ਭਾਜਪਾ ਨਵੀਂ ਕਤਾਰਬੰਦੀ ਲਈ ਹੰਸ ਰਾਜ ਹੰਸ ਸਮੇਤ ਅਕਾਲੀ ਤੇ ਕਾਂਗਰਸੀ ਨੇਤਾ ਤੋੜਨ ਦੇ ਆਹਰ ਵਿੱਚ

0
770

ਕੋਰ ਕਮੇਟੀ ਦੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਗਰ ਕੌਂਸਲ ਚੋਣਾਂ ਨੂੰ ‘ਢੁੱਕਵਾਂ ਮੌਕਾ’ ਬਣਾਏ ਜਾਣ ’ਤੇ ਸਹਿਮਤ

Hans raj-hans

ਪੰਜਾਬ ਦੇ ਡਰੱਗ ਰੈਕੇਟ ਨੂੰ ਕੇਂਦਰੀ ਏਜੰਸੀਆਂ ਦੀ ਜਾਂਚ ਨਾਲ ਜੋੜਨ ਦਾ ਪੈਂਤੜਾ ਵੀ ਹੈ ਗੰਭੀਰ ਸੰਕੇਤ

ਸ਼ਬਦੀਸ਼

ਚੰਡੀਗੜ੍ਹ – ਭਾਰਤੀ ਜਨਤਾ ਪਾਰਟੀ ਹਰਿਆਣਾ ਤੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਤੋਂ ਇਸ ਕਦਰ ਉਤਸ਼ਾਹਤ ਹੈ ਕਿ ਕਦੇ ਵੀ ਪੰਜਾਬ ਵਿੱਚ ਆਪਣੇ ਸਿਰ-ਬ-ਸਿਰ ਚੋਣਾਂ ਲੜਨ ਦਾ ਐਲਾਨ ਹੋ ਸਕਦਾ ਹੈ। ਇਹਦਾ ਇੱਕ ਸੰਕੇਤ ਡਰੱਗ ਰੈਕੇਟ ਲਈ ਕੇਂਦਰੀ ਏਜੰਸੀਆਂ ਦੀ ਮੱਦਦ ਹੈ ਅਤੇ ਦੂਜਾ ਅਕਾਲੀ-ਕਾਂਗਰਸੀ ਨੇਤਾਵਾਂ ’ਤੇ ਟਿਕਾਈਆਂ ਨਜ਼ਰਾਂ ਹਨ। ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਪੰਜਾਬ ਦਾ ਜ਼ਿਕਰ ਕੀਤੇ ਬਿਨਾ ਰਾਜਾਂ ਅੰਦਰ ਆਪਣੇ ਦਮ ‘ਤੇ ਚੋਣਾਂ ਲੜਨ ਦਾ ਐਲਾਨ ਕੀਤਾ ਹੈ। ਇਹ ਐਲਾਨ ਉਦੋਂ ਹੋ ਰਿਹਾ ਹੈ, ਜਦੋਂ ਪੰਜਾਬ ਦੇ ਅਕਾਲੀ-ਭਾਜਪਾ ਗਠਜੋੜ ਦੀ ਸਿਆਸੀ ਖਿਚੋਣਾਣ ਨੇ ਮਾਹੌਲ ’ਚ ਸਿਆਸੀ ਗਰਮੀ ਪੈਦਾ ਕੀਤੀ ਹੋਈ ਹੈ। ਗੱਲ ਐਲਾਨ ਤੱਕ ਸੀਮਤ ਨਹੀਂ ਹੈਮ ਬਲਕਿ ਭਾਜਪਾ ਕੁਝ ਅਕਾਲੀ ਤੇ ਕਾਂਗਰਸੀ ਨੇਤਾਵਾਂ ‘ਤੇ ਡੋਰੇ ਪਾ ਰਹੀ ਹਨ। ਇਨ੍ਹਾਂ ਵਿੱਚ ਪੰਜਾਬੀ ਗਾਇਕ ਹੰਸ ਰਾਜ ਹੰਸ ਦਾ ਨਾਂ ਵੀ ਬੋਲਦਾ ਹੈ। ਦਰਅਸਲ ਭਾਜਪਾ ਪੰਜਾਬ ਦੇ ਦਲਿਤ ਸਮਾਜ ਅੰਦਰ ਦਖ਼ਲ-ਅੰਦਾਜ਼ੀ ਲਈ ਦੋਆਬਾ ਖੇਤਰ ਤੋਂ ਸਰਗਰਮੀ ਛੇੜਨ ਜਾ ਰਹੀ ਹੈ, ਜਿਸਨੇ ਬਸਪਾ ਦੀ ਵੀ ਨੀਂਦ ਹਰਾਮ ਕੀਤੀ ਹੋਈ ਹੈ, ਜੋ ਪਹਿਲਾਂ ਹੀ ਫੁੱਟ ਦਾ ਸ਼ਿਕਾਰ ਹੈ ਅਤੇ ਸੁੰਗੜਦੀ ਜਾ ਰਹੀ ਹੈ।

ਭਾਜਪਾ ਦੇ ਸੀਨੀਅਰ ਨੇਤਾ ਫਿਲਹਾਲ ਕਿਸੇ ਵੀ ਅਕਾਲੀ ਤੇ ਕਾਂਗਰਸੀ ਨੇਤਾ ਨਾਲ ਗੱਲਬਾਤ ਤੋਰਨ ਦਾ ਜ਼ਾਹਰਾ ਸੰਕੇਤ ਨਹੀਂ ਦੇ ਰਹੇ, ਪਰ ਅੰਦਰਖਾਤੇ ਸਰਗਰਮੀ ਜਾਰੀ ਹੈ। ਸ਼੍ਰੋਮਣੀ ਅਕਾਲੀ ਦਲ ਖ਼ਿਲਾਫ਼਼ ਬੜਬੋਲੇ ਨਵਜੋਤ ਸਿੱਧੂ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਬਣਾਏ ਜਾਣ ਦੇ ਸੰਕੇਤਾਂ ਦਾ ਹੀ ਸਿੱਟਾ ਹੈ ਕਿ ਕਿਸੇ ਵਕਤ ਮੁੱਖ ਮੰਤਰੀ ਦੇ ਕਰੀਬੀ ਪੰਜਾਬ ਭਾਜਪਾ ਪ੍ਰਧਾਨ ਕਮਲ ਸ਼ਰਮਾ ਦੇ ਤੇਵਰ ਵੀ ਤਿੱਖੇ ਹੋ ਰਹੇ ਹਨ। ਇਹਦੇ ਨਾਲ਼ ਹੀ ਸੀਨੀਅਰ ਅਕਾਲੀ ਨੇਤਾ ਤੇ ਪੰਜਾਬੀ ਗਾਇਕ ਹੰਸ ਰਾਜ ਹੰਸ ‘ਤੇ ਵੀ ਭਾਜਪਾ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੰਸ ਨੂੰ ਪਾਰਟੀ ‘ਚ ਲਿਆਉਣ ਦੇ ਇੱਛੁਕ ਹਨ। ਭਾਜਪਾ ਆਗੂ ਤੀਜ਼ੀ ਵਾਰ ਅਕਾਲੀ ਦਲ ਦੇ ਜੇਤੂ ਰਹਿਣ ਦੀ ਸੰਭਾਵਨਾ ’ਤੇ ਕਾਟਾ ਮਾਰਦੇ ਹੋਏ ਗਾਇਕ ਨੂੰ ਪਭਾਵਤ ਕਰਨ ਦੇ ਰੌਂਅ ਵਿੱਚ ਹਨ, ਜਦਕਿ ਭਾਜਪਾ ਸ਼ਹਿਰੀ ਹਿੰਦੂ ਤੇ ਪੇਂਡੂ ਦਲਿਤ ਨੂੰ ਕਾਂਗਰਸ ਤੋਂ ਨਿਖੇੜ ਲੈਣ ਦੀ ਵਿਆਪਕ ਰਣਨੀਤੀ ਘੜਨ ਜਾ ਰਹੀ ਹੈ।

ਭਾਜਪਾ ਨੇ ਅਕਾਲੀ-ਭਾਜਪਾ ਗਠਜੋੜ ਦੇ ਬਾਵਜੂਦ ਨਵਜੋਤ ਸਿੱਧੂ ਦੀ ਜ਼ੁਬਾਨਬੰਦੀ ਨਹੀਂ ਕੀਤੀ, ਬਲਕਿ ਉਲਟਾ ਉਸਨੂੰ ਸ਼ਹਿ ਤੇ ਉਤਸ਼ਾਹ ਦੇ ਸੰਕੇਤ ਮਿਲਦੇ ਰਹੇ ਹਨ। ਭਾਜਪਾ ਹੰਸ ਰਾਜ ਹੰਸ ਵਰਗੇ ਹਰਮਨਪਿਆਰੇ ਚਿਹਰੇ ਤਲਾਸ਼ ਕਰਨ ‘ਚ ਜੁਟੀ ਹੋਈ ਹੈ। ਜਿਸ ਕਿਸਮ ਦਾ ਮਾਹੌਲ ਬਣ ਰਿਹਾ ਹੈ, ਉਸ ਤੋਂ ਲਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੀ ਹੰਸ ਰਾਜ ਹੰਸ ਦੀਆਂ ਸੇਵਾਵਾਂ ਦਾ ਇਸਤੇਮਾਲ ਕਰਨ ਲਈ ਉਸਨੂੰ ਹੋਰ ਉਭਾਰ ਸਕਦਾ ਹੈ। ਗੱਲ ਕੀ, ਹੰਸ ਦੇ ਦੋਵੇਂ ਹੱਥੀਂ ਲੱਡੂ ਆ ਰਹੇ ਹਨ, ਜਿਨ੍ਹਾਂ ਨੂੰ ਨਿਗਲ ਜਾਣ ਲਈ ਉਸਨੂੰ ਖਾਸੀ ਮੁਹਾਰਤ ਦਾ ਸਬੂਤ ਦੇਣਾ ਪਵੇਗਾ। ਉਹ ਸਿਆਸਤ ਤੋਂ ਤੋਬਾ ਕਰਦੇ ਬਿਆਨ ਦੇ ਕੇ ਵੀ ਸੱਤਾਧਾਰੀ ਦਲ ਦੀ ਨੇੜਤਾ ਬਣਾਈ ਰੱਖਣ ਵਿੱਚ ਸਫ਼ਲ ਰਿਹਾ ਹੈ, ਹਾਲਾਂਕਿ ਲੋਕ ਸਭਾ ਚੋਣਾਂ ਵੇਲੇ ਜਲੰਧਰ ‘ਚ ਹੰਸ ਨੂੰ ਟਿਕਟ ਨਹੀਂ ਮਿਲੀ ਸੀ।

ਉਨ੍ਹਾਂ ਦੀ ਨਾਰਾਜ਼ਗੀ ਨੂੰ ਦੇਖਦੇ ਹੋਏ ਬਠਿੰਡਾ ‘ਚ ਹਰਸਿਮਰਤ ਕੌਰ ਬਾਦਲ ਦੀ ਪ੍ਰਚਾਰ ਮੁਹਿੰਮ ਨਾਲ ਜੋੜ ਦਿੱਤਾ ਗਿਆ ਸੀ। ਫਿਰ ਵੀ ਭਾਜਪਾ ਸਾਬਕਾ ਡੀ. ਜੀ. ਪੀ. ਪਰਮਦੀਪ ਸਿੰਘ ਗਿੱਲ ਦੀ ਤਰਜ਼ ’ਤੇ ਅਕਾਲੀ ਦਲ ਨੇਤਾ ਤੋੜਨ ਲਈ ਯਤਨਸ਼ੀਲ ਹੈ। ਇਸੇ ਤਰ੍ਹਾਂ ਭਾਜਪਾ ਕੁਝ ਹੋਰ ਅਕਾਲੀ ਨੇਤਾਵਾਂ ਨੂੰ ਆਪਣੀ ਪਾਰਟੀ ‘ਚ ਲਿਆਉਣਾ ਚਾਹੁੰਦੀ ਹੈ। ਮਾਲਵਾ ਦੇ  ਕੁਝ ਕਾਂਗਰਸੀ ਵਿਧਾਇਕਾਂ ‘ਤੇ ਵੀ ਭਾਜਪਾ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ, ਪਰ ਹੁਣ ਤਕ ਭਾਜਪਾ ਨੇ ਇਸ ਸੰਬੰਧ ‘ਚ ਆਪਣੇ ਪੱਤੇ ਨਹੀਂ ਖੋਲ੍ਹੇ ਹਨ, ਪਰ ਇਸ ਮਕਸਦ ਲਈ ਆਰ. ਐੱਸ. ਐੱਸ. ਦੀ ਸਲਾਹ ਭਾਜਪਾ ਦੀ ਖੇਡ ਲਈ ਸਹਾਈ ਹੋਣ ਜਾ ਰਹੀ ਹੈ, ਜਿਸਦੇ ਕਈ ਕਾਂਗਰਸੀ ਨੇਤਾਵਾਂ ਨਾਲ ਨੇੜਲੇ ਸਬੰਧ ਦੱਸੇ ਜਾਂਦੇ ਹਨ।

ਕੋਰ ਕਮੇਟੀ ਦੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਗਰ ਕੌਂਸਲ ਚੋਣਾਂ ਨੂੰ ‘ਢੁੱਕਵਾਂ ਮੌਕਾ’ ਬਣਾਏ ਜਾਣ ’ਤੇ ਸਹਿਮਤ

Katheria

ਪੰਜਾਬ ਭਾਜਪਾ ਦੇ ਇੰਚਾਰਜ ਰਾਮ ਸ਼ੰਕਰ ਕਥੇਰੀਆ ਦੀ ਅਗਵਾਈ ਵਿੱਚ ਭਾਜਪਾ ਦੀ ਕੋਰ ਕਮੇਟੀ ਮੀਟਿੰਗ ਵਿੱਚ ਸੂਬੇ ਵਿੱਚ ਪੰਜਾਬ ਭਾਜਪਾ ਨੂੰ ਮਜ਼ਬੂਤ ਕਰਨ ਤੇ 2017 ਦੀਆਂ ਚੋਣਾਂ ਆਪਣੇ ਬਲਬੂਤੇ ਲੜਨ ਲਈ ਵਿਚਾਰਾਂ ਹੋਈਆਂ ਹਨ। ਫ਼ਿਲਹਾਲ ਭਾਜਪਾ ਅਗਲੇ ਮਹੀਨੇ ਹੋ ਰਹੀਆਂ 120 ਨਗਰ ਕੌਂਸਲਾਂ ਦੀਆਂ ਚੋਣਾਂ ਨੂੰ ਆਪਣੀ ਤਾਕਤ ਦਾ ਵਿਖਾਵਾ ਕਰਨ ਲਈ ਢੁਕਵੇਂ ਮੌਕੇ ਵਜੋਂ ਵਰਤਣ ਜਾ ਰਹੀ ਹੈ। ਭਾਜਪਾ ਆਗੂ ਦਿਹਾਤੀ ਖੇਤਰਾਂ ਵਿੱਚ ਦਾ ਆਧਾਰ ਵਧਾਉਣ ਸਬੰਧੀ ਵੀ ਸਹਿਮਤ ਹਨ, ਜਿੱਥੇ ਵੋਟਰ ਰਵਾਇਤੀ ਤੌਰ ’ਤੇ ਅਕਾਲੀ ਦਲ ਨਾਲ ਜੁੜੇ ਹੋਏ ਹਨ। ਕੋਰ ਕਮੇਟੀ ਦੇ ਬਹੁਤੇ ਮੈਂਬਰਾਂ ਨੇ ਗੱਠਜੋੜ ਸਰਕਾਰ ਦੀ ਕਾਰਗੁਜ਼ਾਰੀ ਉੱਤੇ ਗੈਰ-ਤਸੱਲੀ ਦਾ ਪ੍ਰਗਟਾਵਾ ਕੀਤਾ ਅਤੇ ਅੱਠ ਸਾਲਾਂ ਦੌਰਾਨ ਸੂਬੇ ਵਿੱਚ ਭਾਜਪਾ ਨੂੰ ਖੁੱਡੇ ਲਾਈਨ ਲਾਉਣ ਵਿਰੁੱਧ ਅਕਾਲੀ ਦਲ ਦੀ ਆਲੋਚਨਾ ਕੀਤੀ ਹੈ।

ਮੀਟਿੰਗ ਦੌਰਾਨ ਇਕ ਸੁਝਾਅ ਸਰਕਾਰ ਤੋਂ ਹਮਾਇਤ ਵਾਪਸ ਲੈ ਕੇ ਮੋਦੀ ਲਹਿਰ ਦਾ ਪੰਜਾਬ ਵਿੱਚ ਲਾਹਾ ਲੈਣ ਦਾ ਵੀ ਆਇਆ ਹੈ, ਪਰ ਇਸਨੂੰ ਬਹੁਤੀ ਤਵੱਜੋ ਨਹੀਂ ਦਿੱਤੀ ਗਈ। ਕਥੇਰੀਆ ਨੇ ਪਾਰਟੀ ਦੇ ਮੰਤਰੀਆਂ, ਵਿਧਾਇਕਾਂ ਤੇ ਆਗੂਆਂ ਨੂੰ ਲੋਕਾਂ ਨਾਲ ਵਧੇਰੇ ਰਾਬਤਾ ਕਾਇਮ ਕਰਨ ਅਤੇ ਮੈਂਬਰਸ਼ਿਪ ਵਧਾਉਣ ਉੱਤੇ ਜ਼ੋਰ ਦਿੱਤਾ ਤੇ ਨਗਰ ਕੌਂਸਲ ਚੋਣਾਂ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਲਈ ਉਤਸ਼ਾਹਤ ਕੀਤਾ, ਤਾਂ ਜੋ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਗੱਠਜੋੜ ਰਹਿਣ ਦੀ ਸਥਿਤੀ ਵਿੱਚ ਭਾਈਵਾਲ ਪਾਰਟੀ ਨੂੰ ਵਧੇਰੇ ਸੀਟਾਂ ਦੇਣ ਲਈ ਮਜਬੂਰ ਕੀਤਾ ਜਾ ਸਕੇ। ਭਾਜਪਾ ਦੇ ਸੂਤਰ ਦੱਸਦੇ ਹਨ ਕਿ ਇਹ ਸੁਝਾਅ ਅਗਾਮੀ ਚੋਣਾਂ ਦੀ ਕਾਰਗੁਜ਼ਾਰੀ ਦੇ ਮੱਦੇਨਜ਼ਰ ਹੀ ਅਮਲਯੋਗ ਹੋ ਸਕਦਾ ਹੈ। ਭਾਜਪਾ ਪੰਜਾਬ ਕਾਂਗਰਸ ਦਾ ਆਧਾਰ ਖੋਹ ਕੇ ਅਕਾਲੀ ਦਲ ਦਾ ਮੁਕਾਬਲਾ ਕਰਨ ਦੇ ਰੌਂਅ ਵਿੱਚ ਹੈ।
ਮੀਟਿੰਗ ਵਿੱਚ ਕਮਲਾ ਸ਼ਰਮਾ, ਮਦਨ ਮੋਹਨ ਮਿੱਤਲ, ਚੂੰਨੀ ਲਾਲ ਭਗਤ, ਅਸ਼ਵਨੀ ਕੁਮਾਰ ਸ਼ਰਮਾ, ਜਗਤਾਰ ਸੈਣੀ, ਰਾਕੇਸ਼ ਰਾਠੌੜ, ਤਰੁਨ ਚੁੱਘ, ਅਜੇ ਜੰਮਵਾਲ, ਬ੍ਰਿਜ ਲਾਲ ਰਿਣਵਾ ਤੇ ਤੀਕਸ਼ਨ ਸੂਦ ਹਾਜ਼ਰ ਸਨ।

ਪੰਜਾਬ ਦਾ ਡਰੱਗ ਰੈਕੇਟ ਕੇਂਦਰੀ ਏਜੰਸੀਆਂ ਦੇ ਅਧੀਨ ਕਰਨ ਦੇ ਯਤਨ ਤੇਜ਼

ਪੰਜਾਬ ‘ਚ ਸ਼੍ਰੋਮਣੀ ਅਕਾਲੀ ਦਲ-ਭਾਜਪਾ ਖੜਕਣ ਦਾ ਇੱਕ ਸੰਕੇਤ ਡਰੱਗ ਰੈਕੇਟ ਪ੍ਰਤੀ ਵੱਖਰਾ ਰੁਖ਼ ਹੈ। ਕਦੇ ਮੁੱਖ ਮੰਤਰੀ ਬਦਲ ਦੇ ਕਰੀਬੀ ਮੰਨੇ ਜਾਂਦੇ ਪੰਜਾਬ ਭਾਜਪਾ ਪ੍ਰਧਾਨ ਕਮਲ ਸ਼ਰਮਾ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਚਾਹੁੰਦੀ ਹੈ ਕਿ ਡਰੱਗ ਨੂੰ ਪੰਜਾਬ ‘ਚ ਜੜ੍ਹ ਤੋਂ ਖਤਮ ਕਰਨ ਲਈ ਕੇਂਦਰੀ ਏਜੰਸੀਆਂ ਦਾ ਸਹਾਰਾ ਲਿਆ ਜਾਵੇ। ਉਨ੍ਹਾਂ ਕਿਹਾ ਕਿ ਜਲਦ ਹੀ ਉਹ ਭਾਜਪਾ ਦਾ ਵਫਦ ਮੰਡਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ  ਨੂੰ ਮਿਲੇਗਾ, ਜਿਸ ‘ਚ ਉਨ੍ਹਾਂ ਤੋਂ ਮੰਗ ਕੀਤੀ ਜਾਵੇਗੀ ਕਿ ਕੇਂਦਰੀ ਏਜੰਸੀਆਂ ਨੂੰ ਪੰਜਾਬ ਦੀਆਂ ਸੁਰੱਖਿਆ ਏਜੰਸੀਆਂ ਨਾਲ ਜੋੜਿਆ ਜਾਵੇ। ਉਨ੍ਹਾਂ ਸੰਕੇਤ ਦਿੱਤੇ ਕਿ ਭਾਜਪਾ ਚਾਹੁੰਦੀ ਹੈ ਕਿ ਡਰੱਗ ਮਾਫੀਆ ਤੇ ਸਿਆਸਤਦਾਨਾਂ ਦਾ ਆਪਸੀ ਮੇਲਜੋਲ ਖਤਮ ਹੋਣਾ ਚਾਹੀਦਾ ਹੈ।

ਕਮਲ ਸ਼ਰਮਾ ਨੇ ਕਿਹਾ ਕਿ ਪੰਜਾਬ ਦੀ ਇਸ ਸਮੇਂ ਸਭ ਤੋਂ ਗੰਭੀਰ ਸਮੱਸਿਆ ਡਰੱਗ ਹੈ। ਡਰੱਗ ਨੂੰ ਖਤਮ ਕਰਨ ਲਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸਿਆਸੀ ਇੱਛਾ ਸ਼ਕਤੀ ਦਿਖਾਉਣੀ ਚਾਹੀਦੀ ਹੈ। ਕਮਲ ਸ਼ਰਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ੇਸ਼ ਰੂਪ ਵਿਚ ਦੇਸ਼ ਭਰ ‘ਚ ਨਸ਼ਿਆਂ ਨੂੰ ਖਤਮ ਕਰਨ ‘ਤੇ ਜ਼ੋਰ ਦਿੱਤਾ ਹੈ। ਇਸੇ ਸੰਦਰਭ ‘ਚ ਸੂਬਾ ਇਕਾਈ ਨਸ਼ਿਆਂ  ਨੂੰ ਲੈ ਕੇ ਗੰਭੀਰ ਹੈ ਅਤੇ ਚਾਹੁੰਦੀ ਹੈ ਕਿ ਪੰਜਾਬ ਸਰਕਾਰ ਨਸ਼ਿਆਂ ਖਿਲਾਫ ਜੰਗ ਲੜੀ ਜਾਵੇ।

ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਹੀ ਪੰਜਾਬ ਸਰਕਾਰ ਵਲੋਂ ਦਾਅਵਾ ਕੀਤਾ ਗਿਆ ਸੀ ਕਿ ਸੂਬੇ ‘ਚ ਨਸ਼ਿਆਂ ‘ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ ਹੈ, ਪਰ ਪ੍ਰਦੇਸ਼ ਭਾਜਪਾ ਇਕਾਈ ਨੇ ਇਸ ਮੁੱਦੇ ‘ਤੇ ਯੂ-ਟਰਨ ਲੈਂਦੇ ਹੋਏ ਕਹਿ ਦਿੱਤਾ ਹੈ ਕਿ ਨਸ਼ਿਆਂ ‘ਤੇ ਰੋਕ ਲਗਾਉਣ ਲਈ ਹੁਣ ਕਾਫੀ ਕੁਝ ਕੀਤਾ ਜਾਣਾ ਚਾਹੀਦਾ ਹੈ। ਕਮਲ ਸ਼ਰਮਾ ਨੇ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਡਰੱਗ ਰੈਕਟ ਨੂੰ ਜਾਂਚ ਲਈ ਸੀ. ਬੀ. ਆਈ. ਦੇ ਹਵਾਲੇ ਕੀਤਾ ਜਾਵੇ, ਕਿਉਂਕਿ ਅਜਿਹਾ ਕਰਨ ਨਾਲ ਚੱਲ ਰਹੀ ਜਾਂਚ ‘ਚ ਰੁਕਾਵਟ ਪੈ ਸਕਦੀ ਹੈ ਕਿਉਂਕਿ ਈ. ਡੀ. ਪਹਿਲਾਂ ਹੀ ਇਸ ਮਾਮਲੇ ‘ਚ ਜਾਂਚ ਕਰ ਰਹੀ ਹੈ। ਇਹ ਦਿਲਚਸਪ ਗੱਲ ਹੈ ਕਿ ਕਾਂਗਰਸ ਅੰਦਰ ਕੈਪਟਨ-ਭਾਜਵਾ ਦੇ ਆਪਸੀ ਝਗੜੇ ਦੌਰਾਨ ਕੈਪਟਨ ਨੇ ਸੀ ਬੀ ਆਈ ਜਾਂਚ ਦਾ ਵਿਰੋਧ ਕੀਤਾ ਸੀ ਅਤੇ ਬਾਜਵਾ ਦੀ ਅਜਿਹੀ ਮੰਗ ਦੀ ਫੂਕ ਕੱਢ ਕੇ ਹੀ ਦਮ ਲਿਆ ਸੀ।