ਫਾਇਰਿੰਗ ਜਾਰੀ ਰਹਿਣ ਤੱਕ ਨਹੀਂ ਹੋਵੇਗੀ ਫਲੈਗ ਮੀਟਿੰਗ ਜਾਂ ਗੱਲਬਾਤ
ਸ਼ਬਦੀਸ਼
ਚੰਡੀਗੜ੍ਹ – ਭਾਰਤ-ਪਾਕਿ ਸਰਹੱਦੀ ਤਣਾਅ ਖ਼ਤਰਨਾਕ ਪੜਾਅ ਵਿੱਚ ਦਾਖਲ ਹੋਣ ਜਾ ਰਿਹਾ ਹੈ। ਭਾਰਤ ਨੇ ਪਾਕਿਸਤਾਨ ਸਖ਼ਤ ਸੰਦੇਸ਼ ਦਿੰਦਿਆਂ ਸਪੱਸ਼ਟ ਕੀਤਾ ਹੈ ਕਿ ਜੇਕਰ ਸਰਹੱਦ ਪਾਰੋਂ ਫਾਇਰਿੰਗ ਤੇ ਗੋਲੀਬਾਰੀ ਜਾਰੀ ਰਹਿੰਦੀ ਹੈ ਤਾਂ ਭਾਰਤ ਲੰਮੀ ਲੜਾਈ ਲੜਨ ਲਈ ਤਿਆਰ ਹੈ। ਇਹ ਵੀ ਆਖ ਦਿੱਤਾ ਹੈ ਕਿ ਜਦੋਂ ਤੱਕ ਫਾਇਰਿੰਗ ਰੁਕ ਨਹੀਂ ਜਾਂਦੀ, ਭਾਰਤ ਫਲੈਗ ਮੀਟਿੰਗਾਂ ਵਿੱਚ ਸ਼ਾਮਲ ਨਹੀਂ ਹੋਵੇਗਾ, ਬਲਕਿ ਓਦੋਂ ਤੱਕ ਬੀ ਐਸ ਐਫ ਨੂੰ ਪਾਕਿਸਤਾਨ ਦੀ ਤਰਫੋਂ ਹੋਣ ਵਾਲੀ ਫਾਇਰਿੰਗ ਖਿਲਾਫ਼ ਮੋੜਵੀਂ ਕਾਰਵਾਈ ਕਰਨ ਲਈ ਖੁੱਲ੍ਹੀ ਛੁੱਟੀ ਦੇ ਦਿੱਤੀ ਗਈ ਹੈ। ਇਹ ਸਭ ਕੁਝ ਓਦੋਂ ਵਾਪਰ ਰਿਹਾ ਹੈ, ਜਦੋਂ ਜੰਮੂ-ਕਸ਼ਮੀਰ ਦੇ ਅਨੇਕਾਂ ਇਲਾਕੇ ਹੜ੍ਹਾਂ ਤੋਂ ਪ੍ਰਭਾਵਤ ਹਨ ਅਤੇ ਭਾਰਤ ਦੇ ਲੋਕਾਂ ਵੱਲੋਂ ਸਹਾਇਤਾ ਦੇ ਯਤਨ ਜਾਰੀ ਹਨ। ਇਨ੍ਹਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਾਹਤ ਕਾਰਜ ਵੀ ਸ਼ਾਮਲ ਹਨ।
ਸ਼੍ਰੋਮਣੀ ਕਮੇਟੀ ਸਰਵੇਖਣ ਪਿੱਛੋਂ ਸਿੱਖਾਂ ਦੇ ਘਰਾਂ ਦੀ ਉਸਾਰੀ ਲਈ ਸਹਾਈ ਹੋਵੇਗੀ
ਜੰਮੂ-ਕਸ਼ਮੀਰ ਵਿੱਚ ਹੜ੍ਹਾਂ ਕਾਰਨ ਸਿੱਖ ਭਾਈਚਾਰੇ ਦੇ ਲਗਭਗ 120 ਘਰ ਨੁਕਸਾਨੇ ਗਏ ਹਨ, ਜਿਨ੍ਹਾਂ ਵਿੱਚੋਂ 50 ਫ਼ੀਸਦੀ ਘਰਾਂ ਦੀਆਂ ਇਮਾਰਤਾਂ ਪੂਰੀ ਤਰ੍ਹਾਂ ਢਹਿ-ਢੇਰੀ ਹੋ ਗਈਆਂ ਹਨ ਅਤੇ ਲੋਕ ਬੇਘਰ ਹੋ ਗਏ ਹਨ। ਇਸ ਤੋਂ ਇਲਾਵਾ ਸੜਕਾਂ, ਬਿਜਲੀ, ਪਾਣੀ, ਬਾਗਬਾਨੀ ਅਤੇ ਖੇਤੀਬਾੜੀ ਦਾ ਭਾਰੀ ਨੁਕਸਾਨ ਹੋਇਆ ਹੈ। ਰਿਹਾਇਸ਼ੀ ਖੇਤਰਾਂ ਵਿੱਚ ਵਧੇਰੇ ਨੁਕਸਾਨ ਜਵਾਹਰ ਨਗਰ, ਰਾਜ ਬਾਗ, ਬਾਲ ਗਾਰਡਨ, ਗੋਗਜੀ ਬਾਗ, ਅਲੂਚਾਬਾਗ, ਮਹਿਜੂਰ ਨਗਰ, ਮਗਰਮਲ ਬਾਗ, ਬਿਮਨਾ ਤੇ ਸੁਥਰਾਸ਼ਾਹੀ ਆਦਿ ਇਲਾਕਿਆਂ ਵਿੱਚ ਹੋਇਆ ਹੈ। ਇਨ੍ਹਾਂ ਇਲਾਕਿਆਂ ਵਿੱਚ ਕਾਫੀ ਸਾਰੀ ਸਿੱਖ ਵਸੋਂ ਹੈ। ਸ੍ਰੀਨਗਰ ਦੀ ਕੁਲ 20 ਲੱਖ ਦੀ ਆਬਾਦੀ ਵਿੱਚ ਸਿੱਖ ਪਰਿਵਾਰਾਂ ਦੀ ਗਿਣਤੀ ਚਾਰ ਹਜ਼ਾਰ ਹੈ।
ਇਸ ਖੇਤਰ ਦੇ ਘਰਾਂਮ ਵਪਾਰਕ ਕੇਂਦਰਾਂ, ਦੁਕਾਨ ਜਾਂ ਸ਼ੋਅ ਰੂਮਾਂ ਸਮੇਤ ਸਭ ਕੁਝ ਨੂੰ ਹੜ੍ਹ ਨੇ ਪ੍ਰਭਾਵਿਤ ਕੀਤਾ ਹੈ। ਇਹ ਨੁਕਸਾਨ ਅਰਬਾਂ ਰੁਪਇਆਂ ਵਿੱਚ ਹੈ। ਇਸ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਆਬਾਦੀ ਵਿੱਚ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਗਿਆ ਹੈ। ਸ਼੍ਰੋਮਣੀ ਕਮੇਟੀ ਦੀ ਟੀਮ ਨੇ ਇਸ ਸਬੰਧ ਵਿੱਚ ਸਰਵੇਖਣ ਕੀਤਾ ਹੈ। ਕਮੇਟੀ ਦੇ ਤਰਜ਼ਮਾਨ ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਕਸ਼ਮੀਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਹੋਏ ਨੁਕਸਾਨ ਦਾ ਸਰਵੇਖਣ ਟੀਮ ਵੱਲੋਂ ਮੁਕੰਮਲ ਰਿਪੋਰਟ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੂੰ ਸੌਂਪ ਦਿੱਤੀ ਜਾਵੇਗੀ। ਇਸ ਟੀਮ ਵਿੱਚ ਸ੍ਰੀ ਬੇਦੀ ਦੇ ਨਾਲ ਰਜਿੰਦਰ ਸਿੰਘ ਮਹਿਤਾ, ਕਰਨੈਲ ਸਿੰਘ ਪੰਜੋਲੀ ਤੇ ਨਿਰਮੈਲ ਸਿੰਘ ਜੌਲਾਂ ਅੰਤ੍ਰਿੰਗ ਮੈਂਬਰ, ਅਵਤਾਰ ਸਿੰਘ ਸਕੱਤਰ, ਸੁਖਜਿੰਦਰ ਸਿੰਘ ਤੇ ਗੁਰਜਿੰਦਰ ਸਿੰਘ ਜੇਈ, ਐਚ ਐਸ ਲਵਲੀ ਐਸ ਤੇ ਸੁਰਿੰਦਰ ਸਿੰਘ ਸੋਢੀ ਐਸ.ਡੀ.ਓ ਸ੍ਰੀਨਗਰ ਸ਼ਾਮਲ ਹਨ। ਸ੍ਰੀ ਕਰਨੈਲ ਸਿੰਘ ਪੰਜੋਲੀ ਨੇ ਆਖਿਆ ਕਿ ਹੜ੍ਹਾਂ ਕਾਰਨ ਪ੍ਰਭਾਵਿਤ ਹੋਏ ਸਿੱਖਾਂ ਦੀ ਮਦਦ ਲਈ ਵਿਸ਼ੇਸ਼ ਆਰਥਿਕ ਮਦਦ ਲੈਣ ਵਾਸਤੇ ਸ਼੍ਰੋਮਣੀ ਕਮੇਟੀ ਜਲਦੀ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰੇਗੀ।
ਗੁਰਦੁਆਰਾ ਸ਼ਹੀਦ ਬੁੰਗਾ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਤਾਰ ਰਾਹਤ ਕਾਰਜ ਜਾਰੀ ਹਨ ਅਤੇ ਪਹਿਲਾਂ ਵਾਂਗ ਲੰਗਰ ਦਾ ਪ੍ਰਵਾਹ ਨਿਰੰਤਰ ਚਲ ਰਿਹਾ ਹੈ। ਗੁਰਦੁਆਰਾ ਸ਼ਹੀਦ ਬੁੰਗਾ ਬਗਾਤ ਵਿਖੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਜਗਜੀਤ ਸਿੰਘ, ਪਰਮਿੰਦਰ ਸਿੰਘ ਡੰਡੀ, ਲਖਵਿੰਦਰ ਸਿੰਘ ਬਦੋਵਾਲ, ਲਖਵਿੰਦਰ ਸਿੰਘ ਬਦੋਵਾਲ ਅਤੇ ਅੰਮ੍ਰਿਤਪਾਲ ਸਿੰਘ ਰਾਹਤ ਕੈਂਪ ਚਲਾ ਰਹੇ ਹਨ।
ਸੰਯੁਕਤ ਰਾਸ਼ਟਰ ਵਿੱਚ ਛਿੜੀ ਭਾਰਤ-ਪਾਕਿ ਸ਼ਬਦੀ ਜੰਗ
ਇਸੇ ਦੌਰਾਨ ਭਾਰਤ-ਪਾਕਿ ਕੰਟਰੋਲ ਰੇਖਾ ‘ਤੇ ਗੋਲੀਬੰਦੀ ਦੀ ਉਲੰਘਣਾ ਨੂੰ ਲੈ ਕੇ ਸੰਯੁਕਤ ਰਾਸ਼ਟਰ ਦੇ ਆਮ ਅਜਲਾਸ ਵਿੱਚ ਭਾਰਤ ਤੇ ਪਾਕਿਸਤਾਨ ਵਿਚਾਲੇ ਸ਼ਬਦੀ ਜੰਗ ਛਿੜ ਪਈ ਹੈ। ਭਾਰਤ ਨੇ ਕਿਸੇ ਵੀ ‘ਭੜਕਾਹਟ’ ਦਾ ਢੁਕਵਾਂ ਜੁਆਬ ਦੇਣ ਲਈ ‘ਤਿਆਰ-ਬਰ-ਤਿਆਰ’ ਹੈ ਅਤੇ ਹੁਣ ਦੋਵਾਂ ਮੁਲਕਾ ਦੇ ਸਬੰਧਾਂ ਨੂੰ ਸਾਵੇਂ ਤੇ ਸੁਖਾਵੇਂ ਕਰਨ ਲਈ ਮਾਹੌਲ ਉਸਾਰਨ ਦੀ ਜ਼ਿੰਮੇਵਾਰੀ ਪਾਕਿਸਤਾਨ ਦੇ ਸਿਰ ਹੈ। ਸੰਯੁਕਤ ਰਾਸ਼ਟਰ ਵਿੱਚ ਭਾਰਤੀ ਮਿਸ਼ਨ ਦੇ ਸੀਨੀਅਰ ਅਧਿਕਾਰੀ ਦੇਵੇਸ਼ਾ ਉੱਤਮ ਨੇ ਪਾਕਿਸਤਾਨ ਦੀਆਂ ਟਿੱਪਣੀਆਂ ਦਾ ਜੁਆਬ ਦੇਣ ਦੇ ਅਧਿਕਾਰ ਤਹਿਤ ਇਹ ਗੱਲਾਂ ਕਹੀਆਂ ਹਨ। ਭਾਰਤੀ ਅਧਿਕਾਰੀ ਨੇ ਇਹ ਟਿੱਪਣੀਆਂ ਪਾਕਿਸਤਾਨ ਦੇ ਸੰਯੁਕਤ ਰਾਸ਼ਟਰ ਵਿੱਚ ਸਥਾਈ ਪ੍ਰਤੀਨਿਧ ਮਸੂਦ ਖ਼ਾਨ ਵੱਲੋਂ ਕਸ਼ਮੀਰ ਮੁੱਦਾ ਉਠਾਉਣ ਮਗਰੋਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਲਟਕਦੇ ਆ ਰਹੇ ਜੰਮੂ-ਕਸ਼ਮੀਰ ਜਿਹੇ ਮੁੱਦੇ ਪਿਛਾਂਹ ਨਹੀਂ ਧੱਕੇ ਜਾ ਸਕਦੇ।
ਸਰਹੱਦ ’ਤੇ ਬਣੇ ਤਣਾਅ ਦੌਰਾਨ ਦਿੱਲੀ ਦੇ ਉੱਚ ਸਰਕਾਰੀ ਸੂਤਰਾਂ ਦਾ ਕਹਿਣਾ ਹੈ ”ਸਾਡੀਆਂ ਸੈਨਾਵਾਂ ਰੁਕਣ ਵਾਲੀਆਂ ਨਹੀਂ, ਅਸੀਂ ਪਾਕਿ ਫਾਇਰਿੰਗ ਦਾ ਠੋਕ ਕੇ ਜੁਆਬ ਦੇ ਰਹੇ ਹਾਂ ਤੇ ਲੰਮੀ ਲੜਾਈ ਲਈ ਤਿਆਰ ਹਾਂ।” ਪਾਕਿਸਤਾਨ ਨੂੰ ਬੜੇ ਸਾਫ ਸ਼ਬਦਾਂ ਵਿੱਚ ਇਹ ਸੁਨੇਹਾ ਦੇ ਦਿੱਤਾ ਗਿਆ ਹੈ ਕਿ ਉਪਰਲੇ ਪੱਧਰ ਦੀ ਗੱਲਬਾਤ ਜਾਂ ਸਥਾਨਕ ਸੈਨਿਕ ਕਮਾਂਡਰਾਂ ਵਿਚਾਲੇ ਫਲੈਗ ਮੀਟਿੰਗਾਂ ਤੇ ਸਰਹੱਦ ਪਾਰੋਂ ਫਾਇਰਿੰਗ ਨਾਲੋ-ਨਾਲ ਨਹੀਂ ਚੱਲਣਗੀਆਂ। ਓਧਰ ਚੋਣਾਂ ਦੌਰਾਨ ਪਾਕਿਸਤਾਨ ਵਿਰੋਧੀ ਮਾਹੌਲ ਪੈਦਾ ਕਰਨ ਵਾਲੇ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਦੀ ਹੈਸੀਅਤ ਭਾਰਤੀ ਹਵਾਈ ਸੈਨਾ ਦੇ ਮੁਖੀ ਮਾਰਸ਼ਲ ਅਰੂਪ ਰਾਹਾ ਵੱਲੋਂ ਕਰਾਏ ਇਕ ਸਮਾਗਮ ਵਿੱਚ ਭਰੋਸਾ ਦਿੱਤਾ ਹੈ ਕਿ ”ਜਲਦੀ ਹੀ ਸਭ ਅੱਛਾ ਹੋ ਜਾਏਗਾ।” ਇਸੇ ਸਮਾਗਮ ਵਿੱਚ ਮੋਦੀ ਨੇ ਵੱਖਰੀ ਤੌਰ ‘ਤੇ ਥਲ ਸੈਨਾ ਮੁਖੀ ਜਨਰਲ ਦਲਬੀਰ ਸਿੰਘ ਸੁਹਾਗ ਨਾਲ ਮੀਟਿੰਗ ਕੀਤੀ। ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਪ੍ਰਧਾਨ ਮੰਤਰੀ ਨੂੰ ਤੇ ਜੰਮੂ ਤੋਂ ਪਰਤ ਰਹੇ ਬੀ ਐਸ ਐਫ ਦੇ ਡਾਇਰੈਕਟਰ ਜਨਰਲ ਡੀ.ਕੇ. ਪਾਠਕ ਗ੍ਰਹਿ ਮੰਤਰੀ ਨੂੰ ਸਥਿਤੀ ਬਾਰੇ ਸੰਖੇਪ ‘ਚ ਜਾਣੂ ਕਰਵਾ ਰਹੇ ਹਨ।
ਭਾਰਤ ਸਰਕਾਰ ਦੇ ਇਕ ਸੀਨੀਅਰ ਅਧਿਕਾਰੀ ਅਨੁਸਾਰ ਪਾਕਿਸਤਾਨ ਵੱਲੋਂ ਜੰਮੂ-ਕਸ਼ਮੀਰ ਵਿੱਚ 749 ਕਿਲੋਮੀਟਰ ਲੰਮੀ ਕੰਟਰੋਲ ਰੇਖਾ ਜਾਂ 198 ਕਿਲੋਮੀਟਰ ਲੰਮੀ ਕੌਮਾਂਤਰੀ ਸਰਹੱਦ ਤੋਂ ਇਸ ਨਿਰਾਸ਼ਾ ਵਿੱਚ ਫਾਇਰਿੰਗ ਤੇ ਗੋਲਾਬਾਰੀ ਕੀਤੀ ਜਾ ਰਹੀ ਹੈ ਕਿਉਂਕਿ ਉਹ ਕਸ਼ਮੀਰ ਨੂੰ ਮੁੜ ਕੌਮਾਂਤਰੀ ਮੁੱਦਾ ਬਣਾਉਣ ‘ਚ ਸਫਲ ਨਹੀਂ ਹੋ ਸਕਿਆ।
ਪਾਕਿ ਗੋਲੀਬਾਰੀ ਨਾਲ ਦੋ ਹਲਾਕ; 25 ਜ਼ਖ਼ਮੀ
ਇਸੇ ਦੌਰਾਨ ਪਾਕਿਸਤਾਨੀ ਸੈਨਾ ਵੱਲੋਂ ਜੰਮੂ ਤੇ ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ਵਿੱਚ ਕੌਮਾਂਤਰੀ ਸੀਮਾ ‘ਤੇ ਫਾਇਰਿੰਗ ਜਾਰੀ ਰਹਿਣ ਦੀਆਂ ਖ਼ਬਰਾਂ ਆ ਰਹੀਆਂ ਹਨ। ਕੱਲ੍ਹ ਸਾਰੀ ਰਾਤ ਪਾਕਿਸਤਾਨ ਵਾਲੇ ਪਾਸਿਓਂ ਭਾਰਤੀ ਖੇਤਰਾਂ ਵਿੱਚ ਫਾਇਰਿੰਗ ਹੁੰਦੀ ਰਹੀ, ਜੋ ਪਹੁ ਫੁੱਟਣ ਤੱਕ ਵੀ ਜਾਰੀ ਸੀ। ਸੈਕਟਰ ਦੇ ਪਿੰਡ ਚਿਲਿਆਰੀ ਵਿੱਚ ਪਾਕਿਸਤਾਨ ਵੱਲੋਂ ਦਾਗੇ ਗਏ ਗੋਲੇ ਨਾਲ ਦੋ ਔਰਤਾਂ ਮਾਰੀਆਂ ਗਈਆਂ ਤੇ ਪੰਜ ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਗੌਰਮਿੰਟ ਮੈਡੀਕਲ ਕਾਲਜ ਹਸਪਤਾਲ ਜੰਮੂ ਵਿੱਚ ਦਾਖਲ ਕਰਾਇਆ ਗਿਆ ਹੈ। ਬੀ ਐਸ ਐਫ ਵੱਲੋਂ ਪਾਕਿਸਤਾਨ ਨੂੰ ਕਰੜਾਈ ਨਾਲ ਬਣਦਾ ਜੁਆਬ ਦਿੱਤਾ ਜਾ ਰਿਹਾ ਹੈ। ਜੰਮੂ ਦੇ ਸਿਵਲ ਖੇਤਰਾਂ ਵਿੱਚ ਪਾਕਿਸਤਾਨ ਵੱਲੋਂ ਕੀਤੀ ਜਾ ਰਹੀ ਗੋਲੀਬਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 7 ਤੇ ਜ਼ਖ਼ਮੀਆਂ ਦੀ ਗਿਣਤੀ 55 ਹੋ ਗਈ ਹੈ। 15 ਸਿਵਲੀਅਨਾਂ ਸਮੇਤ 20 ਜਣੇ ਪਾਕਿਸਤਾਨ ਵੱਲੋਂ ਰਾਤ ਭਰ ਕੀਤੀ ਜਾਂਦੀ ਰਹੀ ਫਾਇਰਿੰਗ ‘ਚ ਜ਼ਖ਼ਮੀ ਹੋ ਗਏ ਸਨ। ਪਾਕਿ ਰੇਂਜਰਾਂ ਨੇ ਸਵੇਰੇ ਹੀ ਕਠੂਆ ਜ਼ਿਲ੍ਹੇ ਦੇ ਹੀਰਾ ਨਗਰ ਸੈਕਟਰ ਵਿੱਚ ਫਾਇਰਿੰਗ ਸ਼ੁਰੂ ਕਰ ਦਿੱਤੀ ਸੀ। ਪੁਣਛ ਜ਼ਿਲ੍ਹੇ ਵਿੱਚ ਕੰਟਰੋਲ ਰੇਖਾ ‘ਤੇ ਪਾਕਿਸਤਾਨ ਵੱਲੋਂ ਕੀਤੀ ਫਾਇਰਿੰਗ ‘ਚ ਚਾਰ ਸੈਨਿਕ ਜ਼ਖ਼ਮੀ ਹੋ ਗਏ ਤੇ ਬੀ ਐਸ ਐਫ ਦਾ ਇੱਕ ਜਵਾਨ ਅਤੇ 15 ਸਿਵਲੀਅਨ ਜੰਮੂ ਜ਼ਿਲ੍ਹੇ ‘ਚ ਕੌਮਾਂਤਰੀ ਸੀਮਾ ‘ਤੇ ਪਾਕਿ ਰੇਂਜਰਾਂ ਵੱਲੋਂ ਕੀਤੀ ਫਾਇਰਿੰਗ ‘ਚ ਜ਼ਖ਼ਮੀ ਹੋ ਗਏ।
ਪਾਕਿਸਤਾਨ ਵੱਲੋਂ ਜੰਮੂ-ਕਸ਼ਮੀਰ ਦੇ ਰਿਹਾਇਸ਼ੀ ਖੇਤਰਾਂ ਵਿੱਚ ਗੋਲੀਬਾਰੀ ਜਾਰੀ ਰੱਖਣ ਮਗਰੋਂ ਕੇਂਦਰੀ ਗ੍ਰਹਿ ਮੰਤਰਾਲੇ ਨੇ ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਵਿਚਾਲੇ ਹੋਣ ਵਾਲੀ ਫਲੈਗ ਮੀਟਿੰਗ ਰੋਕ ਲਈ। ਦੋਵੇਂ ਮੁਲਕਾਂ ਦੇ ਸੈਨਾ ਅਧਿਕਾਰੀਆਂ ਵਿਚਾਲੇ ਹਾਲੀਆ ਤਣਾਅ ਨੂੰ ਲੈ ਕੇ ਇਹ ਮੀਟਿੰਗ ਹੋਣੀ ਸੀ। ਬੀ ਐਸ ਐਫ ਦੇ ਡਾਇਰੈਕਟਰ ਜਨਰਲ ਡੀ.ਕੇ. ਪਾਠਕ ਨੇ ਕਿਹਾ ਹੈ ਕਿ ਪਾਕਿ ਸੈਨਿਕ, ਇਸ ਕਰਕੇ ਸਿਵਲ ਖੇਤਰਾਂ ਨੂੰ ਨਿਸ਼ਾਨਾ ਬਣਾ ਰਹੇ ਹਨ, ਕਿਉਂਕਿ ਉਹ ਸੋਚਦੇ ਹਨ ਕਿ ਉਹ ਬੀ ਐਸ ਐਫ ਦੀਆਂ ਚੌਕੀਆਂ ਦਾ ਤਾਂ ਕੋਈ ਨੁਕਸਾਨ ਨਹੀਂ ਕਰ ਸਕਦੇ। ਯਾਦ ਰਹੇ ਕਿ ਪਹਿਲਾਂ ਭਾਰਤੀ ਚੌਕੀਆਂ ਨੁਕਸਾਨੀਆਂ ਜਾਣ ਦੀ ਗੱਲ ਵੀ ਉਭਰਦੀ ਰਹੀ ਹੈ।
ਗੋਲੀਬੰਦੀ ਦੀ ਉਲੰਘਣਾ ਗੰਭੀਰ ਮਾਮਲਾ ਹੈ : ਉਮਰ ਅਬਦੁੱਲਾ
ਸ੍ਰੀ ਨਗਰ: ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਅੱਜ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਕਿ ਸਰਹੱਦ ਪਾਰੋਂ ਗੋਲਿਆਂ ਦਾ ਸ਼ਿਕਾਰ ਹੋ ਰਹੇ ਲੋਕਾਂ ਦੀ ਸੁਰੱਖਿਆ ਤੇ ਸੰਭਾਲ ਯਕੀਨੀ ਬਣਾਈ ਜਾਵੇ। ਕੰਟਰੋਲ ਰੇਖਾ ’ਤੇ ਗੋਲੀਬੰਦੀ ਦੀ ਉਲੰਘਣਾ ਤੇ ਸਰਹੱਦ ਪਾਰੋਂ ਫਾਇਰਿੰਗ ਬਹੁਤ ਗੰਭੀਰ ਮਸਲਾ ਹੈ ਤੇ ਸਰਕਾਰ ਇਸ ਮਸਲੇ ਦਾ ਛੇਤੀ ਹੱਲ ਚਾਹੁੰਦੀ ਹੈ।