ਭਾਜਪਾ ਨੂੰ ਐਨ ਸੀ ਪੀ ਪੇਸ਼ਕਸ਼ ਸਦਕਾ ਕਮਜ਼ੋਰ ਪਈ ਸ਼ਿਵ ਸੈਨਾ ਦਬਾਅ ਦੀ ਸਥਿਤੀ ਵਿੱਚ ਆਈ

0
1185

ਬਹੁਗਿਣਤੀ ਤੋਂ ਬਗ਼ੈਰ ਹੀ ਸਰਕਾਰ ਬਣਾਉਣ ਦੇ ਦਾਅਵੇ ਦਾ ਪੱਤਾ ਸੁੱਟ ਸਕਦੀ ਹੈ ਭਾਜਪਾ

BJP

ਐਨ ਐਨ ਬੀ

ਨਵੀਂ ਦਿੱਲੀ – ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿੱਚ ਟੁੱਟਵੇਂ ਲੋਕਮਤ ਤੋਂ ਇਕ ਦਿਨ ਬਾਅਦ ਸਰਕਾਰ ਦੀ ਕਾਇਮੀ ਲਈ ਸੰਭਾਵਨਾਵਾਂ ਤਲਾਸ਼ਣ ਵਾਸਤੇ ਮੋਹਰੀ ਸਿਆਸੀ ਪਾਰਟੀਆਂ ਗੁਪਤ ਮੀਟਿੰਗਾਂ ਵਿੱਚ ਰੁੱਝੀਆਂ ਰਹੀਆਂ ਪਰ ਭਾਜਪਾ ਦੇ ਐਨ ਸੀ ਪੀ ਨਾਲ ਜਾਣ ਜਾਂ ਪੁਰਾਣੇ ਭਾਈਵਾਲ ਸ਼ਿਵ ਸੈਨਾ ਦਾ ਹੀ ਪੱਲਾ ਫੜਨ ਬਾਰੇ ਕੋਈ ਐਲਾਨ ਨਾ ਹੋਣ ਕਾਰਨ ਧੁੰਦਲਕਾ ਬਰਕਰਾਰ ਹੈ। ਇਸ ਦੌਰਾਨ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਅੱਜ ਮਹਾਰਾਸ਼ਟਰ ਤੇ ਹਰਿਆਣਾ ਵਿੱਚ ਸਰਕਾਰ ਦੀ ਕਾਇਮੀ ਲਈ ਪਾਰਟੀ ਦੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਅਗਲੀ ਰਣਨੀਤੀ ਬਾਰੇ ਗੱਲਬਾਤ ਕੀਤੀ, ਜਦਕਿ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਮਹਾਰਾਸ਼ਟਰ ਵਿੱਚ ਭਾਜਪਾ ਆਗੂਆਂ ਨਾਲ ਹੋਣ ਵਾਲੀ ਅਹਿਮ ਮੀਟਿੰਗ ਕਿਸੇ ਰੁਝੇਵੇਂ ਕਾਰਨ  ਮੁਲਤਵੀ ਕਰ ਦਿੱਤੀ। ਐਨ ਸੀ ਪੀ ਦੀ ਪੇਸ਼ਕਸ਼ ਨੇ ਸ਼ਿਵ ਸੈਨਾ ਦੀ ਸੌਦੇਬਾਜ਼ੀ ਦੀ ਸ਼ਕਤੀ ਕਮਜ਼ੋਰ ਕਰ ਦਿੱਤੀ ਹੈ।
ਚੋਣਾਂ ਵਿੱਚ ਜਿੱਤ ਲਈ ਊਧਵ ਠਾਕਰੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਨੂੰ ਕੱਲ੍ਹ ਫੋਨ ਉੱਤੇ ਵਧਾਈ ਦੇਣ ਦੇ ਬਾਵਜੂਦ ਪੁਰਾਣੇ ਭਾਈਵਾਲਾਂ ਭਾਜਪਾ ਤੇ ਸ਼ਿਵ ਸੈਨਾ ਵਿੱਚ ਦੂਰੀਆਂ ਬਰਕਰਾਰ ਹਨ, ਜਦੋਂਕਿ ਪਹਿਲਾਂ ਮੰਨਿਆ ਜਾ ਰਿਹਾ ਸੀ ਕਿ ਐਨਸੀਪੀ ਦੀ ਬਾਹਰੀ ਹਮਾਇਤ ਦੀ ਲੋੜ ਨਾ ਪੈਣ ਦੇਣ ਲਈ ਦੋਵੇਂ ਪਾਰਟੀਆਂ ਇਕੱਠੀਆਂ ਹੋਣਗੀਆਂ। ਸ਼ਿਵ ਸੈਨਾ ਦੇ ਨਵੇਂ ਚੁਣੇ ਵਿਧਾਇਕਾਂ ਨੇ ਅੱਜ ਮੀਟਿੰਗ ਕਰਕੇ ਵਿਧਾਨ ਸਭਾ ਵਿੱਚ ਪਾਰਟੀ ਵਿਧਾਇਕ ਦਲ ਦਾ ਆਗੂ ਚੁਣਨ ਦਾ ਅਧਿਕਾਰ ਪਾਰਟੀ ਪ੍ਰਧਾਨ ਊਧਵ ਠਾਕਰੇ ਨੂੰ ਦੇ ਦਿੱਤਾ ਪਰ ਇਸ ਮੀਟਿੰਗ ਵਿੱਚ ਭਾਜਪਾ ਨਾਲ 25 ਸਾਲ ਪੁਰਾਣਾ ਗੱਠਜੋੜ ਸੁਰਜੀਤ ਕਰਨ ਦੇ ਮੁੱਦੇ ਉੱਤੇ ਕੋਈ ਵਿਚਾਰ ਨਹੀਂ ਹੋਇਆ।
ਮੀਟਿੰਗ ਤੋਂ ਬਾਅਦ ਪਾਰਟੀ ਦੇ ਸੰਸਦ ਮੈਂਬਰ ਸੰਜੈ ਰਾਉਤ ਨੇ   ਕਿਹਾ ਕਿ ਨਵੇਂ ਚੁਣੇ ਵਿਧਾਇਕਾਂ ਨੇ ਅੱਜ ਊਧਵ ਠਾਕਰੇ ਨਾਲ ਮੁਲਾਕਾਤ ਕੀਤੀ ਅਤੇ ਸਰਬਸੰਮਤੀ ਨਾਲ ਪਾਰਟੀ ਵਿਧਾਇਕ ਦਲ ਦਾ ਆਗੂ ਚੁਣਨ ਦਾ ਅਧਿਕਾਰ ਉਨ੍ਹਾਂ ਨੂੰ ਦੇ ਦਿੱਤਾ। ਅੱਜ ਦੀ ਮੀਟਿੰਗ ਭਾਜਪਾ ਬਾਰੇ ਨਹੀਂ ਸੀ। ਇਸ ਬਾਰੇ ਅੰਤਿਮ ਫੈਸਲਾ ਪਾਰਟੀ ਪ੍ਰਧਾਨ ਹੀ ਕਰਨਗੇ। ਪਾਰਟੀ ਦੇ ਇਕ ਹੋਰ ਸੰਸਦ ਮੈਂਬਰ ਅਨਿਲ ਦੇਸਾਈ ਨੇ ਕਿਹਾ ਕਿ ਪੁਨਰ ਮੇਲ ਲਈ ਭਾਜਪਾ ਨੂੰ ਕੋਈ ‘ਸੈਨਤ’ ਨਹੀਂ ਮਾਰੀ ਗਈ, ਸਗੋਂ ਇਹ ਮੀਟਿੰਗ ਊਧਵ ਠਾਕਰੇ ਨੂੰ ਵਿਧਾਇਕ ਦਲ ਦਾ ਮੁਖੀ ਚੁਣਨ ਦਾ ਅਧਿਕਾਰ ਦੇਣ ਤੱਕ ਹੀ ਸੀਮਿਤ ਸੀ। ਇਸ ਦੌਰਾਨ ਭਾਜਪਾ ਦੇ ਵਿਧਾਨ ਸਭਾ ਚੋਣਾਂ ਬਾਰੇ ਇੰਚਾਰਜ ਓਮ ਮਾਥੁਰ ਨੇ ਕਿਹਾ ਕਿ ਸਰਕਾਰ ਬਣਾਉਣ ਲਈ ਪਾਰਟੀ ਨੇ ਸਾਰੇ ਦਰਵਾਜ਼ੇ ਖੁੱਲ੍ਹੇ ਰੱਖੇ ਹਨ ਪਰ ਇਸ ਬਾਰੇ  ਸ਼ਿਵ ਸੈਨਾ ਪਾਸੋਂ ਕੋਈ ਤਜਵੀਜ਼ ਨਹੀਂ ਆਈ। ਪਾਰਟੀ ਪ੍ਰਧਾਨ ਅਮਿਤ ਸ਼ਾਹ ਨੇ ਸਰਕਾਰ ਦੇ ਗਠਨ ਬਾਰੇ ਨਿਤਿਨ ਗਡਕਰੀ ਨਾਲ ਉਨ੍ਹਾਂ ਦੇ ਘਰ 45 ਮਿੰਟ ਲੰਮੀ ਮੁਲਾਕਾਤ ਕੀਤੀ। ਪਾਰਟੀ ਸ਼ਿਵ ਸੈਨਾ ਨਾਲ ਹੀ ਗੱਠਜੋੜ ਦੇ ਰੌਂਅ ਵਿੱਚ ਹੈ।
ਮਹਾਰਾਸ਼ਟਰ ’ਚ ਸਰਕਾਰ ਬਣਾਏ ਜਾਣ ਲਈ ਗੱਠਜੋੜ ਸਬੰਧੀ ‘ਰਹੱਸ’ ਹਾਲੇ ਕਾਇਮ ਹੈ ਤੇ ਭਾਜਪਾ ਦਾ ਕਹਿਣਾ ਹੈ ਕਿ ਇਹ ਸਭ ਤੋਂ ਵੱਡੀ ਜੇਤੂ ਪਾਰਟੀ ਹੋਣ ਦੇ ਨਾਤੇ, ਪਹਿਲਾਂ ਜੋੜ-ਤੋੜ ਕਰਨ ਤੋਂ ਪਹਿਲਾਂ ਹੀ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰੇਗੀ। ਭਾਜਪਾ ਦੇ ਜਨਰਲ ਸਕੱਤਰ ਤੇ ਰਾਜ ਦੇ ਮਾਮਲਿਆਂ ਦੇ ਇੰਚਾਰਜ ਰਾਜੀਵ ਪ੍ਰਤਾਪ ਰੂਡੀ ਨੇ ਕਿਹਾ ਕਿ ਰਾਜਪਾਲ ਕੋਲ ਜਾ ਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨ ਤੋਂ ਪਹਿਲਾਂ ਪੂਰੀ ਬਹੁ-ਗਿਣਤੀ ਬਣਾਉਣੀ ਲਾਜ਼ਮੀ ਨਹੀਂ ਹੈ।

LEAVE A REPLY

Please enter your comment!
Please enter your name here

20 − 12 =