ਐਨ ਐਨ ਬੀ
ਨਵੀਂ ਦਿੱਲੀ – ਇਹਨੀਂ ਦਿਨੀਂ, ਜਦੋਂ ਭਾਰਤ-ਪਾਕਿ ਸਰਹੱਦ ’ਤੇ ਗੋਲੀਬੰਦੀ ਦੀ ਉਲੰਘਣਾ ਨੂੰ ਲੈ ਕੇ ਗਵਾਂਢੀ ਮੁਲਕ ਨਾਲ਼ ਟਕਰਾਅ ਚੱਲ ਰਿਹਾ ਹੈ ਅਤੇ ਦੋਵੇਂ ਮੁਲਕ ਇੱਕ-ਦੂਜੇ ’ਤੇ ਦੋਸ਼ ਲਾ ਕੇ ‘ਮੂੰਹ ਤੋੜਵਾਂ ਜਵਾਬ’ ਦੇਣ ਦੀ ਧਮਕੀ ਦੇ ਰਹੇ ਹਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੰਗ ਲੱਗਣ ਦੀਆਂ ਸੰਭਾਵਨਾਵਾਂ ’ਤੇ ਕਾਟਾ ਮਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਸੈਨਿਕ ਸ਼ਕਤੀ ਹੀ ਭਿਵੱਖ ਵਿੱਚ ਜੰਗਾਂ ਰੋਕਣ ਲਈ ‘ਤਾਕਤ’ ਦਾ ਕੰਮ ਕਰੇਗੀ। ਉਨ੍ਹਾਂ ਸੰਕੇਤ ਦਿੱਤੇ ਕਿ ਜੰਗਾਂ ਰਵਾਇਤੀ ਨਹੀਂ ਰਹਿਣਗੀਆਂ। ਹਵਾ, ਪਾਣੀ, ਜ਼ਮੀਨ ਤੇ ਜਲ ਖੇਤਰ ਵਾਂਗ ਸਾਈਬਰ ਅਤੇ ਸਪੇਸ ’ਤੇ ਕੰਟਰੋਲ ਅਹਿਮ ਜਾਏਗਾ।
ਤਿੰਨੋਂ ਸੈਨਾਵਾਂ ਦੇ ਕਮਾਂਡਰਾਂ ਦੀ ਸਾਂਝੀ ਸਾਲਾਨਾ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਪਣੇ ਪਹਿਲੇ ਅਜਿਹੇ ਦੁਵੱਲੇ ਸੰਵਾਦ ਦੌਰਾਨ ਨਰਿੰਦਰ ਮੋਦੀ ਨੇ ਕਿਹਾ ਕਿ ‘ਸੈਨਾ ਦੀ ਤਾਕਤ’ ਭਾਰਤ ਪ੍ਰਤੀ ਦੂਜਿਆਂ ਦੇ ਵਰਤਾਓ ਨੂੰ ਪ੍ਰਭਾਵਿਤ ਕਰੇਗੀ। ਉਨ੍ਹਾਂ ਕਿਹਾ ਕਿ ‘ਲੁਕਵੇਂ ਖਤਰੇ’ ਤੋਂ ਵਧੇਰੇ ਸੁਚੇਤ ਰਹਿਣ ਦੀ ਲੋੜ ’ਤੇ ਜ਼ੋਰ ਵੀ ਦਿੱਤਾ।
ਆਧੁਨਿਕਤਾ ਦੇ ਇਸ ਦੌਰ ਵਿੱਚ ਜੰਗ ਦੇ ਬਦਲਦੇ ਢੰਗ-ਤਰੀਕਿਆਂ ਤੇ ਬਾਰੀਕੀਆਂ ਬਾਰੇ ਸੁਚੇਤ ਕਰਦਿਆਂ ਮੋਦੀ ਨੇ ਕਿਹਾ ਕਿ ਭਵਿੱਖ ’ਚ ਹੁਣ ਪੂਰੀ ਜੰਗ ਲੱਗਣ ਦੀ ਸੰਭਾਵਨਾ ਬਿਲਕੁਲ ਘੱਟ ਹੈ ਪਰ ਜੇ ਲੱਗੀਆਂ ਤਾਂ ਉਨ੍ਹਾਂ ਕਿਹਾ ਕਿ ਝੜਪਾਂ ਬੜਾ ਥੋੜ-ਚਿਰੀਆਂ ਤੇ ਛੋਟੀਆਂ ਰਹਿ ਜਾਣਗੀਆਂ। ਪ੍ਰਧਾਨ ਮੰਤਰੀ ਦੀਆਂ ਇਹ ਟਿੱਪਣੀਆਂ ਪਾਕਿਸਤਾਨ ਵੱਲੋਂ ਕੰਟਰੋਲ ਰੇਖਾ ਅਤੇ ਕੌਮਾਂਤਰੀ ਸਰਹੱਦ ’ਤੇ ਹਾਲ ਹੀ ’ਚ ਕੀਤੀ ਗਈ ਗੋਲੀਬੰਦੀ ਦੀ ਉਲੰਘਣਾ ਅਤੇ ਚੀਨ ਵੱਲੋਂ ਕੌਮਾਂਤਰੀ ਸਰਹੱਦ ’ਤੇ ਲੱਦਾਖ ’ਚ ਘੁਸਪੈਠ ਦੀਆਂ ਘਟਨਾਵਾਂ ਦੇ ਪਿਛੋਕੜ ’ਚ ਆਈਆਂ ਹਨ। ਉਨ੍ਹਾਂ ਕਿਹਾ ਕਿ ਫੌਰੀ ਤੋਂ ਪਾਰ ਅਸੀਂ ਭਵਿੱਖ ਵਿੱਚ ਟਾਕਰਾ ਕਰਨਾ ਹੈ, ਜਦੋਂ ਸੁਰੱਖਿਆ ਚੁਣੌਤੀਆਂ ਦੀ ਪੇਸ਼ੀਨਗੋਈ ਬਹੁਤ ਘੱਟ ਸੰਭਵ ਹੋਏਗੀ। ਸਥਿਤੀ ਇਕਦਮ ਬਣੇਗੀ ਤੇ ਝੱਟ ਬਦਲ ਜਾਏਗੀ। ਤਕਨਾਲੋਜੀਕਲ ਤਬਦੀਲੀਆਂ ਨਾਲ ਰਫਤਾਰ ਮੇਚ ਕੇ ਰੱਖਣੀ ਹੋਰ ਔਖੀ ਹੋ ਜਾਏਗੀ। ਪ੍ਰਧਾਨ ਮੰਤਰੀ ਨੇ ਜ਼ੋਰ ਦਿੱਤਾ ਕਿ ਭਾਰਤ ਨੂੰ ਆਪਣੇ ਆਰਥਿਕ ਟੀਚੇ ਹਾਸਲ ਕਰਨ ਦੇ ਸਮਰੱਥ ਬਣਾਉਣ ਲਈ ਅਮਨ ਤੇ ਸੁਰੱਖਿਆ ਬਣਾ ਕੇ ਰੱਖਣੀ ਬਹੁਤ ਲਾਜ਼ਮੀ ਹੈ।