ ਜੈਲਲਿਤਾ ਦੀ ਆਮਦ ਨੂੰ ਧਿਆਨ ਵਿੱਚ ਰੱਖਦਿਆਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਅੱਡੇ ਤੋਂ ਜੈਲਲਿਤਾ ਦੀ ਰਿਹਾਇਸ਼ ਪੋਏਜ਼ ਗਾਰਡਨ ਤੱਕ ਥਾਂ-ਥਾਂ ਬੈਨਰ ਲਾਏ ਹੋਏ ਸਨ ਤੇ ਵਰਕਰਾਂ ਨੇ ਭਾਰੀ ਨਾਅਰੇਬਾਜ਼ੀ ਕੀਤੀ। ਹਵਾਈ ਅੱਡੇ ਦੇ ਬਾਹਰ ਜੈਲਲਿਤਾ ਨੇ ਵਰਕਰਾਂ ਨੂੰ ਸੰਬੋਧਨ ਕੀਤਾ ਤੇ ਆਪਣੇ ਘਰ ਪੁੱਜਣ ਤੋਂ ਪਹਿਲਾਂ ਰਸਤੇ ਵਿੱਚ ਉਸ ਨੇ ਇਕ ਮੰਦਰ ਵਿੱਚ ਮੱਥਾ ਵੀ ਟੇਕਿਆ।