ਐਨ ਐਨ ਬੀ
ਚੰਡੀਗੜ੍ਹ – ਅਕਾਲੀ-ਭਾਜਪਾ ਗਠਜੋੜ ਤਿੜਕਣ ਦੇ ਚਰਚੇ ਦੌਰਾਨ ਪੰਜਾਬ ਵਿੱਚ ਨਵੇਂ ਅਕਾਲੀ ਦਲ ਦੇ ਗਠਨ ਲਈ ਸਰਗਰਮੀਆਂ ਵੀ ਤੇਜ਼ ਹੋ ਗਈਆਂ ਹਨ। ਇਸ ਸਿਲਸਿਲੇ ਮੀਟਿੰਗਾਂ ਦੇ ਸਿਲਸਿਲਾ ਦੇ ਕੇਂਦਰ ਇਤਿਹਾਸਕਾਰ ਵਜੋਂ ਜਾਣੇ ਜਾਂਦੇ ਸਿੱਖ ਨੇਤਾ ਦੀ ਸਰਗਰਮੀ ਖਾਸ ਧਿਆਨ ਖਿੱਚ ਰਹੀ ਹੈ, ਹਾਲਾਂਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੁੰ ਸਿਆਸੀ ਚੁਣੌਤੀ ਦੇਣ ਲਈ ਬਹੁਤ ਸਰਗਰਮ, ਗੰਭੀਰ ਤੇ ਸਿੱਖ ਸਮਾਜ ਅੰਦਰ ਦਖ਼ਲਅੰਦਾਜ਼ੀ ਪੱਖੋਂ ਖ਼ਾਸ ਚਿਹਰੇ ਲੱਭੇ ਜਾਣ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਭਰੋਸੇਯੋਗ ਸੂਤਰਾਂ ਅਨੁਸਾਰ ਨਵੇਂ ਬਣਨ ਵਾਲੇ ਦਲ ਦੇ ਗਠਨ ਲਈ ਸੰਤ ਬਲਜੀਤ ਸਿੰਘ ਦਾਦੂਵਾਲ, ਯੂਨਾਈਟਿਡ ਸਿੱਖ ਮੂਵਮੈਂਟ ਦੇ ਭਾਈ ਮੋਹਕਮ ਸਿੰਘ ਅਤੇ ਗੁਰਦਰਸ਼ਨ ਸਿੰਘ ਢਿੱਲੋਂ ਮੋਹਰੀ ਭੂਮਿਕਾ ਨਿਭਾ ਰਹੇ ਹਨ ਅਤੇ ਦਲ ਖ਼ਾਲਸਾ ਨਾਲ ਵੀ ਰਾਬਤਾ ਕਾਇਮ ਕੀਤਾ ਜਾ ਚੁੱਕਾ ਹੈ, ਜਦਕਿ ਪੰਚ ਪ੍ਰਧਾਨੀ ਦੇ ਆਗੂ ਦੀ ਵੀ ਰਜ਼ਾਮੰਦੀ ਲੈ ਲਈ ਗਈ ਹੈ। ਦਲ ਖ਼ਾਲਸਾ ਨੇ ਸਿਆਸੀ ਤੌਰ ’ਤੇ ਨਾਲ ਤੁਰਨ ਦੀ ਥਾਂ ਧਾਰਮਿਕ ਸਰਗਰਮੀਆਂ ਲਈ ਹਾਮੀ ਭਰ ਦਿੱਤੀ ਹੈ।ਨਵੇਂ ਅਕਾਲੀ ਦਲ ਦੇ ਗਠਨ ਲਈ ਸਰਗਰਮ ਇੱਕ ਨੇਤਾ ਵੱਲੋਂ ਪਿਛਲੇ ਹਫ਼ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਇੱਕ ਸੀਨੀਅਰ ਨੇਤਾ ਨਾਲ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਸੀ ਪਰ ਇੱਕ ਝੰਡੇ ਥੱਲੇ ਇਕੱਠੇ ਹੋਣ ਲਈ ਸਹਿਮਤੀ ਨਹੀਂ ਬਣ ਸਕੀ ਸੀ।
ਸੂਤਰ ਦੱਸਦੇ ਹਨ ਕਿ ਨਵੇਂ ਅਕਾਲੀ ਦਲ ਦੇ ਗਠਨ ਲਈ ਸਰਗਰਮੀਆਂ ਸ਼ੁਰੂ ਹੋਣ ਤੋਂ ਪਹਿਲਾਂ ਸੰਤ ਦਾਦੂਵਾਲ ਦਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲ ਝੁਕਾ ਵਧ ਗਿਆ ਸੀ। ਸੰਤ ਦਾਦੂਵਾਲ ਅਤੇ ਦਲ ਦੇ ਸਕੱਤਰ ਜਨਰਲ ਜਸਵੰਤ ਸਿੰਘ ਮਾਨ ਦੇ ਘਰ ਇੱਕ ਮੀਟਿੰਗ ਵੀ ਹੋਈ ਸੀ। ਦੋਹਾਂ ਧਿਰਾਂ ਨੂੰ ਨੇੜੇ ਲਿਆਉਣ ਲਈ ਇੱਕ ਸਿੱਖ ਵਕੀਲ ਵੱਲੋਂ ਭੂਮਿਕਾ ਨਿਭਾਈ ਗਈ ਸੀ। ਇਹ ਮੀਟਿੰਗ ਵੀ ਬੇਸਿੱਟਾ ਹੀ ਰਹਿ ਗਈ ਸੀ। ਇੱਕ ਹੋਰ ਜਾਣਕਾਰੀ ਅਨੁਸਾਰ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿਚਾਲੇ ਆਪਸੀ ਕੁੜੱਤਣ ਵਧਣ ਤੋਂ ਬਾਅਦ ਕਈ ਸਿੱਖ ਸੰਗਠਨ ਨਵੇਂ ਦਲ ਦੇ ਗਠਨ ਲਈ ਸਰਗਰਮ ਹੋਣ ਲੱਗ ਪਏ ਸਨ। ਸਮਝਿਆ ਜਾ ਰਿਹਾ ਹੈ ਕਿ ਭਾਜਪਾ ਵੀ ਬਾਦਲ ਦਲ ਨਾਲ ਦੂਰੀ ਹੋਰ ਵਧਣ ਦੀ ਸੂਰਤ ਵਿੱਚ ਨਵੇਂ ਅਕਾਲੀ ਦਲ ਨਾਲ ਸਾਂਝਭਿਆਲੀ ਵਧਾ ਸਕਦੀ ਹੈ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਕੱਤਰ ਜਨਰਲ ਜਸਵੰਤ ਸਿੰਘ ਮਾਨ ਨੇ ਦੱਸਿਆ ਕਿ ਨਵੇਂ ਅਕਾਲੀ ਦਲ ਦੇ ਗਠਨ ਨੂੰ ਲੈ ਕੇ ਸੰਤ ਬਲਜੀਤ ਸਿੰਘ ਦਾਦੂਵਾਲ ਅਤੇ ਗੁਰਦਰਸ਼ਨ ਸਿੰਘ ਢਿੱਲੋਂ ਵੱਲੋਂ ਵੱਖ ਵੱਖ ਤੌਰ ’ਤੇ ਸੰਪਰਕ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦੋਹਾਂ ਧਿਰਾਂ ਦੀ ‘ਦਾਲ ਗਲਣੀ ਔਖੀ’ ਲੱਗਦੀ ਹੈ। ਯੂਨਾਈਟਿਡ ਸਿੱਖ ਮੂਵਮੈਂਟ ਦੇ ਮੁਖੀ ਭਾਈ ਮੋਹਕਮ ਸਿੰਘ ਨੇ ਕਿਹਾ ਕਿ ਅੱਜ ਦੀ ਮੀਟਿੰਗ ਵਿੱਚ ਕਈ ਗੰਭੀਰ ਵਿਚਾਰਾਂ ਹੋਈਆਂ ਹਨ ਪਰ ਉਨ੍ਹਾਂ ਦਾ ਸਾਰਾ ਜ਼ੋਰ ਮੂਵਮੈਂਟ ਦਾ ਜਥੇਬੰਦਕ ਢਾਂਚਾ ਬਣਾਉਣ ’ਤੇ ਲੱਗਿਆ ਹੋਇਆ ਹੈ।