ਐਨ ਐਨ ਬੀ
ਢਾਕਾ – ਬੰਗਲਾਦੇਸ਼ ਵਿੱਚ ਜੰਗੀ ਅਪਰਾਧੀ ਤੇ ਕੱਟੜਪ੍ਰਸਤ ਜਥੇਬੰਦੀ ਜਮਾਤ-ਇ-ਇਸਲਾਮੀ ਦੇ ਸਾਬਕਾ ਮੁਖੀ ਗੁਲਾਮ ਆਜ਼ਮ ਦਾ ਇੱਥੇ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ। 92 ਸਾਲਾ ਆਜ਼ਮ ਨੂੰ ਸਾਲ ਤੋਂ ਥੋੜ੍ਹਾ ਵੱਧ ਸਮਾਂ ਪਹਿਲਾਂ ਹੀ ਪਾਕਿਸਤਾਨ ਵਿਰੁੱਧ ਆਜ਼ਾਦੀ ਦੀ ਜੰਗ ਮੌਕੇ ਜ਼ੁਲਮ ਸਿਤਮ ਢਾਹੁਣ ਲਈ 90 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ। ਅੱਧੀ ਰਾਤ ਨੂੰ ਜਦੋਂ ਉਸ ਦੀ ਮੌਤ ਦਾ ਐਲਾਨ ਕੀਤਾ ਗਿਆ ਤਾਂ ਹਸਪਤਾਲ ਦੇ ਬਾਹਰ ਸੈਂਕੜੇ ਜਮਾਤ ਕਾਰਕੁਨ ਇਕੱਠੇ ਹੋ ਗਏ ਸਨ। ਇਸ ਕਰਕੇ ਰਾਜਧਾਨੀ ’ਚ ਸੁਰੱਖਿਆ ਵਧਾ ਦਿੱਤੀ ਗਈ ਹੈ। ਜਮਾਤ ਵਿਰੋਧੀ ਇਕ ਸੈਕਸ਼ਨ ਨੇ ਢਾਕਾ ਯੂਨੀਵਰਸਿਟੀ ’ਚ ‘‘ਜੇਤੂ ਮਾਰਚ’’ ਵੀ ਕੀਤਾ।
1971 ਦੇ ਜੰਗੀ ਅਪਰਾਧਾਂ ਲਈ ਤਿੰਨ ਸਾਲ ਪਹਿਲਾਂ ਗ੍ਰਿਫਤਾਰ ਕੀਤੇ ਗਏ ਆਜ਼ਮ ਨੂੰ ਹਸਪਤਾਲ ਦੇ ਕੈਦੀਆਂ ਵਾਲੇ ਸੈੱਲ ਵਿੱਚ ਰੱਖਿਆ ਗਿਆ ਸੀ। 1971 ਦੀ ਜੰਗ ਦੌਰਾਨ ਆਜ਼ਮ ਵੱਲੋਂ ਢਾਹੇ ਗਏ ਜ਼ੁਲਮਾਂ ਨੇ ਸਮੂਹਕ ਲੋਕ ਮਨ ’ਤੇ ਗਹਿਰੇ ਭਾਵਨਾਤਮਕ ਜ਼ਖ਼ਮ ਕੀਤੇ ਸਨ ਤੇ ਉਸ ਨੂੰ ਸਾਜ਼ਿਸ਼ ਰਚਣ, ਯੋਜਨਾ ਬਣਾਉਣ, ਭੜਕਾਹਟ ਪੈਦਾ ਕਰਨ ਤੇ ਕਤਲ ਜਿਹੇ ਪੰਜ ਵਰਗਾਂ ਦੇ ਅਪਰਾਧਾਂ ਦਾ ਦੋਸ਼ੀ ਪਾਇਆ ਗਿਆ ਸੀ। ਉਸ ਨੂੰ ਦੋਸ਼ੀ ਠਹਿਰਾਏ ਜਾਣ ਮਗਰੋਂ ਜਮਾਤ ਨੇ ਵੱਡੇ ਪੱਧਰ ’ਤੇ ਰੋਸ ਪ੍ਰਦਰਸ਼ਨ ਕੀਤੇ ਸਨ ਤੇ ਧਰਮ ਨਿਰਪੱਖ ਗਰੁੱਪਾਂ ਨੇ ਜ਼ਸ਼ਨ ਮਨਾਏ ਸਨ।ਆਜ਼ਮ ਨੇ 1971 ’ਚ ਕੋਈ ਵੀ ਅਪਰਾਧ ਕਰਨ ਤੋਂ ਇਨਕਾਰ ਕੀਤਾ ਸੀ ਤੇ ਕਿਸੇ ਕਿਸਮ ਦਾ ਪਛਤਾਵਾ ਕਰਨ ਤੋਂ ਵੀ ਨਾਂਹ ਕਰ ਦਿੱਤੀ ਸੀ।
ਪੋਸਟਮਾਰਟਮ ਮਗਰੋਂ ਉਸ ਦੀ ਦੇਹ ਉਸ ਦੇ ਪਰਿਵਾਰ ਨੂੰ ਸੌਂਪ ਦਿੱਤੀ ਗਈ, ਜੋ ਉਸ ਦੇ ਵੱਡੇ ਪੁੱਤਰ ਤੇ ਨੌਕਰੀਓਂ ਕੱਢੇ ਗਏ ਬ੍ਰਿਗੇਡੀਅਰ ਅਬਦੁੱਲਾ ਹਿੱਲ-ਅਮਾਨ ਆਜ਼ਮੀ ਨੇ ਹਾਸਿਲ ਕੀਤੀ। ਆਜ਼ਮੀ ਨੇ ਦੱਸਿਆ ਕਿ ਉਸ ਦੇ ਪੰਜ ਭਰਾ ਵਿਦੇਸ਼ ਹਨ ਤੇ ਉਨ੍ਹਾਂ ਦੇ ਆਉਣ ’ਤੇ ਹੀ ਪਿਤਾ ਨੂੰ ਪਰਿਵਾਰ ਦੇ ਕਬਰਿਸਤਾਨ ਵਿੱਚ ਉਸ ਦੇ ਪਿਤਾ ਦੇ ਨੇੜੇ ਦਫਨਾਇਆ ਜਾਏਗਾ।