ਭਾਰਤੀ ਮਾਪਿਆਂ ਵੱਲੋਂ ਵਿਸਾਰੀਆਂ ਧੀਆਂ ਸਪੇਨੀ ਪਰਿਵਾਰ ਨੇ ਅਪਣਾਈਆਂ

0
1184

Spain

ਐਨ ਐਨ ਬੀ

ਮੁੱਲਾਂਪੁਰ ਦਾਖਾ – ਕੇਂਦਰੀ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਔਲਾਦ ਤੋਂ ਵਾਂਝੇ ਜੋੜਿਆਂ ਨੂੰ ਬੱਚੇ ਗੋਦ ਦੇਣ ਲਈ ਹਰੇਕ ਪ੍ਰਾਂਤ ਵਿੱਚ ਸਪੈਸ਼ਲਾਈਜ਼ਡ ਅਡੌਪਸ਼ਨ ਏਜੰਸੀ (ਸਾਅ) ਅਤੇ ਭਾਰਤ ਅਤੇ ਭਾਰਤ ਤੋਂ ਬਾਹਰਲੇ ਦੇਸ਼ਾਂ ਵਿੱਚ ਬੱਚੇ ਗੋਦ ਦੇਣ ਲਈ ਰੀਕੋਗਨਾਈਜ਼ਡ ਇੰਡੀਅਨ ਪਲੇਸਮੈਂਟ ਏਜੰਸੀ (ਰੀਪਾ) ਬਣਾਈਆਂ ਹੋਈਆਂ ਹਨ। ਰੀਪਾ ਨੇ ਸਵਾਮੀ ਗੰਗਾ ਨੰਦ ਭੂਰੀ ਵਾਲੇ ਇੰਟਰਨੈਸ਼ਨਲ ਫਾਊਂਡੇਸ਼ਨ ਧਾਮ ਤਲਵੰਡੀ ਖੁਰਦ ਵੱਲੋਂ ਪਿਛਲੇ ਸਮੇਂ ਤੋਂ ਸੰਸਥਾ ਵਿੱਚ ਰਹਿ ਰਹੀਆਂ 9 ਸਾਲ ਦੀਆਂ ਜੌੜੀਆਂ ਭੈਣਾਂ ਦੀ ਸਪੇਨ ਤੋਂ ਆਏ ਮਾਪਿਆਂ ਨੂੰ ਕਾਨੂੰਨੀ ਕਾਰਵਾਈ ਪੂਰੀ ਹੋਣ ਸਪੁਰਦਗੀ ਕਰਵਾਈ।

ਇਸ ਮੌਕੇ ਪੰਜਾਬ ਸਰਕਾਰ ਵੱਲੋਂ ਵਿਸ਼ੇਸ ਤੌਰ ਤੇ ਪਹੁੰਚੇ ਮਨਪ੍ਰੀਤ ਸਿੰਘ ਇਆਲੀ ਵਿਧਾਇਕ ਹਲਕਾ ਦਾਖਾ ਨੇ ਕਿਹਾ ਕਿ ਜਿੱਥੇ ਬੱਚੇ ਰੋਜ਼ਾਨਾ ਹੀ ਲਾਵਾਰਿਸ ਹਾਲਤ ਵਿੱਚ ਮਿਲਦੇ ਹਨ, ਉੱਥੇ ਬਹੁਤ ਸਾਰੇ ਅਜਿਹੇ ਪਰਿਵਾਰ ਹਨ ਜਿਹੜੇ ਆਪਣੀ ਸੰਤਾਨ ਹੋਣ ਦੇ ਬਾਵਜੂਦ ਅਜਿਹੇ ਬੱਚਿਆਂ ਦੀ ਸਾਂਭ- ਸੰਭਾਲ ਕਰਨਾ ਪੁੰਨ ਦਾ ਕਾਰਜ ਸਮਝਦੇ ਹਨ। ਸਵਾਮੀ ਗੰਗਾ ਨੰਦ ਭੂਰੀ ਵਾਲੇ ਇੰਟਰਨੈਸ਼ਨਲ ਫਾਊਂਡੇਸ਼ਨ ਧਾਮ ਤਲਵੰਡੀ ਖੁਰਦ ਵੱਲੋ ਪਿਛਲੇ ਲੰਮੇ ਅਰਸੇ ਤੋਂ ਬੱਚਿਆਂ ਦੀ ਸਾਂਭ-ਸੰਭਾਲ ਅਤੇ ਅਡੋਪਸਨ ਦੇ ਨਾਲ ਨਾਲ ਪੜ੍ਹਾਈ ਅਤੇ ਲੁਧਿਆਣੇ ਵਿੱਚ ਬੱਚਿਆਂ ਸਬੰਧੀ ਚਾਈਲਡ ਹੈਲਪਲਾਈਨ ਸਥਾਪਤ ਕਰਕੇ ਵਧੀਆ ਕੰਮ ਕੀਤਾ ਜਾ ਰਿਹਾ ਹੈ।
ਇਆਲੀ ਨੇ ਕਿਹਾ ਕਿ ਆਮ ਹੀ ਦੇਖਣ ਵਿੱਚ ਆਉਂਦਾ ਹੈ ਕਿ ਕੁੱਝ ਬੇਔਲਾਦ ਜੋੜੇ ਬੱਚਾ ਗੋਦ ਲੈਣ ਲਈ ਸਮਾਜਿਕ ਅਤੇ ਰਾਜਨੀਤਿਕ ਦਬਾਅ ਬਣਾਉਣ ਦੀ ਕੋਸ਼ਿਸ ਕਰਦੇ ਹਨ ਪਰ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਅਧੀਨ ਕੰਮ ਕਰਦੀਆਂ ਏਜੰਸੀਆਂ ਕੋਲ ਅਜਿਹਾ ਸੰਭਵ ਨਹੀ ਹੈ। ਇਸ ਲਈ ਹਰ ਲੋੜਵੰਦ ਜੋੜੇ ਨੂੰ ਕਾਨੂੰਨੀ ਪ੍ਰਕਿਰਿਆ ਵਿੱਚੋਂ ਗੁਜ਼ਰਨਾ ਜ਼ਰੂਰੀ ਹੈ। ਇਸ ਮੌਕੇ ਫਾਊਂਡੇਸ਼ਨ ਦੇ ਸਕੱਤਰ ਕੁਲਦੀਪ ਸਿੰਘ ਮਾਨ, ਸੰਤ ਕਬੀਰ ਅਕੈਡਮੀ ਦੇ ਪ੍ਰਿੰਸੀਪਲ ਰਮਨਜੋਤ ਕੌਰ ਗਰੇਵਾਲ, ਚਾਇਲਡ ਹੈਲਪਲਾਈਨ ਦੇ ਕੋਆਰਡੀਨੇਟਰ ਅਰਬਿੰਦ ਕੁਮਾਰ ਅਦਿ ਹਾਜ਼ਰ ਸਨ।