ਮੁੱਖ ਮੰਤਰੀਆਂ ਬਾਰੇ ਹਾਲੇ ਫ਼ੈਸਲਾ ਨਹੀਂ : ਰਾਜਨਾਥ ਸਿੰਘ
ਸ਼ਬਦੀਸ਼
ਚੰਡੀਗੜ੍ਹ – ਭਾਰਤੀ ਜਨਤਾ ਪਾਰਟੀ ਨੇ ਹਰਿਆਣਾ ਨੇ ਲੋਕ ਸਭਾ ਚੋਣਾਂ ਦੇ ਹੁੰਗਾਰੇ ਸਦਕਾ ਹਰਿਆਣਾ ਵਿੱਚ ਪੂਰਨ ਬਹੁਮਤ ਦਾ ਨਾਅਰਾ ਦਿੱਤਾ ਸੀ ਅਤੇ ਉਹ ਮੋਦੀ ਲਹਿਰ ਦੇ ਸਹਾਰੇ 47 ਸੀਟਾਂ ਜਿੱਤ ਕੇ ਸਫ਼ਲ ਰਹੀ ਹੈ, ਪਰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀ ਭੈਣ ਲਹਿਰ ਦੇ ਬਾਵਜੂਦ ਹਾਰ ਗਈ ਹੈ। ਮਹਾਰਾਸ਼ਟਰ ਵਿੱਚ ਭਾਜਪਾ ਤੇ ਸ਼ਿਵ ਸੈਨਾ, ਦੋਵਾਂ ਦੀਆਂ ਸੀਟਾਂ ਵਧ ਗਈਆਂ ਹਨ, ਤਾਂ ਵੀ ਨਰਿੰਦਰ ਮੋਦੀ ਗਠਜੋੜ ਸਿਆਸਤ ਤੋਂ ਮੁਕਤ ਰਾਜ ਦਾ ਸੁਪਨਾ ਪੂਰਾ ਨਹੀਂ ਕਰ ਸਕੇ। ਭਾਜਪਾ ਸਭ ਤੋਂ ਵੱਡੀ ਪਾਰਟੀ ਬਣ ਗਈ ਹੈ, ਪਰ ਲਗਦਾ ਹੈ, ਉਸਨੂੰ ਸ਼ਿਵ ਸੈਨਾ ਦਾ ਸਹਾਰਾ ਲੈਣਾ ਪਵੇਗਾ, ਜਿਵੇਂ ਸੀਨੀਅਰ ਭਾਜਪਾ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੇ ਪਾਰਟੀ ਨੂੰ ਸਲਾਹ ਦਿੱਤੀ ਹੈ।
ਚੋਣ ਨਤੀਜੇ ਇਤਿਹਾਸਕ : ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰਿਆਣਾ ਤੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੀ ਜਿੱਤ ਨੂੰ ਇਤਿਹਾਸਕ ਦੱਸਿਆ ਹੈ। ਚੋਣਾਂ ਵਿੱਚ ਹਮਲਾਵਰ ਰੁਖ ਨਾਲ ਪ੍ਰਚਾਰ ਕਰਨ ਵਾਲੇ ਮੋਦੀ ਨੇ ਪਾਰਟੀ ਕਾਡਰ ਦੀਆਂ ਅਣਥੱਕ ਕੋਸ਼ਿਸ਼ਾਂ ਨੂੰ ਸਲਾਮ ਕਰਦਿਆਂ ਦੋਵਾਂ ਰਾਜਾਂ ਨੇ ਲੋਕਾਂ ਦਾ ਸਮਰਥਨ ਲਈ ਧੰਨਵਾਦ ਕੀਤਾ। ਉਨ੍ਹਾਂ ਟਵੀਟ ਕੀਤਾ ਕਿ ਇਹ ਇਤਿਹਾਸਕ ਨਤੀਜੇ ਭਾਜਪਾ ਲਈ ਬੇਹੱਦ ਖੁਸ਼ੀ ਤੇ ਮਾਣ ਵਾਲੀ ਗੱਲ ਹੈ। ਉਹ ਇਸ ਲਈ ਪਾਰਟੀ ਵਰਕਰਾਂ ਦੀਆਂ ਅਣਥੱਕ ਕੋਸ਼ਿਸ਼ਾਂ ਨੂੰ ਸਲਾਮ ਕਰਦੇ ਹਨ।
ਮੁੱਖ ਮੰਤਰੀਆਂ ਬਾਰੇ ਹਾਲੇ ਫ਼ੈਸਲਾ ਨਹੀਂ : ਰਾਜਨਾਥ ਸਿੰਘ
ਨਵੀਂ ਦਿੱਲੀ – ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਪਾਰਟੀ ਨੇ ਹਾਲੇ ਮਹਾਰਾਸ਼ਟਰ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਬਾਰੇ ਫੈਸਲਾ ਨਹੀਂ ਕੀਤਾ ਹੈ। ਭਾਜਪਾ ਦੇ ਸੰਸਦੀ ਬੋਰਡ ਦੀ ਇਥੇ ਹੋਈ ਮੀਟਿੰਗ ਮਗਰੋਂ ਉਨ੍ਹਾਂ ਕਿਹਾ ਕਿ ਪਾਰਟੀ ਨੇ ਹਾਲੇ ਤੱਕ ਮੁੱਖ ਮੰਤਰੀਆਂ ਬਾਰੇ ਫੈਸਲਾ ਨਹੀਂ ਕੀਤਾ ਹੈ। ਪਾਰਟੀ ਨੇ ਦੋਵਾਂ ਰਾਜਾਂ ਵਿੱਚ ਦੋ-ਦੋ ਅਬਜ਼ਰਵਰ ਭੇਜਣ ਦਾ ਫੈਸਲਾ ਕੀਤਾ ਹੈ। ਇਸ ਤਹਿਤ ਰਾਜਨਾਥ ਸਿੰਘ ਤੇ ਜੇ.ਪੀ. ਨੱਢਾ ਨੂੰ ਅਬਜ਼ਰਵਰ ਵਜੋਂ ਮਹਾਰਾਸ਼ਟਰ ਅਤੇ ਵੈਂਕੱਈਆ ਨਾਇਡੂ ਤੇ ਦਿਨੇਸ਼ ਸ਼ਰਮਾ ਨੂੰ ਹਰਿਆਣਾ ਭੇਜਿਆ ਜਾਵੇਗਾ।
ਹਰਿਆਣਾ ਦੀ 90 ਮੈਂਬਰੀ ਵਿਧਾਨ ਸਭਾ ਵਿੱਚ ਸੱਤਾ ਤੋਂ ਲਾਂਭੇ ਰਹਿ ਰਹੀ ਇਨੈਲੋ 19 ਸੀਟਾਂ ਦੇ ਮਾਮਲੇ ਵਿੱਚ ਦੂਜੀ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਹੈ, ਜਦਕਿ 10 ਸਾਲਾ ਤੋਂ ਸੱਤਾਧਾਰੀ ਕਾਂਗਰਸ ਨੂੰ 15 ਸੀਟਾਂ ਤੱਕ ਸਿਮਟ ਗਈ ਹੈ। ਇਥੇ ਬਸਪਾ ਨੂੰ ਇਕ, ਹਰਿਆਣਾ ਜਨਹਿੱਤ ਕਾਂਗਰਸ ਨੂੰ 2 ਤੇ ਸ਼੍ਰੋਮਣੀ ਅਕਾਲੀ ਦਲ ਨੂੰ ਇਕ ਸੀਟ ਮਿਲੀ ਹੈ, ਜਦਕਿ ਪੰਜ ਆਜ਼ਾਦ ਉਮੀਦਵਾਰ ਮੈਦਾਨ ਮਾਰ ਗਏ ਹਨ। ਭਾਜਪਾ ਦੇ ਇਕ ਸੀਨੀਅਰ ਆਗੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰਾਜ ਵਿੱਚ ਕੀਤੀਆਂ 11 ਰੈਲੀਆਂ ਨਾਲ ਪਾਰਟੀ ਨੂੰ ਬਹੁਮਤ ਹਾਸਲ ਕਰਨ ਵਿੱਚ ਮਦਦ ਮਿਲੀ। ਇਨੈਲੋ ਦਾ ਹੋਰ ਸੁੰਗੜ ਜਾਣਾ ਪਜਾਬ ਦੇ ਅਕਾਲੀ-ਭਾਜਪਾ ਗਠਜੋੜ ਲਈ ਸ਼ੁਭ ਸੰਕੇਤ ਨਹੀਂ ਹੈ, ਕਿਉਂਕਿ ਸੀਨੀਅਰ ਲੀਡਰਸ਼ਿੱਪ ਦੇ ਰੋਕੇ ਜਾਣ ਦੇ ਬਾਵਜੂਦ ਹੇਠਲੇ ਪੱਧਰ ’ਤੇ ਭਾਜਪਾ ਨੇਤਾਵਾਂ ਦੀ ਸੁਰ ਨਵਜੋਤ ਸਿੰਘ ਸਿੱਧੂ ਵਾਲੀ ਹੀ ਬਣਦੀ ਜਾ ਰਹੀ ਹੈ।
ਚੋਣਾਂ ਵਿੱਚ ਜਿੱਤੇ ਮੋਹਰੀ ਆਗੂਆਂ ਵਿੱਚ ਅਨਿਲ ਵਿੱਜ (ਅੰਬਾਲਾ ਛਾਉਣੀ), ਇਨੈਲੋ ਆਗੂ ਅਭੈ ਸਿੰਘ ਚੌਟਾਲਾ, ਨੈਨਾ ਚੌਟਾਲਾ ਅਤੇ ਹਰਿਆਣਾ ਦੇ ਮੰਤਰੀ ਤੇ ਕਾਂਗ਼ਰਸ ਦੇ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਸ਼ਾਮਲ ਹਨ। ਉੱਘੇ ਸਨਅਤਕਾਰ ਤੇ ਸਾਬਕਾ ਸੰਸਦ ਮੈਂਬਰ ਨਵੀਨ ਜਿੰਦਲ ਦੀ ਮਾਤਾ ਤੇ ਹਰਿਆਣਾ ਦੀ ਮੰਤਰੀ ਸਵਿੱਤਰੀ ਜਿੰਦਲ, ਭਾਜਪਾ ਦੇ ਡਾ. ਕਮਲ ਗੁਪਤਾ ਕੋਲੋਂ ਹਾਰ ਗਏ। ਸੁਸ਼ਮਾ ਸਵਰਾਜ ਦੀ ਭੈਣ ਵੰਦਨਾ ਸ਼ਰਮਾ ਸਫੀਦੋਂ ਹਲਕੇ ਤੋਂ ਹਾਰ ਗਈ ਹੈ।
ਹਰਿਆਣਾ ਵਿੱਚ ਹਾਰ ਨੂੰ ਸਵੀਕਾਰ ਕਰਦਿਆਂ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੇ ਉਮੀਦ ਜ਼ਾਹਰ ਕੀਤੀ ਕਿ ਨਵੀਂ ਸਰਕਾਰ ਰਾਜ ਵਿੱਚ ਉਨ੍ਹਾਂ ਦੇ 10 ਸਾਲ ਸਾਸ਼ਨ ਦੌਰਾਨ ਚੱਲੀ ਵਿਕਾਸ ਦੀ ਰਫਤਾਰ ਨੂੰ ਬਰਕਰਾਰ ਰੱਖੇਗੀ। ਜ਼ਿਲ੍ਹਾ ਰੋਹਤਕ ਦੇ ਗੜ੍ਹੀ ਸਾਂਪਲਾ ਕਿਲੋਈ ਹਲਕੇ ਤੋਂ ਇਨੈਲੋ ਦੇ ਸਤੀਸ਼ ਕੁਮਾਰ ਨੂੰ 47,185 ਵੋਟਾਂ ਨਾਲ ਹਰਾਉਣ ਵਾਲੇ ਹੁੱਡਾ ਨੇ ਆਸ ਪ੍ਰਗਟਾਈ ਕਿ ਵਿਕਾਸ ਦੀ ਰਫਤਾਰ ਜਾਰੀ ਰਹੇਗੀ।