ਭਾਜਪਾ ਦਾ ‘ਪੰਜਾਬ ਪੱਖੀ ਚਿਹਰਾ’ ਤੇ ਸ਼੍ਰੋਮਣੀ ਅਕਾਲੀ ਦਲ ਦੀ ਠਾਕੀ ਜ਼ੁਬਾਨ ਦਾ ਰਹੱਸ/ਸ਼ਬਦੀਸ਼

0
1046

ਇਹਨੀਂ ਦਿਨੀਂ

ਭਾਜਪਾ ਦਾ ‘ਪੰਜਾਬ ਪੱਖੀ ਚਿਹਰਾ’ ਤੇ ਸ਼੍ਰੋਮਣੀ ਅਕਾਲੀ ਦਲ ਦੀ ਠਾਕੀ ਜ਼ੁਬਾਨ ਦਾ ਰਹੱਸ

Rajiv-Laungowal

ਸ਼ਬਦੀਸ਼

Badalਉਹ ਸਿਆਸੀ ਸ਼ਰੀਕੇਬਾਜ਼ੀ ਦਾ ਸਿਖ਼ਰ ਸੀ ਜਾਂ ਖ਼ਾਲਿਸਤਾਨ ਦੇ ਨਾਂ ਹੇਠ ਪਸਰੀ ਦਹਿਸ਼ਤਗ਼ਰਦੀ ਦੇ ਭੈਅ ਦਾ ਇਜ਼ਹਾਰ ਸੀ ਜਾਂ ਫਿਰ ਦੋਵਾਂ ਦੇ ਰਲ਼ੇਵੇਂ ਦਾ ਪ੍ਰਗਟਾਵਾ ਸੀ, ਇਹ ਫ਼ੈਸਲਾ ਇਤਿਹਾਸ ਦੇ ਹਵਾਲੇ ਕਰਕੇ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਦੇ ਬਚਾਅ ਦਾ ਪੈਂਤੜਾ ਮੱਲਿਆ ਜਾ ਸਕਦਾ ਹੈ, ਪਰ ਇਸ ਸਚਾਈ ਤੋਂ ਕਈ ਵੀ ਮੁਨਕਰ ਨਹੀਂ ਹੋ ਸਕਦਾ ਕਿ ਰਾਜੀਵ-ਲੌਂਗੋਵਾਲ ਸਮਝੌਤੇ ਦਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾਵਾਂ ਪ੍ਰਕਾਸ਼ ਸਿੰਘ ਬਾਦਲ ਤੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਜ਼ਾਹਰਾ ਤੌਰ ’ਤੇ ਵਿਰੋਧ ਕੀਤਾ ਸੀ। ਇਥੇ ਹੀ ਬਸ ਨਹੀਂ, ਸਿੱਖ ਸਿਆਸਤ ਇਸਨੂੰ ‘ਸਿੱਖ ਕੌਮ ਨਾਲ਼ ਗ਼ਦਾਰੀ’ ਵਰਗੇ ਸ਼ਬਦਾਂ ਨਾਲ਼ ਨਿਵਾਜ਼ੇ ਜਾਣ ਤੋਂ ਵੀ ਗੁਰੇਜ਼ ਨਹੀਂ ਸੀ ਅਤੇ ਹਾਲੇ ਤੱਕ ਵੀ ਸਿੱਖ ਸਿਆਸਤ ਅੰਤਿਮ ਨਿਰਣੇ ਵਜੋਂ ਇਸ ਇਤਿਹਾਸਕ ਦਸਤਾਵੇਜ਼ ਪ੍ਰਤੀ ਇਕਮਤ ਨਹੀਂ ਹੈ। ਇਹ ਇਤਿਹਾਸਕ ਸਮਝੌਤਾ ਹੁਣ ਨਵੇਂ ਪ੍ਰਸੰਗਾਂ ਵਿੱਚ ਚਰਚਾ ਅਧੀਨ ਹੈ, ਜਿਸਦੀ ਕਿਸੇ ਨੇ ਕਦੇ ਤਵੱਕੋ ਤੱਕ ਨਹੀਂ ਸੀ ਕੀਤੀ। ਸਿਆਸੀ ਹਲਕੇ ਭਾਜਪਾ ਪੰਜਾਬ ਦੇ ਪ੍ਰਧਾਨ ਕਮਲ ਸ਼ਰਮਾ ਦੇ ਅਚਨਚੇਤ ਕੀਤੇ ਐਲਾਨ ਤੋਂ ਹੈਰਾਨ ਹਨ ਕੀਤਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਬੁਨਿਆਦੀ ਮਸਲਿਆਂ ਦੇ ਹੱਲ ਲਈ ਭਾਜਪਾ ਰਾਜੀਵ-ਲੌਂਗੋਵਾਲ ਸਮਝੌਤਾ ਲਾਗੂ ਕਰਨ ਦੇ ਪੱਖ ਵਿੱਚ ਹੈ। ਉਸਦੀ ਪੈਰਵੀ ਕਰਨਾ ਸਿਆਸੀ ਮਾਹਰਾਂ ਨੂੰ ਹੈਰਾਨ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਪਰੇਸ਼ਾਨ ਕਰ ਗਈ ਹੈ। ਕੈਪਟਨ ਅਮਰਿੰਦਰ ਸਿੰਘ, ਜਿਸਨੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਵਜੋਂ ਰਾਜੀਵ-ਲੌਂਗੋਵਾਲ ਸਮਝੌਤੇ ਦੇ ਆਧਾਰ ’ਤੇ ਅਕਾਲੀ ਦਲ ਸਰਕਾਰ ਦੀ ਅਗਵਾਈ ਕਰਨ ਵਾਲ਼ੇ ਸੁਰਜੀਤ ਸਿੰਘ ਬਰਨਾਲਾ ਤੇ ਬਲਵੰਤ ਸਿੰਘ ਦੇ ਖ਼ਿਲਾਫ਼ ਬਾਦਲ-ਟੌਹੜਾ ਦਾ ਸਾਥ ਦਿੱਤਾ ਸੀ, ਹੁਣ ਪੰਜਾਬ ਭਾਜਪਾ ਦੇ ਪੱਖ ਵਿੱਚ ਆ ਖੜੇ ਹੋਏ ਹਨ।

ਦਹਿਸ਼ਤਗ਼ਰਦੀ ਦੇ ਦੌਰ ਵਿੱਚ ਭਾਰਤੀ ਜਨਤਾ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ‘ਧਰਮ ਯੁੱਧ ਮੋਰਚੇ’ ਦੀ ਜਮਹੂਰੀ ਮੰਗਾਂ ਦੀ ਵੀ ਹਾਮੀ ਨਹੀਂ ਸੀ ਅਤੇ ਵੱਖਵਾਦ ਦੇਸ਼ ਦੀ ਏਕਤਾ-ਅਖੰਡਤਾ ਦੇ ਸ਼ਾਵਨਵਾਦੀ ਨਾਅਰੇ ਤਹਿਤ ਕੇਂਦਰ ਦੀ ਇੰਦਰਾ ਗਾਂਧੀ ਤੇ ਹਰਿਆਣਾ ਦੀ ਭਜਨ ਲਾਲ ਸਰਕਾਰ ਦੇ ਅੰਗ-ਸੰਗ ਵਿਚਰਦੀ ਸੀ। ਉਹ ਪੰਜਾਬ ਦੀਆਂ ਵਾਜਿਬ ਆਸਾਂ-ਉਮੰਗਾਂ ਲਈ ਉਠਦੀ ਆਵਾਜ਼ ਪ੍ਰਤੀ ਸਾਰਥਕ ਰੁਖ਼ ਅਖ਼ਤਿਆਰ ਕਰੇ, ਇਹ ਸਵਾਗਤਯੋਗ ਹੈ, ਤਾਂ ਵੀ ਹਰਿਆਣਾ ਵਿੱਚ ਭਾਜਪਾ ਸਰਕਾਰ ਦੇ ਗਠਨ ਦੀ ਪ੍ਰਕਿਰਿਆ ਦੌਰਾਨ  ਰਾਜੀਵ-ਲੌਂਗੋਵਾਲ ਸਮਝੌਤੇ ਬਾਬਤ ਬਦਲਦਾ ਰੁਖ਼ ਗਹਿਰਾ ਤੇ ਗੰਭੀਰ ਸੰਕੇਤ ਹੈ। ਇਹ ਸਮਝੌਤਾ ਬਲਿਊ ਸਟਾਰ ਤੇ ਨਵੰਬਰ 1984 ਦੇ ਸਿੱਖ ਵਿਰੋਧੀ ਕਤਲੇਆਮ ਤੋਂ ਬਾਅਦ ਦੁਖਾਂਤ ਦੀ ਮਨੋਦਸ਼ਾ ਤੋਂ ਮੁਕਤੀ ਦੀ ਭਾਵਨਾ ਤਹਿਤ ‘ਧਰਮ-ਯੁੱਧ ਮੋਰਚਾ’ ਦੇ ਡਿਕਟੇਟਰ ਸੰਤ ਹਰਚੰਦ ਸਿੰਘ ਲੌਂਗੋਵਾਲ ਅਤੇ ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨਾਲ਼ 24 ਜੁਲਾਈ 1985 ਨੂੰ ਕੀਤਾ ਸੀ। ਉਸ ਵੇਲੇ ਅਕਾਲੀ ਆਗੂ ਸੁਰਜੀਤ ਸਿੰਘ ਬਰਨਾਲਾ ਤੇ ਬਲਵੰਤ ਸਿੰਘ ਸਮਝੌਤੇ ਦੇ ਪੱਖ ਵਿੱਚ ਸੰਤ ਲੌਂਗੋਵਾਲ ਦੇ ਸਹਿਯੋਗੀ ਸਨ, ਜਦਕਿ ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਵਿਰੋਧ ਕਰਦੀ ਧਿਰ  ਦੇ ਮੋਹਰੀਆਂ ਵਿੱਚ ਸ਼ਾਮਲ ਸਨ। ਉਸ ਵਕਤ ਬਾਦਲ-ਟੌਹੜਾ ਤੇ ਦਹਿਸ਼ਤਗਰਦਾਂ ਦੇ ਹਾਮੀ-ਹਮਾਇਤੀ ਤਸਲੀਮ ਕੀਤੇ ਜਾਂਦੇ ਨੇਤਾਵਾਂ ਵਿਚਾਲੇ ਵੱਖਰੇਵੇਂ ਦੀ ਲਕੀਰ ਅਸਲੋਂ ਧੁੰਦਲੀ ਹੋ ਕੇ ਰਹਿ ਗਈ ਸੀ। ਸੰਤ ਹਰਚੰਦ ਸਿੰਘ ਲੌਂਗੋਵਾਲ ‘ਸਿੱਖ ਕੌਮ ਦੇ ਗ਼ਦਾਰ’ ਗਰਦਾਨੇ ਜਾ ਰਹੇ ਸਨ, ਜਿਨ੍ਹਾਂ ਦਾ ਅਰਦਾਸ ਦੀ ਮੁਦਰਾ ਵਿੱਚ ਖਲੋਤਿਆਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕਤਲ ਕਰ ਦਿੱਤਾ ਸੀ। ਇਸ ਕਤਲ ਲਈ ਨਾਮਜ਼ਦ ਜਰਨੈਲ ਸਿੰਘ ਹਲਵਾਰਾ ਤੇ ਸੰਤ ਹਰਚੰਦ ਸਿੰਘ ਲੌਂਗੋਵਾਲ ’ਚੋਂ ‘ਕੌਮ ਦਾ ਸ਼ਹੀਦ’ ਤਸਲੀਮ ਕਰਨ ਦਾ ਅੰਤਿਮ ਨਿਰਣਾ ਹਾਲੇ ਵੀ ਸੰਭਵ ਨਹੀਂ ਹੈ। ਉਨ੍ਹਾਂ ਹਾਲਾਤ ਵਿੱਚ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਤੇ ਵਿੱਤ ਮੰਤਰੀ ਬਲਵੰਤ ਸਿੰਘ (ਜਿਨ੍ਹਾਂ ਦਾ ਅੰਤ ਸਿਆਸੀ ਕਤਲ ਹੋ ਗਿਆ) ਸੰਤ ਹਰਚੰਦ ਸਿੰਘ ਲੌਂਗੋਵਾਲ ਸ਼ਹੀਦ ਸਵੀਕਾਰ ਕਰਦੇ ਸਨ, ਜਦਕਿ ਬਾਦਲ-ਟੌਹੜਾ ਬਰਸੀ ਸਮਾਗਮਾਂ ਵਿੱਚ ਰਸਮੀ ਹਾਜ਼ਰੀ ਤੋਂ ਵੀ ਗੁਰੇਜ਼ ਕਰਿਆ ਕਰਦੇ ਸਨ।

ਰਾਜੀਵ-ਲੌਂਗੋਵਾਲ ਸਮਝੌਤੇ ਤਹਿਤ 26 ਜਨਵਰੀ, 1986 ਨੂੰ ਚੰਡੀਗੜ੍ਹ ਪੰਜਾਬ ਨੂੰ ਦੇਣ ਦੀ ਸੰਭਾਵਨਾ ਬਣ ਗਈ ਸੀ ਅਤੇ ਉਸ ਵਕਤ ਲੋਕ ਸੰਪਰਕ ਵਿਭਾਗ ਨਾਲ ਜੁੜੇ ਅਧਿਕਾਰੀ ਲੋੜੀਂਦੇ ਇਸ਼ਤਿਹਾਰ ਪ੍ਰਕਾਸ਼ਤ ਹੋਣ ਦਾ ਸੰਕੇਤ ਵੀ ਦਿੰਦੇ ਰਹੇ ਹਨ, ਪਰ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਅਚਾਨਕ ਆਪਣੇ ਵਾਅਦੇ ਤੋਂ ਮੁੱਕਰ ਗਏ। ਇਨ੍ਹਾਂ ਹਾਲਾਤ ਵਿੱਚ ਵੀ ਮੁੱਖ ਮੰਤਰੀ ਬਣੇ ਰਹਿਣ ਨੇ ਸੁਰਜੀਤ ਸਿੰਘ ਬਰਨਾਲਾ ਦੀ ਸਿਆਸੀ ਸਥਿਤੀ ਕਮਜ਼ੋਰ ਕਰ ਦਿੱਤੀ ਅਤੇ ਕਾਂਗਰਸ ਦੀ ‘ਪਾੜੋ ਤੇ ਰਾਜ ਕਰੋ’ ਦੀ ਸਾਜ਼ਿਸ਼ੀ ਰਣਨੀਤੀ ਬਾਦਲ-ਟੌਹੜਾ ਮਜ਼ਬੂਤ ਕਰਨ ਵਿੱਚ ਸਹਾਈ ਹੋਣ ਦਾ ਰਾਹ ਮੋਕਲਾ ਹੋ ਗਿਆ। ਜੇ ਉਨ੍ਹਾਂ ਹਾਲਾਤ ਵਿੱਚ ਚੰਡੀਗੜ੍ਹ ਪੰਜਾਬ ਦੇ ਹਵਾਲੇ ਹੋ ਜਾਂਦਾ ਅਤੇ ਰਾਜੀਵ-ਲੌਂਗੋਵਾਲ ਸਮਝੌਤੇ ਵਿੱਚ ਦਰਜ ਪਿੰਡ ਨੂੰ ਇਕਾਈ ਮੰਨ ਕੇ ਪੰਜਾਬੀ ਤੇ ਹਿੰਦੀ ਬੋਲਦੇ ਇਲਾਕਿਆਂ ਦਾ ਪੰਜਾਬ ਤੇ ਹਰਿਆਣਾ ਵਿਚਾਲੇ ਵਟਾਂਦਰਾ ਹੋ ਗਿਆ ਹੁੰਦਾ ਤਾਂ ਪੰਜਾਬ ਦੀ ਤਸਵੀਰ ਅਸਲੋਂ ਵੱਖਰੀ ਹੋਣੀ ਸੀ। ਭਾਸ਼ਾ-ਆਧਾਰਤ ਵੰਡ ਦੇ ਆਧਾਰ ’ਤੇ ਰਾਇਸ਼ੁਮਾਰੀ ਵੀ ਹੋ ਗਈ ਸੀ ਅਤੇ ਓਦੋਂ ‘ਕੰਦੂਖੇੜਾ, ਕਰੂ ਨਿਬੇੜਾ’ ਦੇ ਨਾਅਰੇ ਨੇ ਪੰਜਾਬੀ ਬੋਲਦੇ ਇਲਾਕੇ ਦੇਣ ਦਾ ਨਿਬੇੜਾ ਕਰ ਵੀ ਦਿੱਤਾ ਸੀ। ਬਦਕਿਸਤਮਤੀ! ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕੇ ਅਤੇ ਕੌਮਾਂਤਰੀ ਪੱਧਰ ’ਤੇ ਰਿਪੇਰੀਅਨ ਅਸੂਲਾਂ ਦੀ ਉਲੰਘਣਾ ਕਰਦੀ ਵਿਵਾਦਤ ਸਤਲੁੱਜ-ਯਮੁਨਾ ਲਿੰਕ ਨਹਿਰ ਦੀ ਉਸਾਰੀ ਵਿੱਚ ਉਲਝ ਕੇ ਰਹਿ ਗਏ। ਇਸ ਮੁੱਦੇ ਨੇ ਵੱਖਵਾਦੀ ਦਹਿਸ਼ਤਗ਼ਰਦਾਂ ਤੇ ਰਵਾਇਤੀ ਅਕਾਲੀ ਲੀਡਰਸ਼ਿੱਪ ਦੇ ਪ੍ਰਭਾਵਸ਼ਾਲੀ ਨੇਤਾਵਾਂ ਨੂੰ ਇਕਸੁਰ ਕਰ ਦਿੱਤਾ ਸੀ। ਇਹ ਵਿਵਾਦ ਸੁਰਜੀਤ ਸਿੰਘ ਬਰਨਾਲਾ ਦਾ ਸਿਆਸੀ ਕੱਦ-ਬੁੱਤ ਛਾਂਗਦਾ ਜਾ ਰਿਹਾ ਸੀ ਅਤੇ ਪ੍ਰਕਾਸ਼ ਸਿੰਘ ਬਾਦਲ ਤੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਸਿਆਸੀ ਦਖ਼ਲ-ਅੰਦਾਜ਼ੀ ਪੱਕੇ-ਪੈਰੀਂ ਹੋ ਰਹੀ ਸੀ।

ਰਾਜੀਵ-ਲੌਂਗੋਵਾਲ ਸਮਝੌਤੇ ਠੰਡੇ ਬਸਤੇ ਪੈਣ ਤੇ ਸੁਰਜੀਤ ਸਿੰਘ ਬਰਨਾਲਾ ਦੇ ਕਾਂਗਰਸੀਕਰਨ ਦੀ ਪ੍ਰਕਿਰਿਆ ਸਮਾਨਅੰਤਰ ਵਰਤਾਰਾ ਸੀ। ਬਦਲਦੇ ਸਿਆਸੀ ਹਾਲਤ ਵਿੱਚ ਸੁਰਜੀਤ ਸਿੰਘ ਬਰਨਾਲਾ, ਕਾਂਗਰਸ ਦੇ ਸਿਆਸੀ ਅਹਿਸਾਨ ਤੇ ਪ੍ਰਕਾਸ਼ ਸਿੰਘ ਬਾਦਲ ਦੀ ਰਣਨੀਤੀ, ਦੋਵਾਂ ਕਰਾਨਾਂ ਕਰਕੇ ਪੰਜਾਬ ਦੀ ਸਿਆਸਤ ਤੋਂ ਸਦਾ ਲਈ ਵਿਦਾ ਹੋ ਗਏ। ਹੁਣ ਵਕਤ ਦੀ ਗ਼ਰਦ ਦੇ ਸ਼ਿਕਾਰ ਦਸਤਾਵੇਜ਼ ਦੀ ਧੂੜ ਭਾਜਪਾ ਝਾੜ ਰਹੀ ਹੈ, ਜੋ ਹਰ ਸਿਆਸੀ ਮਾਹਰ ਨੂੰ ਅਚੰਭਾਜਨਕ ਵਰਤਾਰਾ ਲਗਦਾ ਹੈ। ਇਸਦੇ ਪਿੱਛੇ ਨਰਿੰਦਰ ਮੋਦੀ-ਅਮਿਤ ਸ਼ਾਹ ਜੋੜੀ ਦੀ ਕੋਈ ਲੰਮੇ-ਦਾਅ ਕੰਮ ਕਰਦੀ ਰਣਨੀਤੀ ਵੀ ਹੋ ਸਕਦੀ ਹੈ, ਜਿਸਦਾ ਇਜ਼ਹਾਰ ਹਾਲੇ ਹੋਣਾ ਹੈ। ਇਹ ਪੰਜਾਬ ਭਾਜਪਾ ਦੇ ਪ੍ਰਧਾਨ ਕਮਲ ਸ਼ਰਮਾ ਦਾ ਸਵੈ-ਇੱਛਕ ਐਲਾਨ ਨਹੀਂ ਹੈ, ਜਿਨ੍ਹਾਂ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਕਰੀਬੀ ਮੰਨਿਆ ਜਾਂਦਾ ਹੈ ਅਤੇ ਵਿਰੋਧੀ ਉਸ ਨੇੜਤਾ ਨੂੰ ਰਾਜ ਸਭਾ ਸੀਟ ’ਤੇ ਟਿਕੀ ਅੱਖ ਦਾ ਟੀਰ ਦੱਸਦੇ ਆ ਰਹੇ ਹਨ।

ਸ਼੍ਰੋਮਣੀ ਅਕਾਲੀ ਦਲ ਰਾਜੀਵ-ਲੌਂਗੋਵਾਲ ਸਮਝੌਤਾ ਲਾਗੂ ਕਰਨ ਦੀ ਮੰਗ ਦੱਬੀ ਜ਼ੁਬਾਨ ਵਿੱਚ ਕਰਦਾ ਆ ਰਿਹਾ ਹੈ। ਇਹ ਅਕਾਲੀ-ਭਾਜਪਾ ਗਠਜੋੜ ਸਰਕਾਰ ਦੇ ਤਿਆਰ ਕੀਤੇ ਗਵਰਨਰ ਦੇ ਭਾਸ਼ਨ ਵਿੱਚ ਵੀ ਸ਼ਾਮਲ ਹੁੰਦਾ ਰਿਹਾ ਹੈ, ਭਾਜਪਾ ਪੰਜਾਬ ਦੇ ਗੰਭੀਰ ਸਵਾਲਾਂ ’ਤੇ ਅਕਸਰ ਖਾਮੋਸ਼ ਰਹੀ ਹੈ। ਕਮਲ ਸ਼ਰਮਾ ਦਾ ਚੰਡੀਗੜ੍ਹ ਨੂੰ ਲੈ ਕੇ ਸਾਹਮਣੇ ਆਇਆ ਵਿਚਾਰ ਪੰਜਾਬ ਪੱਖੀ ਲੋਕਾਂ ਨੂੰ ਸ਼ੰਕਾਗ੍ਰਸਤ ਹੈਰਾਨੀ ਵਿੱਚ ਪਾ ਗਿਆ ਹੈ, ਹਾਲਾਂਕਿ ਪੰਜਾਬ ਭਾਜਪਾ ਪ੍ਰਧਾਨ ਨੇ ਸਿਆਸੀ ਚਤੁਰਾਈ ਵਰਤਦਿਆਂ ਵਿਵਾਦਤ ਸਤਲੁਜ-ਯਮੁਨਾ ਲਿੰਕ ਨਹਿਰ ਮਸਲੇ ਦਾ ‘ਯੋਗ ਹੱਲ ਕੱਢਣ’ ਦੀ ਮੰਗ ਨਾਲ਼ ਜੋੜ ਰੱਖੀ ਹੈ। ਇਹ ਗੱਡੇ ਨਾਲ ਕੱਟਾ ਬੰਨ੍ਹਣ ਵਾਲ਼ੀ ਚਲਾਕੀ ਹੈ। ਭਾਸ਼ਾਈ ਅਸੂਲਾਂ ਦੇ ਮੱਦੇਨਜ਼ਰ ਪੰਜਾਬੀ ਬੋਲਦੇ ਖੇਤਰਾਂ ’ਤੇ ਬਰਕਰਾਰ ਖ਼ਾਮੋਸ਼ੀ ਵੀ ਗੰਭੀਰ ਸੰਕੇਤ ਹੈ। ਇਹ ਅਕਾਲੀ-ਭਾਜਪਾ ਗੱਠਜੋੜ ਸਰਕਾਰ ਅਧੀਨ ਪਹਿਲਾਂ ਨਾਲੋਂ ਮਜ਼ਬੂਤ ਹੋਈ ਭਾਜਪਾ ਦਾ ਤਾਜ਼ਾ ਪੈਂਤੜਾ ਹੈ, ਜਿਸਨੇ ਹੁਣੇ ਜਿਹੇ ਮਿਉਂਸਪਲ ਚੋਣਾਂ ਇਕੱਠਿਆਂ ਲੜਨ ਦੇ ਸੰਕੇਤ ਦਿੱਤੇ ਹਨ। ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਬੁਨਿਆਦੀ ਮੁੱਦੇ ਅਕਸਰ ਚੋਣਾਂ ਦੌਰਾਨ ਕਾਂਗਰਸ ਖ਼ਿਲਾਫ਼ ਰਣਨੀਤੀ ਤਹਿਤ ਉਭਾਰਦਾ ਰਿਹਾ ਹੈ ਜਾਂ ਫਿਰ ਰਾਜਪਾਲ ਦੇ ਭਾਸ਼ਨ ਦਾ ਹਿੱਸਾ ਬਣਾ ਦੇਣ ਦੀ ਰਸਮ ਅਦਾਇਗੀ ਹੁੰਦੀ ਰਹੀ ਹੈ। ਉਸਨੇ ‘ਧਰਮ-ਯੁੱਧ ਮੋਰਚੇ’ ਤੋਂ ਬਾਅਦ ਜ਼ਮੀਨੀ ਪੱਧਰ ’ਤੇ ਕਦੇ ਵੀ ਪੰਜਾਬ ਲਈ ਸੰਘਰਸ਼ ਨਹੀਂ ਕੀਤਾ। ਹੁਣ ਹਰਿਆਣਾ ਵਿੱਚ ਪਹਿਲੀ ਵਾਰੀ ਸੱਤਾ ਸੰਭਾਲ ਰਹੀ ਭਾਜਪਾ ਦੀ ਪੰਜਾਬ ਇਕਾਈ ਦਾ ਬਦਲਦਾ ਰੁਖ਼ ਖਾਸਾ ਦਿਲਚਸਪ ਪੈਂਤੜਾ ਹੈ। ਜੇ ਇਸ ਰੁਖ਼ ਨੂੰ ਹਰਿਆਣਾ ਦੇ ਪੰਜਾਬੀ ਮੁੱਖ ਮੰਤਰੀ ਲਈ ਦਿੱਕਤ ਖ਼ਿਆਲ ਕਰਦੇ ਹੋਏ ਭਾਜਪਾ ਹਾਈਕਮਾਨ ਬੰਨ੍ਹ ਨਹੀਂ ਮਾਰਦੀ ਤਾਂ ਇਹ ਪੰਜਾਬ ਤੇ ਹਰਿਆਣਾ, ਦੋਵਾਂ ਸਰਕਾਰਾਂ ਲਈ ਇਮਤਿਹਾਨ ਦੇ ਦਿਨਾਂ ਦਾ ਆਗਾਜ਼ ਹੈ। ਕੈਪਟਨ ਅਮਰਿੰਦਰ ਸਿੰਘ ਦਾ ਸਵਾਗਤ ਕਰਦੇ ਹੋਏ ‘ਚੰਡੀਗੜ੍ਹ ਪੰਜਾਬ ਨੂੰ ਵਾਪਸ ਕਰਨ ਦੇ ਉਚਿਤ ਸਮੇਂ’ ਸ਼੍ਰੋਮਣੀ ਅਕਾਲੀ ਦਲ ਦੀ ਸਹਿਮਤੀ ਦੀ ਉਮੀਦ ਕਰਨਾ ਵੀ ਕਾਫ਼ੀ ਦਿਲਚਸਪ ਮਾਮਲਾ ਹੈ, ਜਿਨ੍ਹਾਂ ਨੂੰ ਉਸ ਵਕਤ ਅਕਾਲੀ ਹੋਣ ਕਾਰਨ ਪ੍ਰਕਾਸ਼ ਸਿੰਘ ਬਾਦਲ ਦੇ ‘ਅਸਲ ਰੁਖ਼’ ਦਾ ਇਲਮ ਹੈ ਅਤੇ ਭਾਜਪਾ ਬਾਬਤ ਵੀ ਭੁਲੇਖਾ ਨਹੀਂ ਹੈ, ਜੋ ਇਸਨੁੰ ਪੰਜਾਬ ਵਿੱਚ ਸਿਆਸੀ ਸਪੇਸ ਬਣਾਉਣ ਲਈ ਵਰਤ ਸਕਦੀ ਹੈ।
ਰਾਜੀਵ-ਲੌਂਗੋਵਾਲ ਸਮਝੌਤੇ ਵਿੱਚ ਨਵੰਬਰ 1984 ਦੇ ਦੰਗਿਆਂ ਦੀ ਜਾਂਚ, ਦੋਸ਼ੀਆਂ ਨੂੰ ਸਜ਼ਾਵਾਂ ਅਤੇ ਪੀੜਤਾਂ ਦੇ ਪੁਨਰ-ਵਸੇਬੇ, ਸਰਵ ਭਾਰਤੀ ਗੁਰਦੁਆਰਾ ਐਕਟ ਬਣਾਉਣ, ਦਰਿਆਈ ਪਾਣੀਆਂ ਦੀ ਵੰਡ ਲਈ ਟ੍ਰਿਬਿਊਨਲ ਕਾਇਮ ਕਰਨ, ਆਨੰਦਪੁਰ ਦਾ ਮਤਾ ਕਮਿਸ਼ਨ ਨੂੰ ਸੌਂਪਣ, ਚੰਡੀਗੜ੍ਹ ਪੰਜਾਬ ਨੂੰ ਦੇਣ ਅਤੇ ਪੰਜਾਬੀ ਬੋਲਦੇ ਇਲਾਕਿਆਂ ਦਾ ਤਰਕਸੰਗਤ ਹੱਲ ਕੱਢਣ ਆਦਿ ਮੱਦਾਂ ਸ਼ਾਮਲ ਸਨ। ਇਹ ਸਪੱਸ਼ਟ ਮੱਦਾਂ ਸਮਾਂ-ਸੀਮਾ ਪਾਰ ਕਰਦੇ-ਕਰਦੇ ਅਸਪੱਸ਼ਟਾ ਦਾ ਸ਼ਿਕਾਰ ਹੋ ਗਈਆਂ ਹਨ ਅਤੇ  ਸ਼੍ਰੋਮਣੀ ਅਕਾਲੀ ਦਲ ਨੇ ਵੀ ਬੀਤੇ ਦੀ ਬਾਤ ਬਣਾ ਦੇਣ ਦੇ ਰਵੱਈਏ ’ਤੇ ਮੁੜ ਸੋਚਣ ਦੀ ਲੋੜ ਮਹਿਸੂਸ ਨਹੀਂ ਕੀਤੀ। ਦਰਅਸਲ, ਅਕਾਲੀ ਦਲ ਮੋਰਚਾ ਪਾਰਟੀ ਦੀ ਪਛਾਣ ਤੋਂ ਮੁਕਤ ਸੱਤਾ ਸੰਭਾਲੀ ਰੱਖਣ ਵਾਲ਼ੀ ਸਿਆਸਤ ਦੀ ਮੁਹਾਰਤ ਹਾਸਿਲ ਕਰ ਗਿਆ ਹੈ। ਜੇ ਸਹੀ ਸੰਦਰਭ ਵਿੱਚ ਰੱਖ ਕੇ ਪਰਖ਼-ਪੜਚੋਲ ਕੀਤੀ ਜਾਵੇ ਤਾਂ ਕੇਂਦਰ ਸਰਕਾਰਾਂ ਅਤੇ ਸ਼੍ਰੋਮਣੀ ਅਕਾਲੀ ਦਲ, ਦੋਵੇਂ ਧਿਰਾਂ ਪੰਜਾਬੀਆਂ ਨਾਲ ਵਿਸਾਹਘਾਤ ਦੀਆਂ ਦੋਸ਼ੀ ਹਨ। ਇਹ ਵਿਸਾਹਘਾਤ ਦਾ ਵਰਤਾਰਾ ਬਦਲੇ ਹੋਏ ਦੌਰ ਵਿੱਚ ਵੀ ਭੰਗ ਹੋ ਰਿਹਾ।  ਇਸਦਾ ਅੰਦਾਜ਼ਾ ਇਸ ਸਿਆਸੀ ਸਥਿਤੀ ਤੋਂ ਲੱਗ ਜਾਂਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਭਾਜਪਾ ਪ੍ਰਧਾਨ ਦੇ ਬਿਆਨ ਨੂੰ ਕਸੂਤੀ ਸਥਿਤੀ ਵਿੱਚ ਫਸਣਾ ਮੰਨ ਕੇ ਖਾਮੋਸ਼ ਹੈ, ਹਾਲਾਂਕਿ ਇਹ ਐਲਾਨ ਅਵਸਰ ਦੀ ਤਰ੍ਹਾਂ ਇਸਤੇਮਾਲ ਹੋਣਾ ਚਾਹੀਦਾ ਹੈ। ਇਸ ਸਵਾਲ ’ਤੇ ਠਾਕੀ ਜ਼ੁਬਾਨ ਵਾਲ਼ਾ ਸ਼੍ਰੋਮਣੀ ਅਕਾਲੀ ਦਲ ਲੱਖ ਦਾਅਵੇ ਕਰਦਾ ਰਹੇ, ਪੰਜਾਬ ਦੇ ਹੱਕਾਂ ਦੀ ਲੜਾਈ ਨੂੰ ਤਿਲਾਂਜਲੀ ਦੇ ਚੁੱਕਾ ਹੈ।

ਭਾਰਤੀ ਜਨਤਾ ਪਾਰਟੀ ਨੇ ਹਰਿਆਣਾ ਦੀ ਜਾਟ ਕੇਂਦਰਤ ਅਤੇ ਮਹਾਰਾਸ਼ਟਰ ਦੇ ਮਰਾਠੀ ਸ਼ਾਵਨਵਾਦ ਦਾ ਬਦਲ ਗਠਜੋੜ ਮੁਕਤ ਰਾਸ਼ਟਰੀ ਭਾਵਨਾ ਨੂੰ ਬਣਾਇਆ ਹੈ, ਜਦਕਿ ਪੰਜਾਬ ਵਿੱਚ ਸਿੱਖ ਪੱਤਾ ਵਰਤਣ ਦੇ ਨਾਲ਼-ਨਾਲ਼ ਦਲਿਤ ਕੇਂਦਰਤ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਅੰਦਰਖਾਤੇ ਭਾਜਪਾ ਲੀਡਰਸ਼ਿੱਪ ਨਾਲ ਕਿਵੇਂ ਤਾਲ-ਮੇਲ਼ ਰੱਖ ਰਿਹਾ ਹੈ, ਇਹ ਤਾਂ ਜ਼ਾਹਰ ਨਹੀਂ ਹੈ, ਪਰ ਉਹ ਜਨਤਕ ਖੇਤਰ ਵਿੱਚ ਭਾਜਪਾ ਦੀ ਸਿਆਸੀ ਸ਼ਤਰੰਜ ਵਿੱਚ ਮਾਤ ਖਾ ਗਿਆ ਹੈ। ਉਸਦੀ ਖਾਮੋਸ਼ੀ ਭਾਜਪਾ ਦੀ ਖੇਡ ਲਈ ਸਹਾਈ ਹੋ ਸਕਦੀ ਹੈ, ਜਦਕਿ ਅਵਸਰ ਨੂੰ ਇਸਤੇਮਾਲ ਕਰਕੇ ਗਠਜੋੜ ਸਿਆਸਤ ਦੇ ਨਾਲ਼-ਨਾਲ਼ ਪੰਜਾਬ ਵਿਰੋਧੀ ਚਲੀ ਆ ਰਹੀ ਕਾਂਗਰਸ ਨੂੰ ਮਾਤ ਦਿੱਤੀ ਜਾ ਸਕਦੀ ਹੈ। ਇਸਦਾ  ‘ਸੱਪ ਦੇ ਮੂੰਹ ਵਿੱਚ ਕੋਹੜ ਕਿਰਲੀ’ ਬਣਨਾ ਭਾਜਪਾ ਲਈ ਸੰਜੀਵਨੀ ਬੂਟੀ ਬਣ ਸਕਦਾ ਹੈ ਅਤੇ ਇਹ ਕਿਸ ਅਕਾਲੀ ਨੇਤਾ ਨੂੰ ਹਨੂੰਮਾਨ ਬਣਾ ਦੇਵੇਗਾ, ਇਹ ਇਤਿਹਾਸ ਤੈਅ ਕਰੇਗਾ। ਭਾਜਪਾ ਦਾ ਹਨੂੰਮਾਨ 21 ਕੇਸਾਂ ਵਿੱਚ ਨਾਮਜ਼ਦ ਰਾਮਸ਼ੰਕਰ ਕਥੇਰੀਆ ਹੈ, ਜਿਸਨੂੰ ਪੰਜਾਬ ਦਾ ਇੰਚਾਰਜ ਬਣਾ ਕੇ ਭਵਿੱਖੀ ਰਣਨੀਤੀ ਤੈਅ ਕਰਨ ਦਾ ਸੰਕੇਤ ਦੇ ਦਿੱਤਾ ਹੈ। ਕਥੇਰੀਆ ਸੰਘ ਪ੍ਰਚਾਰਕ ਤੋਂ ਭਾਜਪਾਈ ਬਣਨ ਵਾਲ਼ੇ ਨੇਤਾਵਾਂ ਵਿੱਚ ਸ਼ਾਮਲ ਹੈ ਅਤੇ ਆਰ ਐਸ ਐਸ ਦੇ ਪਿਛੋਕੜ ਵਾਲੇ ਨੇਤਾਵਾਂ ਨੂੰ ਅਹਿਮ ਥਾਵਾਂ ’ਤੇ ਤਾਇਨਾਤ ਕਰਨ ਦੀ ਰਣਨੀਤੀ ਤਹਿਤ ਪੰਜਾਬ ਭੇਜਿਆ ਗਿਆ ਹੈ।ਇਸ ਕਿਸਮ ਦੇ ਭਾਜਪਾ ਆਗੂ ਦਾ ਪੰਜਾਬ ਦੀ ਰਾਜਨੀਤੀ ਵਿੱਚ ਦਾਖ਼ਲਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਲਈ ਗੰਭੀਰ ਸੰਕਟ ਦਾ ਸੰਕੇਤ ਹੈ, ਜੋ ਅਕਾਲੀ-ਭਾਜਪਾ ਗਠਜੋੜ ਨੂੰ ਹਿੰਦੂ-ਸਿੱਖ ਏਕਤਾ ਦੀ ਸਿਆਸੀ ਰੰਗਤ ਦਿੰਦੇ ਆ ਰਹੇ ਹਨ। ਆਰ ਐਸ ਐਸ ਦਾ ਹਿੰਦੁਤਵਵਾਦ ‘ਵੱਖਰੀ ਸਿੱਖ ਪਛਾਣ’ ਨੂੰ ਮਹਿਜ਼ ਪੂਜਾ ਪ੍ਰਣਾਲੀ ਦਾ ਫ਼ਰਕ ਤਸਲੀਮ ਕਰਦਾ ਹੈ। ਇਹ ‘ਪੰਥਕ ਅਕਾਲੀ ਦਲ’ ਲਈ ਵਿਚਾਰਧਾਰਕ ਸੰਕਟ ਪੈਦਾ ਕਰਨ ਵਾਲੀ ਸਥਿਤੀ ਹੈ। ਚੰਡੀਗੜ੍ਹ ਨੂੰ ਲੈ ਕੇ ‘ਪੰਜਾਬ ਪੱਖੀ ਭਾਜਪਾ’ ਦੇ ਸਨਮੁੱਖ ਪ੍ਰਕਾਸ਼ ਸਿੰਘ ਬਾਦਲ ਦੀ ਰਹੱਸਮਈ ਖਾਮੋਸ਼ੀ ਸੱਤਾ ਪ੍ਰੇਮੀ ਸ਼੍ਰੋਮਣੀ ਅਕਾਲੀ ਦਲ ਦੀ ਠਾਕੀ ਜੀਭ ਦਾ ਸੱਚ ਦਰਸਾ ਰਹੀ ਹੈ। ਇਹ ਹਰ ਸੰਕਟ ਦੌਰਾਨ ਰਹੱਸਮਈ ਖ਼ਾਮੋਸ਼ੀ ਦੇ ਉਸਤਾਦ ਪ੍ਰਕਾਸ਼ ਸਿੰਘ ਬਾਦਲ ਲਈ ਬੋਲਣ ਦਾ ਵੇਲ਼ਾ ਹੈ। ਹਰ ਵਾਰ ਖ਼ਾਮੋਸ਼ੀ ਹਥਿਆਰ ਨਹੀਂ ਹੁੰਦੀ।