ਭਾਜਪਾ ਕੋਲ ਮੁੱਖ ਮੰਤਰੀ ਲਈ ਕੋਈ ਉਮੀਦਵਾਰ ਨਹੀਂ : ਅਮਰਿੰਦਰ

0
797

AMB

ਐਨ ਐਨ ਬੀ

ਚੰਡੀਗੜ੍ਹ – ਹਲਕਾ ਅਮ੍ਰਿਤਸਰ ਤੋਂ ਸੰਸਦ ਮੈਂਬਰ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੰਬਾਲਾ ਛਾਉਣੀ ਤੇ ਸ਼ਹਿਰ ਵਿੱਚ ਕਾਂਗਰਸੀ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ। ਛਾਉਣੀ ਹਲਕੇ ਦੇ ਵੱਡੇ ਪਿੰਡ ਬਬਿਆਲ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਹਲਕੇ ਤੋਂ ਕਾਂਗਰਸੀ ਉਮੀਦਵਾਰ ਨਿਰਮਲ ਸਿੰਘ ਉਨ੍ਹਾਂ ਦਾ ਯੂਥ ਕਾਂਗਰਸ ਦੇ ਦਿਨਾਂ ਤੋਂ ਸੰਘਰਸ਼ਸ਼ੀਲ ਸਾਥੀ ਹੈ, ਜੋ ਲੋਕਾਂ ਦੀਆਂ ਉਮੀਦਾਂ ’ਤੇ ਹਮੇਸ਼ਾ ਖਰਾ ਉਤਰਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਕੋਲ ਮੁੱਖ ਮੰਤਰੀ ਦੇ ਅਹੁਦੇ ਲਈ ਕੋਈ ਕਾਬਲ ਉਮੀਦਵਾਰ ਨਹੀਂ ਹੈ, ਇਸ ਲਈ ਉਨ੍ਹਾਂ ਨੇ ਕਿਸੇ ਦੇ ਨਾਂ ਦਾ ਐਲਾਨ ਨਹੀਂ ਕੀਤਾ, ਜਦਕਿ ਇਨੈਲੋ ਵੱਲੋਂ ਜੇਲ੍ਹ ਵਿੱਚ ਬੰਦ ਓਮ ਪ੍ਰਕਾਸ ਚੌਟਾਲਾ ਮੁੱਖ ਮੰਤਰੀ ਬਣਨ ਦੇ ਸੁਪਨੇ ਦੇਖ ਰਹੇ ਹਨ।

ਇਸ ਤੋਂ ਬਾਅਦ ਉਨ੍ਹਾਂ ਨੇ ਅੰਬਾਲਾ ਸ਼ਹਿਰ ਤੋਂ ਕਾਂਗਰਸੀ ਉਮੀਦਵਾਰ ਹਿੰਮਤ ਸਿੰਘ ਲਈ ਜਗਾਧਰੀ ਗੇਟ ‘ਤੇ ਹੋਏ ਚੋਣ ਜਲਸੇ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਅਕਾਲੀ ਪੰਜਾਬ ਦਾ ਮਾਹੌਲ ਖਰਾਬ ਕਰ ਚੁੱਕੇ ਹਨ ਤੇ ਹੁਣ ਹਰਿਆਣਾ ਵਿੱਚ ਇਨੈਲੋ ਨਾਲ ਭਾਈਵਾਲੀ ਪਾ ਕੇ ਇਥੋਂ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕ੍ਰਿਸ਼ਮਾ ਵੀ ਦਮ ਤੋੜਨ ਲੱਗਾ ਹੈ। ਲੋਕ ਚਾਰ ਮਹੀਨਿਆਂ ਵਿੱਚ ਹੀ ਮੋਦੀ ਦੀ ਅਸਲੀਅਤ ਜਾਣ ਗਏ ਹਨ। ਉਨ੍ਹਾਂ ਕਿਹਾ ਕਿ ਵਿਕਾਸ ਦੇ ਮਾਮਲੇ ਵਿਚ ਹਰਿਆਣਾ ਨੰਬਰ ਇਕ ਬਣਿਆ ਹੈ, ਜਿਸ ਦਾ ਸਿਹਰਾ ਕਾਂਗਰਸ ਦੇ ਸਿਰ ਬੱਝਦਾ ਹੈ।

ਦੋਵਾਂ ਜਲਸਿਆਂ ਨੂੰ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਅਹੁਦੇਦਾਰ ਹਰਪਾਲ ਸਿੰਘ ਪਾਲੀ ਨੇ ਵੀ ਸੰਬੋਧਨ ਕੀਤਾ, ਜਦਕਿ ਇਨ੍ਹਾਂ ਜਲਸਿਆਂ ਵਿੱਚ ਵੱਖਰੀ ਕਮੇਟੀ ਦੇ ਆਗੂ ਦੀਦਾਰ ਸਿੰਘ ਨਲਵੀ, ਜਸਬੀਰ ਸਿੰਘ ਖਾਲਸਾ ਤੇ ਜਥੇਦਾਰ ਕੇਸਰੀ ਵੀ ਹਾਜ਼ਰ ਸਨ।