ਐਨ ਐਨ ਬੀ
ਨਵੀਂ ਦਿੱਲੀ – ਭਾਰਤ ਤੇ ਚੀਨ ਨੇ ਅੱਜ ਕਿਹਾ ਹੈ ਕਿ ਦੋਵਾਂ ਧਿਰਾਂ ਦਾ ਲੱਦਾਖ ਖੇਤਰ ਵਿੱਚ ਬਣਿਆ ਤਣਾਅ ਹੱਲ ਹੋ ਗਿਆ ਹੈ, ਕਿਉਂਕਿ ਦੋਵੇਂ ਧਿਰਾਂ ਨੇ ਇੱਕੋ ਵੇਲੇ ਆਪਣੀਆਂ ਫੌਜਾਂ ਮੁਕੰਮਲ ਤੌਰ ’ਤੇ ਪਿੱਛੇ ਹਟਾ ਲਈਆਂ ਹਨ। ਚੀਨ ਨੇ ਨਾਲ ਦੀ ਨਾਲ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਹੈ ਕਿ ਦੋਵੇਂ ਮੁਲਕਾਂ ਵਿੱਚ ਸਰਹੱਦੀ ਖੇਤਰਾਂ ਵਿੱਚ ਅਮਨ ਤੇ ਸਥਿਰਤਾ ਬਣਾ ਕੇ ਰੱਖਣ ਦੀ ‘‘ਸਮਰੱਥਾ ਤੇ ਦ੍ਰਿੜਤਾ’’ ਹੈ। ਦੋਵੇਂ ਧਿਰਾਂ 16-17 ਅਕਤੂਬਰ ਨੂੰ ਸਾਂਝੀ ਮੀਟਿੰਗ ਲਈ ਵੀ ਸਹਿਮਤ ਹੋਈਆਂ ਹਨ। ਭਾਰਤ ਤੇ ਚੀਨ ਦੇ ਵਿਦੇਸ਼ ਮੰਤਰਾਲਿਆਂ ਵੱਲੋਂ ਜਾਰੀ ਇਕ ਪ੍ਰੈਸ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਅੱਜ ਦੋਵਾਂ ਮੁਲਕਾਂ ਦੀਆਂ ਫੌਜਾਂ ਦੋਵੇਂ ਧਿਰਾਂ ਵੱਲੋਂ ਸੂਤਰਬੱਧ ਕੀਤੇ ਉਪਰਾਲਿਆਂ ਤਹਿਤ ਇੱਕੋ ਵੇਲੇ ਪਿੱਛੇ ਹਟ ਗਈਆਂ ਹਨ ਤੇ ਖੇਤਰ ਵਿੱਚ ਅਮਨ ਸ਼ਾਂਤੀ ਕਾਇਮ ਹੋ ਗਈ ਹੈ।
ਦੋਵੇਂ ਧਿਰਾਂ ਇਸ ਗੱਲ ਲਈ ਸਹਿਮਤ ਹੋਈਆਂ ਸਨ ਕਿ ਦੋਵੇਂ ਮੁਲਕਾਂ ਦੀਆਂ ਫੌਜਾਂ ਵਿਚਾਲੇ ਹਾਲੀਆ ਤਣਾਅ ਉਚਿਤ ਢੰਗ ਨਾਲ ਖਤਮ ਕੀਤਾ ਜਾਵੇ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਦੋਵੇਂ ਧਿਰਾਂ ਸਰਹੱਦੀ ਖੇਤਰਾਂ ਵਿੱਚ ਅਮਨ ਤੇ ਸਥਿਰਤਾ ਨਾਲ ਜੁੜੇ ਮੁੱਦਿਆਂ ’ਤੇ ਆਪਸੀ ਸੰਚਾਰ ਜਾਰੀ ਰੱਖੇਗਾ। ਇਹ ਕਾਰਜ ਚੀਨ-ਭਾਰਤ ਸਰਹੱਦੀ ਸਲਾਹਕਾਰ ਤੇ ਤਾਲਮੇਲ ਤੰਤਰ ਰਾਹੀਂ ਕੀਤਾ ਜਾਏਗਾ। ਇਹ ਬਾਡੀ ਦੋਵੇਂ ਮੁਲਕਾਂ ਨੇ ਅਜਿਹੇ ਮਸਲੇ ਹੱਲ ਕਰਨ ਲਈ ਕਾਇਮ ਕੀਤੀ ਸੀ।
ਪ੍ਰੈਸ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਦੋਵੇਂ ਧਿਰਾਂ ਸਮਝਦੀਆਂ ਹਨ ਕਿ ਦੋਸਤਾਨਾ ਸਹਿਯੋਗ ਨਾਲ ਸਾਂਝੇ ਹਿੱਤ ਪੂਰੇ ਜਾ ਸਕਦੇ ਹਨ ਤੇ ਦੁਵੱਲੇ ਸਬੰਧਾਂ ਦੇ ਵਿਗਸਣ ਲਈ ਅਮਨ-ਅਮਾਨ ਤੇ ਸ਼ਾਂਤੀ ਵਾਲੀਆਂ ਸਰਹੱਦਾਂ ਲਾਜ਼ਮੀ ਹਨ। ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਦੋਵੇਂ ਧਿਰਾਂ ਵਿੱਚ ਸਰਹੱਦੀ ਖੇਤਰਾਂ ਵਿੱਚ ਰਲ ਕੇ ਅਮਨ ਤੇ ਸਥਿਰਤਾ ਬਣਾ ਕੇ ਰੱਖਣ ਦੀ ਦ੍ਰਿੜਤਾ, ਸੂਝ-ਬੂਝ ਤੇ ਸਮਰੱਥਾ ਹੈ ਤੇ ਇਸ ਤਰ੍ਹਾਂ ਹੀ ਦੁਵੱਲੇ ਸਬੰਧਾਂ ਦੇ ਵਿਸਥਾਰ ਲਈ ਬਿਹਤਰ ਵਾਤਾਵਰਨ ਬਣਦਾ ਹੈ। ਮੰਤਰਾਲੇ ਨੇ ਦੱਸਿਆ ਹੈ ਕਿ ਬਾਅਦ ਦੁਪਹਿਰ ਸਪਾਂਗੂਰ ਗੈਪ ਵਿੱਚ ਦੋਵੇਂ ਧਿਰਾਂ ਦੇ ਸਰਹੱਦੀ ਕਮਾਂਡਰਾਂ ਦੀ ਮੀਟਿੰਗ ਹੋਈ ਸੀ ਤੇ ਇਸ ਦੌਰਾਨ ਇਹ ਪੁਸ਼ਟੀ ਕੀਤੀ ਗਈ ਕਿ ਚੁਮਾਰ ਵਿਵਾਦ ਸਫਲਤਾ-ਪੂਰਵਕ ਹੱਲ ਕਰ ਲਿਆ ਗਿਆ ਹੈ।
ਦੋਵੇਂ ਧਿਰਾਂ ਭਾਰਤ-ਚੀਨ ਸਰਹੱਦੀ ਮਾਮਲਿਆਂ ਤੇ ਸਲਾਹਕਾਰ ਤੇ ਤਾਲਮੇਲ ਵਰਕਿੰਗ-ਤੰਤਰ ਦੀ 16-17 ਅਕਤੂਬਰ ਨੂੰ ਮੀਟਿੰਗ ਕਰਨ ਲਈ ਵੀ ਸਹਿਮਤ ਹੋ ਗਈਆਂ ਹਨ ਜਿਸ ਮੌਕੇ ਸਰਹੱਦੀ ਮਸਲੇ ਵਿਚਾਰੇ ਜਾਣਗੇ।