ਐਨ ਐਨ ਬੀ ਸ਼ਿਮਲਾ – ਗੋਬਿੰਦ ਸਾਗਰ ਝੀਲ ਵਿੱਚ ਬੱਸ ਡਿੱਗਣ ਕਾਰਨ 25 ਲੋਕ ਡੁੱਬ ਗਏ ਤੇ ਬਹੁਤ ਸਾਰੇ ਲਾਪਤਾ ਹੋ ਗਏ। ਇਹ ਘਟਨਾ ਬਿਲਾਸਪੁਰ ਨੇੜੇ ਰਾਈਆਂ ਵਿੱਚ ਵਾਪਰੀ ਹੈ। ਬਿਲਾਸਪੁਰ ਦੇ ਡਿਪਟੀ ਕਮਿਸ਼ਨਰ ਅਜੈ ਸ਼ਰਮਾ ਨੇ ਦੱਸਿਆ ਕਿ ਹੁਣ ਤੱਕ 25 ਲਾਸ਼ਾਂ ਕੱਢੀਆਂ ਗਈਆਂ ਹਨ ਤੇ 15 ਜ਼ਖ਼ਮੀਆਂ ਨੂੰ ਬਿਲਾਸਪੁਰ ਦੇ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ। ਲਾਪਤਾ ਲੋਕਾਂ ਦੀ ਭਾਲ ਲਈ ਬਚਾਓ ਕਾਰਜ ਜਾਰੀ ਹਨ। 40 ਸੀਟਾਂ ਵਾਲੀ ਬੱਸ ਪੂਰੀ ਭਰੀ ਹੋਈ ਸੀ ਤੇ ਕਿਹਾ ਜਾ ਰਿਹਾ ਹੈ ਕਿ ਕੁਝ ਲੋਕ ਇਸ ਦੀ ਛੱਤ ’ਤੇ ਵੀ ਬੈਠੇ ਸਨ, ਜਿਸ ਕਾਰਨ ਮੌਤਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਹੈ।
ਪ੍ਰਾਈਵੇਟ ਕੰਪਨੀ ਦੀ ਇਹ ਬੱਸ ਰਿਸ਼ੀਕੇਸ਼ ਤੋਂ ਬਿਲਾਸਪੁਰ ਜਾ ਰਹੀ ਸੀ। ਜ਼ਖ਼ਮੀਆਂ ਵਿੱਚੋਂ ਅੱਧੀ ਦਰਜਨ ਲੋਕ ਉਹ ਯਾਤਰੀ ਹਨ, ਜਿਨ੍ਹਾਂ ਨੇ ਆਪਣੇ ਬਚਾਅ ਲਈ ਇਸ ਵਿੱਚੋਂ ਛਾਲਾਂ ਮਾਰ ਦਿੱਤੀਆਂ ਸਨ। ਬੀਬੀਐਮਬੀ ਦੇ ਗੋਤਾਖੋਰ ਲਾਸ਼ਾਂ ਕੱਢਣ ਲੱਗੇ ਹੋਏ ਹਨ। ਪੀੜਤਾਂ ਬਾਰੇ ਜਾਣਕਾਰੀ ਲੈਣ ਲਈ ਵੱਡੀ ਗਿਣਤੀ ਲੋਕ ਘਟਨਾ ਸਥਾਨ ’ਤੇ ਇਕੱਠੇ ਹੋ ਗਏ ਸਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਘਟਨਾ ’ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਹੈ। ਉਨਾਂ ਜ਼ਖ਼ਮੀਆਂ ਦੇ ਛੇਤੀ ਤੰਦਰੁਸਤ ਹੋਣ ਦੀ ਕਾਮਨਾ ਵੀ ਕੀਤੀ ਹੈ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਨੇ ਵੀ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਹਰ ਤਰ੍ਹਾਂ ਦੀ ਸਹਾਇਤਾ ਨਾ ਭਰੋਸਾ ਦਿੱਤਾ ਹੈ, ਜਦਕਿ ਮੌਕੇ ’ਤੇ ਮੌਜੂਦ ਸਥਾਨਕ ਲੋਕਾਂ ਨੇ ਬਚਾਓ ਕਾਰਜਾਂ ਵਿੱਚ ਪੂਰਾ ਸਹਿਯੋਗ ਦਿੱਤਾ ਹੈ।