ਭਾਰਤ ਤੇ ਪਾਕਿਸਤਾਨ ਨੂੰ ਗੱਲਬਾਤ ਰਾਹੀਂ ਮਸਲੇ ਨਿਬੇੜਨ ਦੀ ਸਲਾਹ
ਐਨ ਐਨ ਬੀ
ਸੰਯੁਕਤ ਰਾਸ਼ਟਰ – ਸੰਯੁਕਤ ਰਾਸ਼ਟਰ ਨੇ ਪਾਕਿਸਤਾਨ ਲਈ ਗੰਭੀਰ ਝਟਕਾ ਦੇ ਕੇ ਕਸ਼ਮੀਰ ਮਸਲੇ ’ਚ ਤੀਜੀ ਧਿਰ ਦੀ ਸ਼ਮੂਲੀਅਤ ਦੀਆਂ ਸੰਭਾਵਨਾਵਾਂ ਦਾ ਅੰਤ ਕਰ ਦਿੱਤਾ ਹੈ । ਸੰਯੁਕਤ ਰਾਸ਼ਟਰ ਨੇ ਸਿੱਧੇ ਸ਼ਬਦਾਂ ’ਚ ਪਾਕਿਸਤਾਨ ਨੂੰ ਸਮਝਾ ਦਿੱਤਾ ਹੈ ਕਿ ਦੋਵੇਂ ਗੁਆਂਢੀ ਮੁਲਕ ਗੱਲਬਾਤ ਰਾਹੀਂ ਸਾਰੇ ਮੱਤਭੇਦ ਦੂਰ ਕਰ ਸਕਦੇ ਹਨ। ਯਾਦ ਰਹੇ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਕੌਮੀ ਸੁਰੱਖਿਆ ਅਤੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਸਰਤਾਜ ਅਜ਼ੀਜ਼ ਨੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਬਾਨ ਕੀ ਮੂਨ ਨੂੰ ਚਿੱਠੀ ਲਿਖ ਕੇ ਭਾਰਤ-ਪਾਕਿ ਸਰਹੱਦ ’ਤੇ ਪੈਦਾ ਹੋਏ ਤਣਾਅ ਦੇ ਮੱਦੇਨਜ਼ਰ ਸੰਯੁਕਤ ਰਾਸ਼ਟਰ ਦੇ ਦਖ਼ਲ ਦੀ ਮੰਗ ਕੀਤੀ ਸੀ ਅਤੇ ਕਸ਼ਮੀਰ ਮਸਲੇ ਨੂੰ ਕੌਮਾਂਤਰੀ ਪੱਧਰ ’ਤੇ ਉਠਾਉਣ ਦੀ ਕੋਸ਼ਿਸ਼ ਕੀਤੀ ਸੀ।
ਬਾਨ ਕੀ ਮੂਨ ਦੇ ਉਪ ਤਰਜ਼ਮਾਨ ਫਰਹਾਨ ਹੱਕ ਮੁਤਾਬਕ ਪਿਛਲੇ ਹਫ਼ਤੇ ਵੀ ਸੰਯੁਕਤ ਰਾਸ਼ਟਰ ਮੁਖੀ ਨੇ ਬਿਆਨ ਜਾਰੀ ਕੀਤਾ ਸੀ, ਜਿਸ ’ਚ ਉਨ੍ਹਾਂ ਭਾਰਤ ਅਤੇ ਪਾਕਿਸਤਾਨ ਨੂੰ ਸਾਰੇ ਮੱਤਭੇਦ ਗੱਲਬਾਤ ਰਾਹੀਂ ਹੱਲ ਕਰਨ ਦੀ ਵਕਾਲਤ ਕੀਤੀ ਸੀ ਅਤੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਕੰਟਰੋਲ ਰੇਖਾ ’ਤੇ ਗੋਲੀਬਾਰੀ ਦੀਆਂ ਵਧ ਰਹੀਆਂ ਘਟਨਾਵਾਂ ’ਤੇ ਫ਼ਿਕਰਮੰਦੀ ਦਾ ਇਜ਼ਹਾਰ ਕੀਤਾ ਸੀ।
ਓਧਰ ਭਾਰਤ ਨੇ ਸਪੱਸ਼ਟ ਕਿਹਾ ਹੈ ਕਿ ਦੋਵਾਂ ਮੁਲਕਾਂ ਵਿਚਕਾਰ ਸੰਜੀਦਾ ਗੱਲਬਾਤ ਤਾਂ ਹੀ ਹੋ ਸਕਦੀ ਹੈ, ਜੇਕਰ ਉਸ ’ਤੇ ਦਹਿਸ਼ਤਗਰਦੀ ਦਾ ਪਰਛਾਵਾਂ ਨਾ ਹੋਵੇ। ਇਹ ਭਾਰਤੀ ਸਟੈਂਡ ਸੰਯੁਕਤ ਰਾਸ਼ਟਰ ਮਹਾਸਭਾ ’ਚ ਬਸਤੀਵਾਦ ਦੇ ਖ਼ਾਤਮੇ ਦੇ ਮੁੱਦੇ ’ਤੇ ਕਮੇਟੀ ਦੀ ਚੌਥੀ ਮੀਟਿੰਗ ਦੌਰਾਨ ਰੱਖਿਆ ਸੀ। ਪਾਕਿਸਤਾਨ ਦੇ ਡਿਪਲੋਮੈਟ ਨੇ ਕਿਹਾ ਕਿ ਜੰਮੂ ਅਤੇ ਕਸ਼ਮੀਰ ਵਿਵਾਦ ਦੇ ਮਤੇ ਬਿਨਾਂ ਸੰਯੁਕਤ ਸੰਯੁਕਤ ਰਾਸ਼ਟਰ ਦਾ ਬਸਤੀਵਾਦ ਦੇ ਖ਼ਾਤਮੇ ਬਾਰੇ ਏਜੰਡਾ ਅਧੂਰਾ ਹੈ। ਇਸ ਮਸਲੇ ਦੇ ਹੱਲ ਬਿਨਾਂ ਦੱਖਣੀ ਏਸ਼ੀਆ ’ਚ ਸ਼ਾਂਤੀ ਅਤੇ ਸਥਿਰਤਾ ਮੁਸ਼ਕਲ ਹੈ।
ਡੀ ਜੀ ਐਸ ਓਜ਼ ਵੱਲੋਂ ਸਰਹੱਦੀ ਤਣਾਅ ਬਾਰੇ ਗੱਲਬਾਤ
ਨਵੀਂ ਦਿੱਲੀ/ਇਸਲਾਮਾਬਾਦ – ਇਸੇ ਦੌਰਾਨ ਸਰਹੱਦ ’ਤੇ ਤਣਾਅ ਘੱਟ ਕਰਨ ਲਈ ਭਾਰਤ ਤੇ ਪਾਕਿਸਤਾਨ ਦੇ ਸੀਨੀਅਰ ਸੈਨਾ ਅਧਿਕਾਰੀਆਂ ਨੇ ਅੱਜ ਹੌਟਲਾਈਨ ’ਤੇ ਗੱਲਬਾਤ ਕੀਤੀ। ਇਸ ਦੇ ਨਾਲ ਪਾਕਿਸਤਾਨ ਵੱਲੋਂ ਭਾਰਤੀ ਚੌਕੀਆਂ ’ਤੇ ਦੋ ਵਾਰ ਫਾਇਰਿੰਗ ਤੇ ਗੋਲੀਬੰਦੀ ਦੀ ਉਲੰਘਣਾ ਦੀਆਂ ਖ਼ਬਰਾਂ ਵੀ ਆਈਆਂ। ਇਨ੍ਹਾਂ ਹਾਲਾਤ ਵਿੱਚ ਹੀ ਡਾਇਰੈਕਟੋਰੇਟ ਜਨਰਲ ਆਫ ਮਿਲਟਰੀ ਅਪਰੇਸ਼ਨ ਆਫ ਇੰਡੀਆ ਤੇ ਪਾਕਿਸਤਾਨ ਦੇ ਅਧਿਕਾਰੀਆਂ ਵਿਚਾਲੇ ਹੌਟਲਾਈਨ ’ਤੇ ਹੋਈ ਗੱਲਬਾਤ ਹੋਈ ਅਤੇ ਸਰਹੱਦ ’ਤੇ ਬਣੀ ਸਥਿਤੀ ਵਿਚਾਰੀ ਗਈ।
ਸਮਝਿਆ ਜਾ ਰਿਹਾ ਹੈ ਕਿ ਭਾਰਤੀ ਅਧਿਕਾਰੀਆਂ ਨੇ ਆਪਣੇ ਪਾਕਿਸਤਾਨੀ ਹਮਰੁਤਬਾ ਅਧਿਕਾਰੀਆਂ ਕੋਲ ਗੁਆਂਢੀ ਮੁਲਕ ਦੀ ਸੈਨਾ ਵੱਲੋਂ ਲਗਾਤਾਰ ਗੋਲੀਬੰਦੀ ਦੀ ਹੋ ਰਹੀ ਉਲੰਘਣਾ ਬਾਰੇ ਰੋਸ ਪ੍ਰਗਟ ਕੀਤਾ ਹੈ। ਭਾਰਤ ਵੱਲੋਂ ਦੋਸ਼ ਲਾਏ ਜਾ ਰਹੇ ਹਨ ਕਿ ਪਿਛਲੇ 15 ਦਿਨਾਂ ਤੋਂ ਹੋ ਰਹੀ ਗੋਲੀਬੰਦੀ ਦੀ ਉਲੰਘਣਾ ਦਾ ਸਿਲਸਿਲਾ ਪਾਕਿਸਤਾਨ ਵੱਲੋਂ ਛੇੜਿਆ ਗਿਆ ਹੈ। ਪਾਕਿਸਤਾਨ ਇਹਦੇ ਐਨ ਉਲਟ ਦਾਅਵੇ ਕਰਦਾ ਆ ਰਿਹਾ ਹੈ। ਇਸੇ ਆਧਾਰ ’ਤੇ ਸੰਯੁਕਤ ਰਾਸ਼ਟਰ ਕੋਲ਼ ਭਾਰਤ ਦੀ ਸ਼ਿਕਾਇਤ ਕੀਤੀ ਗਈ ਸੀ।
ਜ਼ਰਦਾਰੀ ਭਾਰਤ ਵਿਰੋਧ ਲਈ ਬਿਲਾਵਲ ਦੇ ਰਾਹ ਤੁਰੇ
ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਕਿਹਾ ਹੈ ਕਿ ਕਸ਼ਮੀਰ ‘ਪਾਕਿਸਤਾਨ ਲਈ ਸ਼ਾਹਰਾਹ’ ਹੈ ਅਤੇ ਉਨ੍ਹਾਂ ਦੀ ਪਾਰਟੀ ਇਹ ਮਸਲਾ ਕੌਮਾਂਤਰੀ ਪੱਧਰ ’ਤੇ ਉਠਾਏਗੀ। ਯਾਦ ਰਹੇ ਕਿ ਪਹਿਲਾਂ ਉਨ੍ਹਾਂ ਦੇ ਪੁੱਤਰ ਅਤੇ ਪਾਕਿਸਤਾਨ ਪੀਪਲਜ਼ ਪਾਰਟੀ (ਪੀ ਪੀ ਪੀ) ਦੇ ਆਗੂ ਬਿਲਾਵਲ ਭੁੱਟੋ ਨੇ ਵੀ ਇਹੀ ਬਿਆਨ ਦਿੱਤਾ ਸੀ। ਜ਼ਰਦਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਾਰਟੀ ਦੀ ਨੀਂਹ ਕਸ਼ਮੀਰ ਹੀ ਹੈ।